Thursday, April 16
Shadow

ਟੀ20 ਵਿਸ਼ਵ ਕੱਪ: ਭਾਰਤ ਬਨਾਮ ਇੰਗਲੈਂਡ ਵਿਚਾਲੇ ਸੈਮੀਫਾਈਨਲ, ਨੌਜਵਾਨਾਂ ‘ਚ ਭਾਰੀ ਉਤਸ਼ਾਹ

ਭਾਰਤ ਬਨਾਮ ਇੰਗਲੈਂਡ

ਅੱਜ ਦੇ ਮੈਚ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਲੁਧਿਆਣਾ ‘ਚ ਖਾਸ ਕਰਕੇ ਯਾਰ-ਦੋਸਤ ਇਕੱਠੇ ਹੋ ਕੇ ਮੈਚ ਵੇਖਣ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਦੌਰਾਨ ਅਸੀਂ ਕੁਝ ਨੌਜਵਾਨਾਂ ਨਾਲ ਗੱਲਬਾਤ ਕੀਤੀ, ਜਿਨਾਂ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਭਾਰਤ ਅੱਜ ਇੰਗਲੈਂਡ ਨੂੰ ਮਾਤ ਦੇ ਕੇ ਫਾਈਨਲ ਦੇ ਵਿੱਚ ਨਿਊਜ਼ੀਲੈਂਡ ਦੇ ਨਾਲ ਦੋ-ਦੋ ਹੱਥ ਕਰੇਗਾ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਭਾਰਤ ਹੀ ਵਿਸ਼ਵ ਕੱਪ ਲੈ ਕੇ ਆਵੇਗਾ।

ਭਾਰਤੀ ਪਿੱਚ ਦਾ ਟੀਮ ਨੂੰ ਫਾਇਦਾ

ਨੌਜਵਾਨਾਂ ਨੇ ਕਿਹਾ ਕਿ “ਟੀਮ ਬਹੁਤ ਹੀ ਚੰਗੀ ਹੈ। ਭਾਵੇਂ ਉਹ ਬੱਲੇਬਾਜ਼ੀ ਦੇ ਪੱਖ ਤੋਂ ਹੋਵੇ ਤੇ ਭਾਵੇਂ ਉਹ ਗੇਂਦਬਾਜ਼ੀ ਦੇ ਪੱਖ ਤੋਂ ਹੋਵੇ, ਭਾਰਤੀ ਟੀਮ ਦੇ ਵਿੱਚ ਦਿੱਗਜ ਖਿਡਾਰੀ ਹਨ। ਉਹਨਾਂ ਨੇ ਸਾਰੇ ਵਿਸ਼ਵ ਕੱਪ ਦੇ ਮੈਚ ਵੇਖੇ ਹਨ ਅਤੇ ਅੱਜ ਵਾਲਾ ਮੈਚ ਵੀ ਚੰਗਾ ਹੋਵੇਗਾ। ਇੰਗਲੈਂਡ ਦੀ ਟੀਮ ਵੀ ਕਾਫੀ ਮਜਬੂਤ ਹੈ ਅਤੇ ਆਪਣੇ ਗਰੁੱਪ ਦੇ ਸਾਰੇ ਮੈਚ ਜਿੱਤ ਕੇ ਉਹ ਸੈਮੀਫਾਈਨਲ ਤੱਕ ਪਹੁੰਚੀ ਹੈ ਪਰ ਭਾਰਤ ਦੀ ਪਿੱਚ ਦਾ ਭਾਰਤ ਨੂੰ ਜ਼ਰੂਰ ਫਾਇਦਾ ਹੋਵੇਗਾ।”

ਸੈਮੀਫਾਈਨਲ ਜਿੱਤੇਗੀ ਭਾਰਤੀ ਟੀਮ

ਉਹਨਾਂ ਨੇ ਕਿਹਾ ਕਿ ਅੱਜ ਸ਼ਾਮ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਮੈਚ ਵੇਖ ਰਹੇ ਹਾਂ ਅਤੇ ਪਹਿਲਾਂ ਹੀ ਪਾਰਟੀ ਦੀ ਤਿਆਰੀ ਕਰ ਲਈ ਹੈ। ਉਹਨਾਂ ਕਿਹਾ ਕਿ ਭਾਰਤ ਦੀਆਂ ਪਿੱਚਾਂ ‘ਤੇ ਭਾਰਤ ਨੂੰ ਹਰਾਉਣਾ ਕਾਫੀ ਮੁਸ਼ਕਿਲ ਹੈ। ਹਾਲਾਂਕਿ ਦੱਖਣੀ ਅਫਰੀਕਾ ਨੇ ਜ਼ਰੂਰ ਭਾਰਤ ਨੂੰ ਇੱਕ ਵਾਰੀ ਹਰਾਇਆ ਸੀ, ਪਰ ਹੁਣ ਦੱਖਣੀ ਅਫਰੀਕਾ ਹੀ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀ ਹੈ। ਨਿਊਜ਼ੀਲੈਂਡ ਨੇ ਬੀਤੇ ਦਿਨ ਉਸ ਨੂੰ ਬੁਰੀ ਤਰ੍ਹਾਂ ਮਾਤ ਦੇ ਦਿੱਤੀ ਹੈ ਤੇ ਸਾਨੂੰ ਉਮੀਦ ਹੈ ਕਿ ਫਾਈਨਲ ਮੈਚ ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਕਾਰ ਹੀ ਹੋਵੇਗਾ। ਅੱਜ ਦਾ ਮੈਚ ਦੇਖਣ ਵਾਲਾ ਅਤੇ ਉਤਸ਼ਾਹਿਤ ਹੋਵੇਗਾ ਪਰ ਸਾਡੀਆਂ ਅਰਦਾਸਾਂ ਭਾਰਤੀ ਟੀਮ ਦੇ ਨਾਲ ਹਨ।