Thursday, April 16
Shadow

ਰਿਲੀਜ਼ ਲਈ ਤਿਆਰ ਦਿਲਜੀਤ ਦੁਸਾਂਝ ਦੀ ਨਵੀਂ ਫ਼ਿਲਮ, Netflix ‘ਤੇ ਹੋਵੇਗੀ ਸਟ੍ਰੀਮ

Pollywood: ਸਾਲ 2024 ਵਿੱਚ ਸਾਹਮਣੇ ਆਈ ਹਿੰਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਇਕੱਠਿਆ ਬਹੁ-ਪ੍ਰਭਾਵੀ ਹਿੱਸਾ ਰਹੇ ਇਮਤਿਆਜ਼ ਅਲੀ ਅਤੇ ਦਿਲਜੀਤ ਦੁਸਾਂਝ ਆਪਣੀ ਇੱਕ ਹੋਰ ਫ਼ਿਲਮ ‘ਮੈਂ ਵਾਪਸ ਆਉਂਗਾ’ ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਸ ਫਿਲਮ ਨੂੰ ਜਲਦ ਹੀ ਨੈੱਟਫਲਿਕਸ ‘ਤੇ ਰਿਲੀਜ਼ ਕੀਤਾ ਜਾਵੇਗਾ।

‘ਅਪਲਾਜ ਐਟਰਟੇਨਮੈਂਟ ਅਤੇ ਵਿੰਡੋਂ ਸੀਟ ਫਿਲਮਸ’ ਦੇ ਬੈਨਰ ਅਤੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਇਸ ਫ਼ਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਵੱਲੋਂ ਕੀਤਾ ਗਿਆ ਹੈ, ਜੋ ਬਾਲੀਵੁੱਡ ਦੇ ਮੋਹਰੀ ਕਤਾਰ ਅਤੇ ਆਹਲਾ ਫ਼ਿਲਮਕਾਰ ਦੇ ਤੌਰ ‘ਤੇ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ। ਪੰਜਾਬ ਦੇ ਮਲਵਈ ਹਿੱਸਿਆ ਵਿੱਚ ਫਿਲਮਾਂਈ ਗਈ ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਦਿਲਜੀਤ ਦੁਸਾਂਝ, ਨਸੀਰੂਦੀਨ ਸ਼ਾਹ, ਸਰਵਰੀ ਅਤੇ ਵੇਦਾਂਗ ਰਾਣਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸ਼ਵਿੰਦਰ ਮਾਹਲ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕੁਝ ਹੋਰ ਨਾਮਵਰ ਚਿਹਰਿਆ ਨੂੰ ਵੀ ਇਸ ਫਿਲਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਅੰਤਰਾਸ਼ਟਰੀ ਪੱਧਰ ‘ਤੇ ਸਰਾਹੀ ਗਈ ਚਮਕੀਲਾ ਤੋਂ ਬਾਅਦ ਇੱਕ ਵਾਰ ਮੁੜ ਇਮਤਿਆਜ਼ ਅਲੀ ਦੇ ਨਿਰਦੇਸ਼ਨ ਹੇਠ ਬਣੀ ਇੱਕ ਹੋਰ ਫ਼ਿਲਮ ਵਿੱਚ ਦਿਲਜੀਤ ਦੁਸਾਂਝ ਪ੍ਰਭਾਵੀ ਰੋਲ ਅੰਜ਼ਾਮ ਦਿੰਦੇ ਨਜ਼ਰ ਆਉਣਗੇ। ਇਸ ਫਿਲਮ ਰਾਹੀਂ ਅਦਾਕਾਰ ਅਲੱਗ ਅਵਤਾਰ ਦੁਆਰਾ ਦਰਸ਼ਕਾਂ ਅਤੇ ਆਪਣੇ ਚਾਹੁਣ ਵਾਲਿਆਂ ਸਨਮੁੱਖ ਹੋਣਗੇ। ਪੁਰਾਤਨ ਪੰਜਾਬ ਦੇ ਅਸਲ ਰੂਪ ਅਤੇ ਦੇਸੀ ਮਾਹੋਲ ਨੂੰ ਪ੍ਰਤੀਬਿੰਬ ਕਰਦੀ ਇਸ ਫ਼ਿਲਮ ਦਾ ਗੀਤ ਅਤੇ ਸੰਗ਼ੀਤ ਪੱਖ ਵੀ ਬੇਹੱਦ ਆਹਲਾ ਰੱਖਿਆ ਗਿਆ ਹੈ, ਜਿਸ ਵਿੱਚ ਹਿੰਦੀ ਸਿਨੇਮਾ ਦੇ ਚਰਚਿਤ ਚਿਹਰੇ ਵੇਦਾਂਗ ਰਾਣਾ ਅਤੇ ਸ਼ਰਵਰੀ ਵੀ ਪੰਜਾਬੀ ਦ੍ਰਿਸ਼ਾਂਵਲੀ ਨਾਲ ਅੋਤ ਪੋਤ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ।

ਜਿਕਰਯੋਗ ਹੈ ਕਿ ਨਿਰਦੇਸ਼ਕ ਇਮਤਿਆਜ ਅਲੀ ਦੀ ਇਹ ਪੰਜਵੀਂ ਅਤੇ ਇੱਕ ਹੋਰ ਮਹੱਤਵਪੂਰਨ ਅਤੇ ਅਜਿਹੀ ਫ਼ਿਲਮ ਹੈ, ਜਿਸ ਨੂੰ ਉਨ੍ਹਾਂ ਵੱਲੋਂ ਪੰਜਾਬ ਵਿੱਚ ਫਿਲਮਾਂਇਆ ਗਿਆ ਹੈ। ਇਸ ਤੋਂ ਪਹਿਲਾ ਉਹ ‘ਜਬ ਵੀ ਮੇਟ’, ‘ਹਾਈਵੇ’, ‘ਜਬ ਹੈਰੀ ਮਿਟ ਸੇਜਲ’ ਅਤੇ ‘ਚਮਕੀਲਾ’ ਦਾ ਫਿਲਮਾਂਕਣ ਵੀ ਮਲਵਈ ਹਿੱਸਿਆ ਵਿੱਚ ਕਰ ਚੁੱਕੇ ਹਨ।