ਚੰਡੀਗੜ੍ਹ: ਹਿੰਦੀ ਸਿਨੇਮਾ ਨਿਰਦੇਸ਼ਕ ਆਦਿਤਿਆ ਧਰ ਦੀ ਬਲਾਕ-ਬਸਟਰ ‘ਧੁਰੰਧਰ 2’ ਦੀ ਸ਼ਾਨਦਾਰ ਸਫ਼ਲਤਾ ਨੇ ਪੰਜਾਬ ਅਤੇ ਪੰਜਾਬੀ ਸਿਨੇਮਾ ਨਾਲ ਜੁੜੀਆ ਕਈ ਪ੍ਰਤਿਭਾਵਾਂ ਲਈ ਨਵੇਂ ਰਾਹ ਖੋਲ੍ਹਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚ ਪੰਜਾਬੀ ਨੌਜਵਾਨ ਬਲਵਿੰਦਰ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਵੱਲੋਂ ਇਸ ਫ਼ਿਲਮ ਦੇ ਲੀਡ ਅਦਾਕਾਰ ਰਣਵੀਰ ਸਿੰਘ ਸਮੇਤ ਕਈ ਹੋਰ ਕਲਾਕਾਰਾਂ ਲਈ ਸਜਾਈਆਂ ਗਈਆਂ ਦਸਤਾਰਾਂ ਨੂੰ ਸਰਾਹਿਆ ਜਾ ਰਿਹਾ ਹੈ।
ਇਤਿਹਾਸਿਕ ਅਤੇ ਧਾਰਮਿਕ ਨਗਰੀ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਇਸ ਹੋਣਹਾਰ ਨੌਜਵਾਨ ਮੁਤਾਬਿਕ ਰਣਵੀਰ ਸਿੰਘ ਵੱਲੋਂ ਫਿਲਮ ਵਿੱਚ ਜਸਕੀਰਤ ਦੇ ਰੂਪ ਵਿੱਚ ਜੋ ਦਸਤਾਰ ਪਹਿਨੀ ਗਈ ਸੀ, ਸਿਰਫ਼ ਉਹ ਹੀ ਨਹੀਂ ਸਗੋਂ ਇੱਕ ਪੱਗ ਟ੍ਰੇਨਰ ਦੇ ਤੌਰ ‘ਤੇ ਵੀ ਉਸ ਨੇ ਬਾਕੀ ਸਾਰੇ ਕਿਰਦਾਰਾਂ ਲਈ ਪੱਗਾਂ ਬੰਨ੍ਹੀਆਂ ਸੀ। ਬਾਲੀਵੁੱਡ ਗਲਿਆਰਿਆ ਵਿੱਚ ਪ੍ਰਸ਼ੰਸਾਂ ਹਾਸਿਲ ਕਰਨ ਵਾਲੇ ਇਸ ਨੌਜਵਾਨ ਨੇ ਦੱਸਿਆ ਕਿ ਇਸ ਫ਼ਿਲਮ ਦੇ ਵੱਖ-ਵੱਖ ਕਿਰਦਾਰਾਂ ਲਈ ਅਫ਼ਗਾਨੀ ਸ਼ੈਲੀ ਅਤੇ ਬਲੋਚ ਸ਼ੈਲੀ ਦੀਆਂ ਪੱਗਾਂ ਵੀ ਉਸ ਨੇ ਬੰਨ੍ਹੀਆਂ ਅਤੇ ਬਾਅਦ ਵਿੱਚ ਰਣਵੀਰ ਸਿੰਘ ਲਈ ਸਿੱਖ ਦਸਤਾਰ, ਅਤੀਕ ਦੇ ਕਿਰਦਾਰ ਲਈ ਫ੍ਰੀ ਸਟਾਈਲ ਪੱਗ ਅਤੇ ਪਿੰਦਾ ਅਤੇ ਹੋਰ ਕਿਰਦਾਰਾਂ ਲਈ ਪੰਜਾਬੀ ਸ਼ੈਲੀ ਦਾ ਸਾਫ਼ਾ ਵੀ ਬੰਨ੍ਹਿਆ।
ਬਲਵਿੰਦਰ ਕੋਟ ਖਾਲਸਾ ਵਿਖੇ ਆਪਣਾ ਪੱਗ ਸਟੂਡੀਓ ਇੰਦਰ ਪਗੜੀ ਹਾਊਸ ਚਲਾਉਂਦਾ ਹੈ। ਉਨ੍ਹਾਂ ਨੇ ਇਸ ਫ਼ਿਲਮ ਨਾਲ ਜੁੜੀਆ ਕੁਝ ਖਾਸ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਦੇ ਨਿਰਮਾਤਾਵਾਂ ਦੁਆਰਾ ਅਪਰੋਚ ਕੀਤੇ ਜਾਣ ਤੋਂ ਪਹਿਲਾਂ ਉਹ ਦਿੱਗਜ ਅਦਾਕਾਰ ਅਨੁਪਮ ਖੇਰ ਨਾਲ ਵੀ ਉਨ੍ਹਾਂ ਦੀ ਇੰਟਰਨੈਸ਼ਨਲ ਫ਼ਿਲਮ ‘ਕੈਲੇਰੀ’ ਲਈ ਕੰਮ ਕਰ ਚੁੱਕਾ ਹੈ, ਜਿਸ ਵਿੱਚ ਉਸ ਵੱਲੋਂ ਸਜਾਈ ਗਈ ਦਸਤਾਰ ਨੂੰ ਕਾਫ਼ੀ ਸਰਾਹਿਆ ਗਿਆ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਫਿਲਮਕਾਰ ਆਦਿਤਿਆ ਧਰ ਇਸ ਗੱਲ ਤੋਂ ਪ੍ਰਭਾਵਿਤ ਹੋਏ ਕਿ ਮੈਂ ਫਿਲਮ ਵਿੱਚ ਰਣਵੀਰ ਦੇ ਕਿਰਦਾਰ ਦੁਆਰਾ ਪਹਿਨੀ ਗਈ ਪੰਜਾਬੀ ਦਸਤਾਰ ਨੂੰ ਬਹੁਤ ਹੀ ਸੋਹਣੇ ਰੂਪ ਵਿੱਚ ਬੰਨ੍ਹਿਆ।
