Thursday, April 16
Shadow

ਪੰਜਾਬੀ ਫਿਲਮ ‘ਦਸਤਾਰ’ ਦਾ ਅਹਿਮ ਹਿੱਸਾ ਬਣੇ ਦਰਸ਼ਨ ਔਲਖ, ਲੀਡਿੰਗ ਰੋਲ ‘ਚ ਆਉਣਗੇ ਨਜ਼ਰ

ਚੰਡੀਗੜ੍ਹ: ਪੰਜਾਬੀ ਅਤੇ ਹਿੰਦੀ ਫਿਲਮ ਉਦਯੋਗ ਵਿੱਚ ਅਜ਼ੀਮ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਹਨ ਦਰਸ਼ਨ ਔਲਖ, ਜੋ ਲਾਈਨ ਨਿਰਮਾਤਾ ਦੇ ਨਾਲ-ਨਾਲ ਅਦਾਕਾਰ ਦੇ ਤੌਰ ਉਤੇ ਵੀ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਨੂੰ ਆਉਣ ਵਾਲੀ ਪੰਜਾਬੀ ਫਿਲਮ ‘ਦਸਤਾਰ’ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਪੀਰੀਅਡ ਫਿਲਮ ਵਿੱਚ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੰਦੇ ਨਜ਼ਰੀ ਆਉਣਗੇ।

‘ਵਾਈਟ ਹਿੱਲ ਸਟੂਡਿਓਜ’ ਵੱਲੋਂ ਵੱਡੇ ਬਜਟ ਅਧੀਨ ਬਣਾਈ ਜਾ ਰਹੀ ਹੈ ਉਕਤ ਫਿਲਮ, ਜਿਸ ਦਾ ਲੇਖਣ ਧੀਰਜ ਰਤਨ ਅਤੇ ਮਨੀਲਾ ਰਤਨ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਅਮਰ ਹੁੰਦਲ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਸਾਹਮਣੇ ਆਈਆਂ ਕਈ ਬਹੁ-ਚਰਚਿਤ ਅਤੇ ਸਫ਼ਲ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।

ਪੰਜਾਬ ਤੋਂ ਇਲਾਵਾ ਇੰਗਲੈਂਡ ਅਤੇ ਕੈਨੇਡਾ ਵਿਖੇ ਫਿਲਮਾਈ ਗਈ ਹੈ ਉਕਤ ਪ੍ਰਭਾਵਪੂਰਨ ਫਿਲਮ, ਜਿਸ ਵਿੱਚ ਤਰਸੇਮ ਜੱਸੜ ਮੁੱਖ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਕਾਫ਼ੀ ਚੈਲੇਜਿੰਗ ਭੂਮਿਕਾ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ ਦਰਸ਼ਨ ਔਲਖ, ਜੋ ਅਪਣੀ ਇਸ ਨਵੀਂ ਫਿਲਮ ਅਤੇ ਇਸ ਵਿਚਲੇ ਰੋਲ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਵਿਖਾਈ ਦੇ ਰਹੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਵੀ ਬਤੌਰ ਅਦਾਕਾਰ ਬਹੁ-ਪ੍ਰਭਾਵੀ ਹਿੱਸਾ ਰਹੇ ਹਨ ਇਹ ਮੰਝੇ ਹੋਏ ਅਦਾਕਾਰ, ਜੋ ਬਾਲੀਵੁੱਡ ਦੀਆਂ ਕਈ ਵੱਡੀਆਂ ਹਿੰਦੀ ਫਿਲਮਾਂ ਨੂੰ ਲਾਈਨ ਨਿਰਮਾਤਾ ਦੇ ਤੌਰ ਸ਼ਾਨਦਾਰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਵਿੱਚ ‘ਵੀਰ ਜ਼ਾਰਾ’, ‘ਰੱਬ ਨੇ ਬਣਾ ਦੀ ਜੋੜੀ’, ‘ਲੰਦਨ ਡ੍ਰੀਮ’, ‘ਨਮਸਤੇ ਲੰਦਨ’, ‘ਬਜਰੰਗੀ ਭਾਈਜਾਨ’, ‘ਹਾਈਵੇ’, ‘ਸੁਲਤਾਨ’, ‘ਦਿਲ ਬੋਲੇ ਹੱੜਿਪਾ’, ‘ਮੇਰੇ ਬ੍ਰਦਰ ਕੀ ਦੁਲਹਨ’ , ‘ਬੇਸ਼ਰਮ’ ਅਤੇ ‘ਸਲਾਮ ਨਮਸਤੇ’ ਆਦਿ ਸ਼ਾਮਿਲ ਰਹੀਆਂ ਹਨ।

ਓਧਰ ਜੇਕਰ ਉਕਤ ਪੰਜਾਬੀ ਫਿਲਮ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆਂ ਦੀ ਗੱਲ ਕਰੀਏ ਤਾਂ ਇਹ 17 ਅਗਸਤ ਨੂੰ ਵਰਲਡ-ਵਾਈਡ ਪ੍ਰਦਸ਼ਿਤ ਹੋਵੇਗੀ, ਜਿਸ ਦਾ ਨਿਰਮਾਣ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੁਆਰਾ ਕੀਤਾ ਗਿਆ ਹੈ।