Thursday, October 29
Shadow

ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਟ੍ਰੋਕ ਤੋਂ ਬਚਾਅ ਲਈ ਬਿਹਤਰ ਇਲਾਜ-ਸਹੂਲਤਾਂ ਉਪਲਬਧ : ਸਿਹਤ ਮੰਤਰੀ ਆਰਤੀ ਸਿੰਘ ਰਾਵ

ਚੰਡੀਗੜ੍ਹ, 29 ਅਕਤੂਬਰ: – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਵ ਨੇ “ਵਿਸ਼ਵ ਸਟ੍ਰੋਕ ਦਿਵਸ” (29 ਅਕਤੂਬਰ 2026) ਦੇ ਮੌਕੇ ‘ਤੇ ਸੂਬਾ ਵਾਸੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਸਟ੍ਰੋਕ (ਦਿਮਾਗੀ ਦੌਰੇ) ਦੇ ਖ਼ਤਰਿਆਂ ਤੋਂ ਮੁਕਤ ਰਿਹਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿਵਲ ਹਸਪਤਾਲਾਂ ਵਿੱਚ ਬਿਹਤਰ ਸਟ੍ਰੋਕ ਕੇਅਰ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਸਟ੍ਰੋਕ ਵਰਗੀ ਐਮਰਜੈਂਸੀ ਸਥਿਤੀ ਵਿੱਚ “ਹਰ ਮਿੰਟ ਜ਼ਰੂਰੀ ਹੁੰਦਾ ਹੈ”, ਇਸ ਲਈ ਸਹੀ ਸਮੇਂ ‘ਤੇ ਇਸ ਦੇ ਲੱਛਣਾਂ ਦੀ ਪਛਾਣ ਕਰਨਾ ਅਤੇ ਤੁਰੰਤ ਇਲਾਜ ਕਰਵਾਉਣਾ ਬਹੁਤ ਮਹੱਤਵਪੂਰਨ ਹੈ।

ਆਰਤੀ ਸਿੰਘ ਰਾਵ ਨੇ ਸਟ੍ਰੋਕ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਲਈ “ਜਲਦੀ ਕਰੋ” (BE FAST)  ਸੂਤਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਅਚਾਨਕ ਸੰਤੁਲਨ ਵਿਗੜਨਾ, ਦੇਖਣ ਵਿੱਚ ਧੁੰਦਲਾਪਣ ਆਉਣਾ, ਚਿਹਰੇ ਦੇ ਇੱਕ ਪਾਸੇ ਅਚਾਨਕ ਕਮਜ਼ੋਰੀ ਜਾਂ ਝੁਕਾਅ ਅਤੇ ਸੁੰਨਪਣ ਆਉਣਾ, ਬਾਂਹ ਵਿੱਚ ਕਮਜ਼ੋਰੀ ਜਾਂ ਸੁੰਨਪਣ ਮਹਿਸੂਸ ਹੋਣਾ, ਜਾਂ ਬੋਲਣ ਵਿੱਚ ਦਿੱਕਤ ਜਾਂ ਅਸਪਸ਼ਟ ਆਵਾਜ਼ ਆਉਣਾ ਵਰਗੀ ਸਮੱਸਿਆ ਮਹਿਸੂਸ ਹੁੰਦੀ ਹੈ, ਤਾਂ ਇਹ ਸਟ੍ਰੋਕ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਬਿਨਾਂ ਸਮਾਂ ਗੁਆਏ (Time – T) ਤੁਰੰਤ ਐਮਰਜੈਂਸੀ ਲਈ 112 ਨੰਬਰ ‘ਤੇ ਕਾਲ ਕਰੋ ਅਤੇ ਮਰੀਜ਼ ਨੂੰ ਨੇੜਲੇ ਜ਼ਿਲ੍ਹਾ ਸਿਵਲ ਹਸਪਤਾਲ ਲੈ ਕੇ ਜਾਓ।

ਇਸ ਦੇ ਨਾਲ ਹੀ ਉਨ੍ਹਾਂ ਨਾਗਰਿਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਵਜ਼ਨ ਨੂੰ ਹਮੇਸ਼ਾ ਕੰਟਰੋਲ ਵਿੱਚ ਰੱਖ ਕੇ ਸਟ੍ਰੋਕ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਸਟ੍ਰੋਕ ਤੋਂ ਬਚਾਅ ਦੇ ਉਪਾਅ ਦੱਸਦਿਆਂ ਲੋਕਾਂ ਨੂੰ ਬਹੁਤ ਜ਼ਿਆਦਾ ਲੂਣ ਅਤੇ ਮਿੱਠੀਆਂ ਚੀਜ਼ਾਂ ਦੀ ਵਰਤੋਂ ਘਟਾਉਣ, ਨਿਯਮਤ ਰੂਪ ਵਿੱਚ ਸਰੀਰਕ ਗਤੀਵਿਧੀਆਂ ਕਰਨ ਅਤੇ ਤੰਬਾਕੂ ਤੇ ਸ਼ਰਾਬ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦੀ ਸਲਾਹ ਦਿੱਤੀ।

ਆਰਤੀ ਸਿੰਘ ਰਾਵ ਨੇ ਦੱਸਿਆ ਕਿ ਸਿਹਤ ਵਿਭਾਗ, ਹਰਿਆਣਾ ਵੱਲੋਂ ਆਮ ਲੋਕਾਂ ਦੀ ਜਾਗਰੂਕਤਾ ਅਤੇ ਸਿਹਤ ਸੁਰੱਖਿਆ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।