Thursday, October 29
Shadow

ਹਰਿਆਣਾ ਦੇ ਰਾਜਪਾਲ ਨੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਦਾ ਦਿੱਤਾ ਸੱਦਾ

ਚੰਡੀਗੜ੍ਹ, 29 ਅਕਤੂਬਰ – ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕੁਰੂਕਸ਼ੇਤਰ ਵਿਕਾਸ ਬੋਰਡ ਦੀ ਪ੍ਰਬੰਧਕੀ ਸਭਾ ਦੀ 83ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਿਛਲੇ ਸਾਲ ਆਯੋਜਿਤ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੌਰਾਨ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹੋਤਸਵ ਨੂੰ ਹੋਰ ਸੁਚਾਰੂ ਬਣਾਉਣ ਅਤੇ ਸ਼ਰਧਾਲੂਆਂ ਤੇ ਸੈਲਾਨੀਆਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾਣੇ ਚਾਹੀਦੇ ਹਨ।

ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ, ਸੰਸਦ ਮੈਂਬਰ ਸ਼੍ਰੀ ਨਵੀਨ ਜਿੰਦਲ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਵਿਧਾਇਕ ਸ਼੍ਰੀ ਅਸ਼ੋਕ ਅਰੋੜਾ, ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਰਾਜਪਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਪਹੁੰਚਦੇ ਹਨ। ਅਜਿਹੇ ਵਿੱਚ ਉਨ੍ਹਾਂ ਦੀ ਸਹੂਲਤ ਲਈ ਆਵਾਜਾਈ ਸੇਵਾਵਾਂ ਅਤੇ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਨ੍ਹਾਂ ਮੇਲਾ ਖੇਤਰ ਤੱਕ ਪਹੁੰਚ ਨੂੰ ਆਸਾਨ ਬਣਾਉਣ, ਬੱਸ ਸੇਵਾਵਾਂ ਦਾ ਵਿਸਤਾਰ ਕਰਨ ਅਤੇ ਮੇਲੇ ਦੌਰਾਨ ਬਿਹਤਰ ਆਵਾਜਾਈ ਸਹੂਲਤਾਂ ਉਪਲਬਧ ਕਰਵਾਉਣ ‘ਤੇ ਜ਼ੋਰ ਦਿੱਤਾ, ਤਾਂ ਜੋ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਅਤੇ ਉਹ ਮਹੋਤਸਵ ਦਾ ਪੂਰਾ ਆਨੰਦ ਲੈ ਸਕਣ।

ਪ੍ਰੋ. ਅਸੀਮ ਕੁਮਾਰ ਘੋਸ਼ ਨੇ ਬੋਰਡ ਦੇ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਇਹਨਾਂ ਪ੍ਰਬੰਧਾਂ ਨੂੰ ਪਹਿਲ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਬਿਹਤਰ ਯੋਜਨਾਬੰਦੀ, ਸਾਂਝੇ ਯਤਨਾਂ ਅਤੇ ਪ੍ਰਬੰਧਾਂ ਵਿੱਚ ਨਿਰੰਤਰ ਸੁਧਾਰ ਰਾਹੀਂ ਇਸ ਸਾਲ ਅੰਤਰਰਾਸ਼ਟਰੀ ਗੀਤਾ ਮਹੋਤਸਵ ਨੂੰ ਹੋਰ ਵੀ ਭਵਯ, ਸੁਚਾਰੂ ਅਤੇ ਆਉਣ ਵਾਲਿਆਂ ਲਈ ਸੁਵਿਧਾਜਨਕ ਬਣਾਇਆ ਜਾਵੇਗਾ।

ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਅਤੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ‘ਡਿਜੀਟਲ ਹੈਰੀਟੇਜ ਐਪ’ ਅਤੇ ‘ਕੁਰੂਕਸ਼ੇਤਰ ਸਾਰਥੀ ਮੋਬਾਈਲ ਐਪ’ ਦੀ ਵੀ ਸ਼ੁਰੂਆਤ ਕੀਤੀ।

