Sunday, September 13
Shadow

ਸਿੱਧੂ ਮੂਸੇਵਾਲਾ ਦੇ ਕਰੀਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ

ਬਰਨਾਲਾ: ਐਤਵਾਰ ਸਵੇਰੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਫਰਵਾਹੀ ਪਿੰਡ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਬਦਮਾਸ਼ਾਂ ਨੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰ ਦਿੱਤੀ। ਸਵੇਰੇ 1:33 ਵਜੇ ਦੇ ਕਰੀਬ ਹੋਏ ਇਸ ਹਮਲੇ ਨੇ ਇੱਕ ਵਾਰ ਫਿਰ ਪੰਜਾਬੀ ਸੰਗੀਤ ਉਦਯੋਗ ਅਤੇ ਗੈਂਗਸਟਰਾਂ ਵਿਚਕਾਰ ਵਧ ਰਹੇ ਤਣਾਅ ਨੂੰ ਉਜਾਗਰ ਕੀਤਾ ਹੈ। ਸੀਸੀਟੀਵੀ ਫੁਟੇਜ ਦੇ ਮੁਤਾਬਕ ਤਿੰਨ ਨਕਾਬਪੋਸ਼ ਬਦਮਾਸ਼ ਨੇ ਗਾਇਕ ਦੇ ਘਰ ਦੇ ਬਾਹਰ ਆਏ ਅਤੇ ਪੰਜ ਤੋਂ ਛੇ ਰਾਊਂਡ ਗੋਲੀਆਂ ਚਲਾਈਆਂ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜ ਗਏ।

ਸੀਸੀਟੀਵੀ ‘ਚ ਕੈਦ ਵਾਰਦਾਤ, ਵਾਲ-ਵਾਲ ਬਚਿਆ ਪਰਿਵਾਰ

ਦੱਸ ਦਈਏ ਕਿ ਬਰਨਾਲਾ ਦੇ ਪਿੰਡ ਫਰਵਾਹੀ ਦੇ ਵਿੱਚ ਨਾਮੀ ਗੀਤਕਾਰ ਗੁਲਾਬ ਸਿੰਘ ਸਿੱਧੂ ਦੇ ਘਰ ਦੇ ਉੱਪਰ ਅਣਪਛਾਤਿਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ, ਮੋਟਰਸਾਈਕਲ ‘ਤੇ ਆਏ ਹਮਲਾਵਰਾਂ ਨੇ ਗਲੀ ‘ਚ ਯੂ-ਟਰਨ ਲੈ ਕੇ ਘਰ ‘ਤੇ ਛੇ ਗੋਲੀਆਂ ਚਲਾਈਆਂ। ਇਸ ਵਾਰਦਾਤ ਸਮੇਂ ਗਾਇਕ ਗੁਲਾਬ ਸਿੱਧੂ ਦੇ ਮਾਤਾ-ਪਿਤਾ, ਪਤਨੀ ਅਤੇ ਬੱਚੇ ਘਰ ਵਿੱਚ ਸਨ। ਇਸ ਵਾਰਦਾਤ ਵਿੱਚ ਪਰਿਵਾਰ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਥੇ ਹੀ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਸੀ.ਸੀ.ਟੀ.ਵੀ. ਕੈਮਰੇ, ਮੋਬਾਈਲ ਡਾਟਾ ਖੰਗਾਲਿਆ ਜਾ ਰਿਹਾ ਹੈ ਅਤੇ ਕਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ।

ਪਹਿਲਾਂ ਵੀ ਮਿਲੀਆਂ ਧਮਕੀਆਂ
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਪੀ.ਡੀ. ਸੰਜੀਵ ਗੋਇਲ, ਸੀ.ਆਈ.ਏ. ਇੰਸਪੈਕਟਰ ਬਲਜੀਤ ਸਿੰਘ, ਸਬੰਧਤ ਐਸ.ਐਚ.ਓ. ਅਤੇ ਪੁਲਿਸ ਟੀਮਾਂ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ‘ਵਾਰਦਾਤ ਸਮੇਂ ਗੁਲਾਬ ਸਿੱਧੂ ਖੁਦ ਭਾਰਤ ਤੋਂ ਬਾਹਰ (ਆਊਟ ਆਫ ਇੰਡੀਆ) ਸਨ, ਜਦਕਿ ਘਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਅਤੇ ਬੱਚੇ ਮੌਜੂਦ ਸਨ। ਗਨੀਮਤ ਇਹ ਰਹੀ ਕਿ ਇਸ ਗੋਲੀਬਾਰੀ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ। ਮੌਕੇ ਤੋਂ ਛੇ ਖੋਲ੍ਹ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਮੋਬਾਈਲ ਲੋਕੇਸ਼ਨ ਦਾ ਪਤਾ ਲਗਾਉਣ ਲਈ ਡੰਪ ਡਾਟਾ ਵੀ ਚੁੱਕਿਆ ਜਾ ਰਿਹਾ ਹੈ। ਗੁਲਾਬ ਸਿੱਧੂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਦੋ ਗਨਮੈਨ ਦਿੱਤੇ ਗਏ ਸਨ। ਇਸ ਤੋਂ ਪਹਿਲਾਂ ਵੀ ਧਮਕੀਆਂ ਦੇ ਮਾਮਲੇ ਵਿੱਚ ਕੁਝ ਵਿਅਕਤੀ ਗ੍ਰਿਫ਼ਤਾਰ ਹੋ ਚੁੱਕੇ ਹਨ, ਪਰ ਇਸ ਤਾਜ਼ਾ ਘਟਨਾ ਦੇ ਲਿੰਕ ਪੁਰਾਣੇ ਮਾਮਲਿਆਂ ਨਾਲ ਜੁੜੇ ਹਨ ਜਾਂ ਨਹੀਂ, ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਪੁਲਿਸ ਵੱਲੋਂ ਮਾਮਲੇ ‘ਚ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।’

