
ਚੰਡੀਗੜ੍ਹ, 29 ਅਕਤੂਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਆਧੁਨਿਕ ਅਤੇ ਉੱਨਤ ਤਕਨੀਕ ਦੇ ਨਾਲ-ਨਾਲ ਬਿਹਤਰੀਨ ਬੀਜ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੂਬੇ ਦੇ ਆਲੂ ਉਤਪਾਦਕ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਆਲੂ ਦੇ ਬੀਜ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਆਮਦਨ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਸ੍ਰੀ ਰਾਣਾ ਨੇ ਦੱਸਿਆ ਕਿ ਇਸ ਦਿਸ਼ਾ ਵਿੱਚ ਕਦਮ ਚੁੱਕਦਿਆਂ ਸੂਬਾ ਸਰਕਾਰ ਵੱਲੋਂ ਆਲੂ ਤਕਨਾਲੋਜੀ ਕੇਂਦਰ, ਸ਼ਾਮਗੜ੍ਹ, ਕਰਨਾਲ ਵਿਖੇ ਆਲੂ ਦੀਆਂ ਵੱਖ-ਵੱਖ ਕਿਸਮਾਂ ਦੇ ਬੀਜ ਉਪਲਬਧ ਕਰਵਾ ਦਿੱਤੇ ਗਏ ਹਨ, ਤਾਂ ਜੋ ਕਿਸਾਨ ਆਪਣੀ ਆਲੂ ਦੀ ਫ਼ਸਲ ਦਾ ਚੰਗਾ ਮੁੱਲ ਪ੍ਰਾਪਤ ਕਰ ਸਕਣ।
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦੇ ਪੋਰਟਲ (nursery.hortharyana.gov.in ਜਾਂ Hortsalenet Portal) ’ਤੇ ਜਾ ਕੇ ਆਪਣੀ ਲੋੜ ਅਨੁਸਾਰ ਆਲੂ ਦੇ ਬੀਜ ਦੀ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ। ਆਲੂ ਤਕਨਾਲੋਜੀ ਕੇਂਦਰ, ਸ਼ਾਮਗੜ੍ਹ ਵਿਖੇ ਉਪਲਬਧ ਬੀਜਾਂ ਦੀਆਂ ਕਿਸਮਾਂ, ਕਲਾਸ ਅਤੇ ਆਕਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਵਿੱਚ K. Pukhraj ਕਿਸਮ (ਕਲਾਸ: Early Generation Seed – Year-3) ਦਾ 1097.5 ਕੁਇੰਟਲ ਬੀਜ ਉਪਲਬਧ ਹੈ, ਜਦਕਿ K. Frysona ਕਿਸਮ (ਕਲਾਸ: PTCMT) ਦੇ 38000 ਨਗ ਉਪਲਬਧ ਹਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਇਨ੍ਹਾਂ ਉੱਨਤ ਬੀਜਾਂ ਦੀ ਬੁਕਿੰਗ ਕਰਵਾ ਲੈਣ।