ਮੁੱਖ ਮੰਤਰੀ ਦੇ ਪ੍ਰਮੁੱਖ ਐਲਾਨ ਅਤੇ ਨਿਰਦੇਸ਼

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਜਯੰਤੀ ਸਮਾਰੋਹ 5 ਤੋਂ 25 ਦਸੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਅਨੇਕਾਂ ਧਾਰਮਿਕ, ਆਧਿਆਤਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਜਾਣਗੇ। ਲੋਕਾਂ ਨੂੰ ਜਾਗਰੂਕ ਕਰਨ ਲਈ 2 ਦਸੰਬਰ ਨੂੰ ਯਾਤਰਾ ਸ਼ੁਰੂ ਕੀਤੀ ਜਾਵੇਗੀ, ਜੋ 48 ਕੋਸ ਦੇ ਖੇਤਰ ਵਿੱਚ ਸਥਿਤ 182 ਤੀਰਥ ਸਥਾਨਾਂ ‘ਤੇ ਜਾਵੇਗੀ। ਇਸ ਤੋਂ ਇਲਾਵਾ 4 ਦਸੰਬਰ ਨੂੰ ਪਿਪਲੀ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ। ਭਾਗਵਤ ਕਥਾ, ਗੀਤਾ ਸੰਮੇਲਨਾਂ ਤੋਂ ਇਲਾਵਾ ਹਰਿਆਣਾ ਦੇ ਗਠਨ ਦੇ 60 ਸਾਲ ਪੂਰੇ ਹੋਣ ‘ਤੇ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਸਿੱਖਿਆ ਸ਼ਾਸਤਰੀਆਂ ਦੇ ਆਯੋਜਨਾਂ ਤੋਂ ਇਲਾਵਾ ਯੂਥ ਨੂੰ ਸੰਸਕਾਰਵਾਨ ਅਤੇ ਚਰਿੱਤਰਵਾਨ ਬਣਾਉਣ ਲਈ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਪੱਛਮੀ ਬੰਗਾਲ ਅਤੇ ਦਿੱਲੀ ਪਾਰਟਨਰ ਸਟੇਟ ਵਜੋਂ ਭਾਗ ਲੈ ਰਹੇ ਹਨ। ਅੰਤਰਰਾਸ਼ਟਰੀ ਗੀਤਾ ਜਯੰਤੀ ‘ਤੇ ਲਗਾਈ ਜਾਣ ਵਾਲੀ ਪ੍ਰਦਰਸ਼ਨੀ ਵਿੱਚ ਇਸਰੋ, ਨੌਸੈਨਾ, ਵਾਯੂਸੈਨਾ ਅਤੇ ਆਈ.ਸੀ.ਸੀ.ਆਰ. ਵੀ ਹਿੱਸਾ ਲੈਣਗੇ। ਇਸ ਦੌਰਾਨ ਸ਼ਿਲਪਕਾਰ ਅਤੇ ਗੀਤਾ ਪੁਸਤਕ ਮੇਲਾ ਵੀ ਲਗਾਇਆ ਜਾਵੇਗਾ, ਜਿਸ ਵਿੱਚ ਵਿਸ਼ਵ ਪੱਧਰੀ ਸ਼ਿਲਪਕਾਰ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ 18 ਤੋਂ 20 ਦਸੰਬਰ ਤੱਕ ਗੀਤਾ ਜਯੰਤੀ ਸਮਾਰੋਹ ਆਯੋਜਿਤ ਕੀਤੇ ਜਾਣਗੇ। ਇਸ ਦੌਰਾਨ ਸੂਬੇ ਦੇ ਹਰ ਪਿੰਡ ਦੇ ਮੰਦਰ ਵਿੱਚ ਗੀਤਾ ਪਾਠ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਦੇ ਸਾਰੇ ਕੇਂਦਰੀ ਵਿਦਿਆਲਿਆਂ ਅਤੇ ਜਵਾਹਰ ਨਵੋਦਿਆ ਵਿਦਿਆਲਿਆਂ ਵਿੱਚ ਵੀ ਵਿਦਿਆਰਥੀਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ।