ਵਿਦੇਸ਼ ‘ਚ ਹੈ ਗੁਲਾਬ ਸਿੱਧੁ

ਹਾਲਾਂਕਿ, ਇਸ ਘਟਨਾ ਸਮੇਂ ਗਾਇਕ ਗੁਲਾਬ ਸਿੱਧੂ ਘਰ ਵਿੱਚ ਮੌਜੂਦ ਨਹੀਂ ਸੀ ਪਰ ਕੁਝ ਸਮਾਂ ਪਹਿਲਾਂ ਵੀ ਗੁਲਾਬ ਸਿੱਧੂ ਨੂੰ ਕੁਝ ਵਿਅਕਤੀਆਂ ਨੇ ਫਿਰੌਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦੇ ਪਰਿਵਾਰ ਮੁਤਾਬਕ ਉਹ ਇਸ ਸਮੇਂ ਸੰਗੀਤਕ ਸ਼ੋਅ ਅਤੇ ਪ੍ਰੋਗਰਾਮਾਂ ਲਈ ਵਿਦੇਸ਼ ਵਿੱਚ ਹੈ।

ਗੁਲਾਬ ਸਿੱਧੂ ਕੌਣ ਹੈ?

ਗੁਲਾਬ ਸਿੱਧੂ ਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ, ਜਿਸਨੇ ‘ਪਾਰਲੇ ਜੀ’, ‘ਇਨਾਫ਼’ ਅਤੇ ’22 22′, ‘ਪੰਛੀ’, ‘ਟੌਰ ਕੱਢ ਦਾ’, ‘ਸਰਦਾਰਨੀ’, ‘ਦਿਲ ਜੱਟ ਦਾ’, ‘ਚਾਦਰਾ’, ‘ਜੱਟ ਦੇ ਇਰਾਦੇ’ ਅਤੇ ‘ਫੋਟੋ ਤੇ ਫਲਾਵਰ’ ਵਰਗੇ ਕਈ ਗੀਤ ਦਿੱਤੇ ਹਨ। ਉਹ ਮਰਹੂਮ ਪੰਜਾਬੀ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੇ ਸਭ ਤੋਂ ਕਰੀਬੀ ਦੋਸਤਾਂ ਵਿੱਚੋਂ ਇੱਕ ਸੀ। ਦੋਵਾਂ ਨੇ ਕਈ ਗੀਤਾਂ ‘ਤੇ ਵੀ ਸਹਿਯੋਗ ਕੀਤਾ ਹੈ।

ਸਿੱਧੁ ਮੂਸੇਵਾਲਾ ਦਾ ਕਰੀਬੀ

ਗੁਲਾਬ ਆਪਣੇ ਸੋਸ਼ਲ ਮੀਡੀਆ ਅਤੇ ਇੰਸਟਾਗ੍ਰਾਮ ਪ੍ਰੋਫਾਈਲ ਤਸਵੀਰ ‘ਤੇ ‘ਜਸਟਿਸ ਫਾਰ ਸਿੱਧੂ ਮੂਸੇਵਾਲਾ’ ਲਿਖ ਕੇ ਆਪਣੇ ਦੋਸਤ ਲਈ ਇਨਸਾਫ਼ ਲਈ ਆਪਣੀ ਆਵਾਜ਼ ਬੁਲੰਦ ਕਰਨਾ ਜਾਰੀ ਰੱਖਦਾ ਹੈ। ਗੁਲਾਬ ਸਿੱਧੂ ਦਾ ਜਨਮ 15 ਅਪ੍ਰੈਲ, 1993 ਨੂੰ ਬਰਨਾਲਾ, ਪੰਜਾਬ ਵਿੱਚ ਹੋਇਆ ਸੀ। ਉਸਦੀ ਬਾਂਹ ‘ਤੇ ਸਿੱਧੂ ਮੂਸੇਵਾਲਾ ਦੇ ਚਿਹਰੇ ਦਾ ਟੈਟੂ ਵੀ ਹੈ।