ਨਿੱਕੀ ਉਮਰੇ ਵੱਡੀਆ ਪ੍ਰਾਪਤੀਆਂ ਵੱਲ ਵਧੇ ਇਸ ਨੌਜਵਾਨ ਨੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਦਸਤਾਰ ਦੀ ਮਰਿਆਦਾ ਅਤੇ ਸਤਿਕਾਰ ਨੂੰ ਬਹਾਲ ਰੱਖਣ ਲਈ ਵੀ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ, ਕਿਉਂਕਿ ਮੈਨੂੰ ਅਜਿਹਾ ਮਹਿਸੂਸ ਹੁੰਦਾ ਰਿਹਾ ਹੈ ਕਿ ਪਹਿਲਾਂ ਬਾਲੀਵੁੱਡ ਫਿਲਮਾਂ ਦਸਤਾਰ ਨੂੰ ਪ੍ਰਮਾਣਿਕ ਤਰੀਕੇ ਨਾਲ ਅਤੇ ਸਤਿਕਾਰ ਨਾਲ ਨਹੀਂ ਦਿਖਾਉਂਦੀਆਂ ਸਨ। ਫਿਲਮ ‘ਤੇ ਕੰਮ ਕਰਦੇ ਸਮੇਂ ਮੈਂ ਅਪਣੀ ਟੀਮ ਨੂੰ ਕਿਹਾ ਕਿ ਅਸੀਂ ਦਸਤਾਰ ਦੀ ਮਰਯਾਦਾ ਦੀ ਪੂਰੀ ਪਾਲਣਾ ਕਰਾਂਗੇ। ਜਦੋ ਅਸੀਂ ਦਸਤਾਰ ਬੰਨ੍ਹਦੇ ਸੀ ਤਾਂ ਦ੍ਰਿਸ਼ਾਂ ਤੋਂ ਬਾਅਦ ਇਨ੍ਹਾਂ ਨੂੰ ਸਤਿਕਾਰ ਸਹਿਤ ਖੋਲ੍ਹਦੇ ਸੀ ਅਤੇ ਇਸਦੀ ਮਰਯਾਦਾ ਨੂੰ ਯਕੀਨੀ ਬਣਾਉਣ ਲਈ ਇਸਨੂੰ ਇੱਕ ਖਾਸ ਪਾਸੇ ਰੱਖਦੇ ਸੀ, ਕਿਉਕਿ ਇਹ ਇੱਕ ਫੈਸ਼ਨ ਸਹਾਇਕ ਉਪਕਰਣ ਨਹੀਂ ਹੈ ਸਗੋਂ ਇਹ ਸਾਡੇ ਲਈ ਬਹੁਤ ਪਵਿੱਤਰ ਹੈ।
ਉਨ੍ਹਾਂ ਨੇ ਰਣਵੀਰ ਸਿੰਘ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਰਣਵੀਰ ਸਿੰਘ ਨੇ ਦਸਤਾਰ ਪਹਿਨਦੇ ਸਮੇਂ ਹਮੇਸ਼ਾ ਸਿੱਖ ਸਿਧਾਤਾਂ ਦਾ ਪੂਰਾ ਧਿਆਨ ਰੱਖਿਆ ਹੈ। ਆਪਣੀ ਕਲਾ ਦਾ ਲੋਹਾ ਮੰਨਵਾਉਣ ਵਾਲੇ ਬਲਵਿੰਦਰ ਅਨੁਸਾਰ, ਇਹ ਫ਼ਿਲਮ ਉਸ ਲਈ ਆਪਣੇ ਪ੍ਰੋਮੋਸ਼ਨ ਪੱਖੋ ਕਾਫ਼ੀ ਕੁਝ ਹੋਰ ਸਿੱਖਣ ਦਾ ਤਜਰਬਾ ਰਹੀ, ਕਿਉਂਕਿ ਇਸ ਤੋਂ ਪਹਿਲਾ ਮੈਨੂੰ ਨਹੀਂ ਪਤਾ ਸੀ ਕਿ ਬਲੋਚ ਸ਼ੈਲੀ ਦੀ ਪੱਗ ਕਿਵੇਂ ਬੰਨ੍ਹਣੀ ਹੈ। ਇਸ ਵਿੱਚ 16-17 ਮੀਟਰ ਵਾਲੇ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਲਈ ਬਹੁਤ ਸਾਰੇ ਖਾਸ ਫੋਲਡ ਅਤੇ ਟਾਈ ਦੀ ਲੋੜ ਹੁੰਦੀ ਹੈ। ਮੈਨੂੰ ਫੋਟੋਆਂ ਅਤੇ ਵੀਡੀਓ ਦਿਖਾਏ ਗਏ, ਜਿਸ ਤੋਂ ਬਾਅਦ ਮੈਂ ਫ੍ਰੀਸਟਾਈਲ ਬਲੋਚ ਪੱਗਾਂ ਬੰਨ੍ਹਣਾ ਸਿੱਖਿਆ।