ਮੁੱਖ ਮੰਤਰੀ ਨੇ ਅਧੂਰੇ/ਬਕਾਇਆ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਅਤੇ ਮੁੱਖ ਮੰਤਰੀ ਦੇ ਓ.ਐੱਸ.ਡੀ. ਸ਼੍ਰੀ ਬੀ.ਬੀ. ਭਾਰਤੀ ਦੀ ਇੱਕ ਸਾਂਝੀ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਹ ਕਮੇਟੀ ਇਹਨਾਂ ਕੰਮਾਂ ਦੀ ਜਾਂਚ ਅਤੇ ਆਡਿਟ ਕਰਕੇ ਰਿਪੋਰਟ ਪੇਸ਼ ਕਰੇਗੀ ਅਤੇ ਰਿਪੋਰਟ ਵਿਚ ਪਾਏ ਗਏ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਵੱਖ-ਵੱਖ ਵਿਭਾਗਾਂ ਦੀ ਬਜਾਏ ਕੇ.ਡੀ.ਬੀ. ਦੁਆਰਾ ਹੀ ਕੰਮ ਕਰਵਾਏ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸਰਸਵਤੀ ਤੀਰਥ ਪਿਹੋਵਾ ਦਾ ਮਾਸਟਰ ਪਲਾਨ ਤਿਆਰ ਕਰ ਲਿਆ ਗਿਆ ਹੈ। ਇਸ ਦੇ ਦੋ ਕਿਲੋਮੀਟਰ ਤੋਂ ਵੱਧ ਖੇਤਰ ਦੀ ਪਰਿਕਰਮਾ ਬਣਾਈ ਜਾਵੇਗੀ। ਕੁਰੂਕਸ਼ੇਤਰ ਦੇ 11 ਚੌਕਾਂ ਦਾ ਨਵੀਨੀਕਰਨ ਕਰਕੇ ਸੁੰਦਰ ਅਤੇ ਭਵਯ ਬਣਾਇਆ ਜਾਵੇਗਾ। ਇਹਨਾਂ ਦੇ ਟੈਂਡਰ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 12 ਹੋਰ ਸਥਾਨਾਂ ਦਾ ਸਰਵੇ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਬੋਰਡ ਦੇ ਤੀਰਥ ਸਥਾਨਾਂ ਦੀ ਗਿਣਤੀ ਵਧ ਕੇ 194 ਹੋ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਜਯੰਤੀ ਤੋਂ ਪਹਿਲਾਂ ਕੇ.ਡੀ.ਬੀ. ਖੇਤਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਰੱਖਣ ਲਈ ਇੱਕ ਮਹੀਨੇ ਦੀ ਸਫ਼ਾਈ ਮੁਹਿੰਮ ਚਲਾਈ ਜਾਵੇ ਅਤੇ ਵੱਖ-ਵੱਖ ਥਾਵਾਂ ‘ਤੇ ਡਸਟਬਿਨ/ਸਫ਼ਾਈ ਬਾਕਸ ਰੱਖੇ ਜਾਣ। ਇਸ ਲਈ ਇੱਕ ਵਿਸ਼ੇਸ਼ ਸਫ਼ਾਈ ਫੋਰਸ ਤਿਆਰ ਕੀਤੀ ਜਾਵੇ। ਸਾਰੇ ਤੀਰਥ ਸਥਾਨਾਂ ‘ਤੇ ਰੋਜ਼ਾਨਾ ਆਧਿਆਤਮਿਕ ਗਤੀਵਿਧੀਆਂ ਚਲਾਈਆਂ ਜਾਣ। ਬਿਹਤਰ ਪ੍ਰਦਰਸ਼ਨ ਕਰਨ ਵਾਲੇ ਤੀਰਥ ਸਥਾਨ ਨੂੰ ਗੀਤਾ ਜਯੰਤੀ ‘ਤੇ ਸਨਮਾਨਿਤ ਕਰਨ ਦੇ ਨਾਲ ਨਕਦ ਇਨਾਮ ਵੀ ਦਿੱਤਾ ਜਾਵੇਗਾ। ਕੇ.ਡੀ.ਬੀ. ਦੀ ਹਰ ਤਿੰਨ ਮਹੀਨਿਆਂ ਬਾਅਦ ਮੀਟਿੰਗ ਕਰਕੇ ਵਿਕਾਸ ਕਾਰਜਾਂ ਦੀ ਨਿਗਰਾਨੀ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਕੇ.ਡੀ.ਬੀ. ਦੇ ਨਾਲ ਤੀਰਥ ਸਥਾਨਾਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇ। ਇਸ ਲਈ ਸਾਰੇ ਛੱਪੜਾਂ/ਟੋਭਿਆਂ ਦਾ ਸੁੰਦਰੀਕਰਨ ਅਤੇ ਨਵੀਨੀਕਰਨ ਕੀਤਾ ਜਾਵੇਗਾ। ਇਸ ਵਿੱਚ ਛੱਪੜਾਂ ਦੀ ਚਾਰਦੀਵਾਰੀ, ਫੁੱਟਪਾਥ ਅਤੇ ਲਾਈਟਿੰਗ ਆਦਿ ਦੀ ਸੁੰਦਰ ਵਿਵਸਥਾ ਕੀਤੀ ਜਾਵੇਗੀ। ਸਾਰੇ ਤੀਰਥ ਸਥਾਨਾਂ ਦੀ ਜੀਓ-ਫੈਂਸਿੰਗ  ਕਰਨ ਦੇ ਨਾਲ ਹੀ ਉਨ੍ਹਾਂ ‘ਤੇ ਛਾਂਦਾਰ ਰੁੱਖ ਲਗਾਏ ਜਾਣ। ਇਹਨਾਂ ਸਥਾਨਾਂ ‘ਤੇ ਸ਼ਰਧਾਲੂਆਂ ਦੇ ਬੈਠਣ ਲਈ ਹਾਲ ਬਣਾਉਣ ਲਈ ਵੀ ਪ੍ਰਸਤਾਵ ਤਿਆਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਜਯੰਤੀ ਨਾਲ ਕੁਰੂਕਸ਼ੇਤਰ ਦੀ ਵਿਸ਼ਵ ਪੱਧਰ ‘ਤੇ ਪਛਾਣ ਬਣੀ ਹੈ। ਇਸ ਲਈ ਕੁਰੂਕਸ਼ੇਤਰ ਦਾ ਚਹੁੰਮੁਖੀ ਅਤੇ ਸਰਬਪੱਖੀ ਵਿਕਾਸ ਕੀਤਾ ਜਾਵੇਗਾ।

