ਚੰਡੀਗੜ੍ਹ: ਦੇਵ ਖਰੌੜ ਅਤੇ ਸ਼ਰਨ ਕੌਰ ਸਟਾਰਰ ਪੰਜਾਬੀ ਫਿਲਮ ‘ਮਿੱਟੀ ਦੇ ਪੁੱਤ’ 18 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ, ਜਦਕਿ ਕਈ ਦਰਸ਼ਕ ਫਿਲਮ ਦੀ ਕਹਾਣੀ, ਐਕਟਿੰਗ ਅਤੇ ਡਾਇਰੈਕਸ਼ਨ ਦੀ ਤਾਰੀਫ਼ ਕਰ ਰਹੇ ਹਨ।
ਇਸੇ ਦਰਮਿਆਨ ਫਿਲਮ ਦੇ ਅਦਾਕਾਰ ਦੀਪਕ ਕੰਬੋਜ ਨੇ ਕੁਝ ਨੈਗੇਟਿਵ ਰਿਵਿਊਜ਼ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦਰਅਸਲ, ਸੋਸ਼ਲ ਮੀਡੀਆ ਇੰਫਲੂਐਂਸਰ ਫਰੈਸ਼ੀ ਕਨੈਡੀਅਨ ਵੱਲੋਂ ਫਿਲਮ ਬਾਰੇ ਆਪਣਾ ਰਿਵਿਊ ਸਾਂਝਾ ਕੀਤਾ ਗਿਆ, ਜਿਸ ਦੇ ਜਵਾਬ ਵਿੱਚ ਦੀਪਕ ਕੰਬੋਜ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਫਿਲਮ ਨੂੰ ਲੈ ਕੇ ਆਪਣੇ ਵਿਚਾਰ ਰੱਖੇ।
ਵੀਡੀਓ ਵਿੱਚ ਦੀਪਕ ਕੰਬੋਜ ਦਾ ਕਹਿਣਾ ਹੈ ਕਿ ਕੁਝ ਰਿਵਿਊ ਕਰਨ ਵਾਲੇ ਪਹਿਲਾਂ ਫਿਲਮ ਦੇ ਕਈ ਪੱਖਾਂ ਦੀ ਤਾਰੀਫ਼ ਕਰਦੇ ਹਨ, ਪਰ ਇਸ ਤੋਂ ਬਾਅਦ ਬਿਨਾਂ ਕਿਸੇ ਵਜ੍ਹਾ ਦੇ ਫਿਲਮ ਨੂੰ ਨੈਗੇਟਿਵ ਤਰੀਕੇ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਫਿਲਮ ਸਿਰਫ਼ ਕੁਝ ਦਿਨਾਂ ਵਿੱਚ ਨਹੀਂ ਬਣਦੀ, ਸਗੋਂ ਇਸ ਦੇ ਪਿੱਛੇ ਪੂਰੀ ਟੀਮ ਦੀ ਸਾਲਾਂ ਦੀ ਮਿਹਨਤ ਹੁੰਦੀ ਹੈ।
ਦੀਪਕ ਨੇ ਆਪਣੇ ਵੀਡੀਓ ਵਿੱਚ ਫਿਲਮ ਦੀ ਟੀਮ ਦੀ ਮਿਹਨਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਡਾਇਰੈਕਟਰ ਨੇ ਕਰੀਬ ਇੱਕ ਸਾਲ ਇਸ ਪ੍ਰੋਜੈਕਟ ’ਤੇ ਲਗਾਇਆ, ਜਦਕਿ ਲੇਖਕਾਂ ਨੇ ਵੀ ਕਈ ਸਾਲ ਇਸ ਦੀ ਕਹਾਣੀ ਅਤੇ ਸਕ੍ਰਿਪਟ ’ਤੇ ਕੰਮ ਕੀਤਾ। ਉਨ੍ਹਾਂ ਮੁਤਾਬਕ ਇਹ ਨਵੇਂ ਪ੍ਰੋਡਿਊਸਰ ਦੀ ਪਹਿਲੀ ਫਿਲਮ ਹੈ ਅਤੇ ਟੀਮ ਦੇ ਕਈ ਕਲਾਕਾਰਾਂ ਤੇ ਮੇਕਰਜ਼ ਨੇ ਇਸ ਪ੍ਰੋਜੈਕਟ ਲਈ ਲੰਬਾ ਸੰਘਰਸ਼ ਕੀਤਾ ਹੈ।