ਕੇ.ਡੀ.ਬੀ. ਦੇ ਮੈਂਬਰ ਸਕੱਤਰ ਡਾ. ਅਮਿਤ ਅਗਰਵਾਲ ਨੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਨੂੰ ਸ਼ਾਨਦਾਰ ਅਤੇ ਯਾਦਗਾਰੀ ਬਣਾਉਣ ਲਈ ਤਿਆਰ ਕੀਤੀਆਂ ਯੋਜਨਾਵਾਂ ਦੀ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ। ਉਨ੍ਹਾਂ ਮਹੋਤਸਵ ਦੇ ਵਿਭਿੰਨ ਪ੍ਰੋਗਰਾਮਾਂ, ਪ੍ਰਬੰਧਾਂ ਅਤੇ ਤਿਆਰੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੋਜਨ ਨੂੰ ਦਿਲ ਖਿੱਚਵੇਂ ਬਣਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਗੀਤਾ ਦੇ ਸੰਦੇਸ਼ ਨਾਲ ਜੋੜਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਮਹੋਤਸਵ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਵਾਉਣ ਦੇ ਨਾਲ-ਨਾਲ ਆਯੋਜਨ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸ਼੍ਰੀ ਸੁਧੀਰ ਰਾਜਪਾਲ, ਸ਼੍ਰੀ ਏ.ਕੇ. ਸਿੰਘ, ਸ਼੍ਰੀ ਵਿਜੇਂਦਰ ਕੁਮਾਰ, ਕਮਿਸ਼ਨਰ ਅਤੇ ਸਕੱਤਰ ਸ਼੍ਰੀ ਕੇ. ਮਕਰੰਦ ਪਾਂਡੁਰੰਗ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਡਾ. ਯਸ਼ਪਾਲ ਯਾਦਵ, ਸ਼੍ਰੀ ਅਜੇ ਕੁਮਾਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਡਾ. ਆਦਿੱਤਿਆ ਦਹੀਆ, ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ਰਾਮ ਮੀਣਾ ਸਮੇਤ ਕੇ.ਡੀ.ਬੀ. ਦੇ ਸਰਕਾਰੀ ਅਤੇ ਗੈਰ-ਸਰਕਾਰੀ ਮੈਂਬਰ ਮੌਜੂਦ ਸਨ।