ਆਪਣੇ ਤਜ਼ਰਬੇ ਬਾਰੇ ਗੱਲ ਕਰਦਿਆਂ ਦੀਪਕ ਕੰਬੋਜ ਨੇ ਕਿਹਾ ਕਿ ਉਹ ਵੀ ਕਰੀਬ 10 ਸਾਲਾਂ ਦੀ ਮਿਹਨਤ ਅਤੇ ਥੀਏਟਰ ਦੇ ਤਜ਼ਰਬੇ ਤੋਂ ਬਾਅਦ ਪੰਜਾਬੀ ਸਿਨੇਮਾ ਤੱਕ ਪਹੁੰਚੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਦਰਸ਼ਕ ਅਤੇ ਇੰਡਸਟਰੀ ਨਵੇਂ ਕਲਾਕਾਰਾਂ ਅਤੇ ਨਵੇਂ ਮੇਕਰਜ਼ ਨੂੰ ਮੌਕੇ ਦੇਣ ਦੀ ਗੱਲ ਕਰਦੇ ਹਨ, ਤਾਂ ਜਦੋਂ ਅਜਿਹੇ ਕਲਾਕਾਰ ਅਤੇ ਮੇਕਰਜ਼ ਇਕੱਠੇ ਹੋ ਕੇ ਫਿਲਮ ਲੈ ਕੇ ਆਉਂਦੇ ਹਨ, ਉਸ ਸਮੇਂ ਉਨ੍ਹਾਂ ਦਾ ਮਨੋਬਲ ਵਧਾਉਣ ਦੀ ਲੋੜ ਹੈ।
ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਪੰਜਾਬੀ ਸਿਨੇਮਾ ਅਤੇ ਇਸ ਨਾਲ ਜੁੜੇ ਨਵੇਂ ਕਲਾਕਾਰਾਂ ਨੂੰ ਸਪੋਰਟ ਕੀਤਾ ਜਾਵੇ। ਹਾਲਾਂਕਿ, ਦੀਪਕ ਦੀ ਇਹ ਪ੍ਰਤੀਕਿਰਿਆ ਕੁਝ ਨੈਗੇਟਿਵ ਰਿਵਿਊਜ਼ ਦੇ ਸੰਦਰਭ ਵਿੱਚ ਸਾਹਮਣੇ ਆਈ ਹੈ, ਪਰ ਫਿਲਮ ਨੂੰ ਲੈ ਕੇ ਦਰਸ਼ਕਾਂ ਦੀ ਰਾਏ ਇਕੋਂ ਜਿਹੀ ਨਹੀਂ ਹੈ।
‘ਮਿੱਟੀ ਦੇ ਪੁੱਤ’ ਦੀ ਕਮਾਈ
ਦੂਜੇ ਪਾਸੇ ‘ਮਿੱਟੀ ਦੇ ਪੁੱਤ’ ਦੀ ਬਾਕਸ ਆਫਿਸ ਰਫ਼ਤਾਰ ਦੀ ਗੱਲ ਕਰੀਏ ਤਾਂ ਫਿਲਮ ਨੇ ਸ਼ੁਰੂਆਤੀ ਦਿਨਾਂ ਵਿੱਚ ਹੌਲੀ ਕਮਾਈ ਕੀਤੀ ਹੈ। ਸੈਨਲਨਿਕ ਮੁਤਾਬਕ ਫਿਲਮ ਨੇ ਪਹਿਲੇ ਦਿਨ ਕਰੀਬ 20 ਲੱਖ, ਦੂਜੇ ਦਿਨ 15 ਲੱਖ ਅਤੇ ਤੀਜੇ ਦਿਨ 17 ਲੱਖ ਰੁਪਏ ਦੀ ਇੰਡੀਆ ਨੈੱਟ ਕਮਾਈ ਕੀਤੀ। ਇਸ ਤਰ੍ਹਾਂ 3 ਦਿਨਾਂ ਦੀ ਕੁੱਲ ਨੈੱਟ ਕਮਾਈ ਲਗਭਗ 52 ਲੱਖ ਰੁਪਏ ਦੱਸੀ ਗਈ ਹੈ।
ਫਿਲਮ ਦੀ ਕਹਾਣੀ 2 ਪਿੰਡਾਂ ਅਤੇ ਪੁਰਾਣੀ ਦੁਸ਼ਮਣੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਵਿੱਚ ਜ਼ਮੀਨ, ਪਰਿਵਾਰਕ ਟਕਰਾਅ, ਬਦਲਾ ਅਤੇ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਦਰਸ਼ਕਾਂ ਦੀ ਪ੍ਰਤੀਕਿਰਿਆ ਬਾਕਸ ਆਫਿਸ ’ਤੇ ਫਿਲਮ ਦੀ ਕਮਾਈ ਨੂੰ ਕਿੰਨਾ ਪ੍ਰਭਾਵਿਤ ਕਰਦੀ ਹੈ।