Monday, September 21
Shadow

ਗੁਰੂਆਂ ਦੀ ਧਰਤੀ ‘ਤੇ ਨਸ਼ੇ ਦੇ ਸੌਦਾਗਰ ਬਰਦਾਸ਼ਤ ਨਹੀਂ, 2027 ਵਿੱਚ ਭਾਜਪਾ ਸਰਕਾਰ ਬਣੀ ਤਾਂ ਨਸ਼ੇ ਦੇ ਸੌਦਾਗਰਾਂ ‘ਤੇ ਹੋਵੇਗੀ ਕਾਰਵਾਈ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 21 ਸਤੰਬਰ — ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੀ ਪਛਾਣ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੇ ਸੰਦੇਸ਼, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਿਹਨਤਕਸ਼ ਕਿਸਾਨਾਂ, ਦੇਸ਼ ਦੀਆਂ ਸਰਹੱਦਾਂ ‘ਤੇ ਡਟੇ ਵੀਰ ਜਵਾਨਾਂ ਅਤੇ ਦੁਨੀਆ ਵਿੱਚ ਆਪਣੀ ਮਿਹਨਤ ਦਾ ਲੋਹਾ ਮਨਵਾਉਣ ਵਾਲੇ ਪੰਜਾਬੀ ਸਮਾਜ ਨਾਲ ਰਹੀ ਹੈ। ਅਜਿਹੀ ਪਾਵਨ ਅਤੇ ਮਾਣਮੱਤੀ ਧਰਤੀ ‘ਤੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸੇ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਬੀੜਾ ਚੁੱਕਿਆ ਹੈ। ਮੁੱਖ ਮੰਤਰੀ ਨੇ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਾਲ 2027 ਵਿੱਚ ਜਨਤਾ ਦੇ ਆਸ਼ੀਰਵਾਦ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ, ਤਾਂ ਪੰਜਾਬ ਵਿੱਚ ਜੋ ਨਸ਼ਾ ਫੈਲਾਉਣ ਵਾਲੇ ਲੋਕ ਹਨ, ਉਹ ਜਾਂ ਤਾਂ ਆਪਣਾ ਇਹ ਕੰਮ ਛੱਡ ਦੇਣਗੇ ਜਾਂ ਫਿਰ ਪੰਜਾਬ ਛੱਡ ਦੇਣਗੇ, ਅਜਿਹੇ ਲੋਕਾਂ ਦਾ ਪੰਜਾਬ ਵਿੱਚ ਕੋਈ ਸਥਾਨ ਨਹੀਂ ਹੈ।

ਮੁੱਖ ਮੰਤਰੀ ਸੋਮਵਾਰ ਨੂੰ ਪੰਜਾਬ ਦੇ ਜਲਾਲਾਬਾਦ ਵਿੱਚ ‘ਨਸ਼ਾ ਮੁਕਤ ਯਾਤਰਾ’ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਸ਼ੁਰੂ ਕੀਤੀ ਗਈ ਇਸ ਯਾਤਰਾ ਨੂੰ ਸਿਰਫ਼ ਇੱਕ ਸਿਆਸੀ ਪ੍ਰੋਗਰਾਮ ਜਾਂ ਰੋਡ ਸ਼ੋਅ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ, ਸਗੋਂ ਇਸ ਨੂੰ ਪਿੰਡ-ਪਿੰਡ ਤੱਕ ਪਹੁੰਚਾ ਕੇ ਅਸਲ ਜਨ ਅੰਦੋਲਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਵਰਕਰਾਂ ਅਤੇ ਸਮਾਜਿਕ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ, ਨਸ਼ੇ ਦੀ ਗ੍ਰਿਫ਼ਤ ਵਿੱਚ ਫਸੇ ਨੌਜਵਾਨਾਂ ਨੂੰ ਆਪਣਾਪਣ ਦੇਣ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਦੇ ਯਤਨ ਕਰਨ।

ਵਾਅਦਿਆਂ ਤੋਂ ਤਾਰੀਖ਼ਾਂ ਤੱਕ ਪਹੁੰਚੀ ਪੰਜਾਬ ਦੀ ਜਨਤਾ ਦੀ ਉਮੀਦ

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਨਸ਼ਾ ਖ਼ਤਮ ਕਰਨ ਦੇ ਨਾਂ ‘ਤੇ ਵੱਡੇ-ਵੱਡੇ ਵਾਦੇ ਕੀਤੇ। ਸੱਤਾ ਵਿੱਚ ਆਉਣ ਤੋਂ ਪਹਿਲਾਂ ਤਿੰਨ ਤੋਂ ਛੇ ਮਹੀਨਿਆਂ ਦੇ ਅੰਦਰ ਨਸ਼ਾ ਖ਼ਤਮ ਕਰਨ ਦੀ ਗੱਲ ਕਹੀ ਗਈ ਸੀ, ਪਰ ਇਸ ਤੋਂ ਬਾਅਦ ਤਾਰੀਖ਼ਾਂ ਉੱਤੇ ਤਾਰੀਖ਼ਾਂ ਆਉਂਦੀਆਂ ਰਹੀਆਂ। ਪਹਿਲਾਂ 15 ਅਗਸਤ 2024, ਫਿਰ 31 ਦਸੰਬਰ 2024 ਅਤੇ ਉਸ ਤੋਂ ਬਾਅਦ 1 ਮਾਰਚ 2025 ਤੱਕ ਨਸ਼ੇ ਵਿਰੁੱਧ ਫ਼ੈਸਲਾਕੁਨ ਕਾਰਵਾਈ ਦੇ ਦਾਅਵੇ ਕੀਤੇ ਗਏ। ਹੁਣ ਪੰਜਾਬ ਦੀ ਜਨਤਾ ਇਹ ਸਵਾਲ ਪੁੱਛ ਰਹੀ ਹੈ ਕਿ ਆਖ਼ਰ ਉਹ ਸਮਾਂ-ਸੀਮਾ ਕਦੋਂ ਪੂਰੀ ਹੋਵੇਗੀ, ਜਿਸ ਦਾ ਵਾਅਦਾ ਚੋਣਾਂ ਸਮੇਂ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਇਸ਼ਤਿਹਾਰਾਂ ਅਤੇ ਪੋਸਟਰਾਂ ਦੇ ਮਾਧਿਅਮ ਨਾਲ ਨਸ਼ੇ ਵਿਰੁੱਧ ਮੁਹਿੰਮ ਚਲਾਉਣ ਦਾ ਦਾਅਵਾ ਕੀਤਾ ਗਿਆ, ਪਰ ਪੰਜਾਬ ਦੇ ਲੋਕ ਜ਼ਮੀਨੀ ਪੱਧਰ ‘ਤੇ ਬਦਲਾਅ ਚਾਹੁੰਦੇ ਹਨ। ਪੰਜਾਬ ਸਰਕਾਰ ਨੇ ਜਨਤਾ ਦੇ ਭਲਾਈ ਦਾ ਪੈਸਾ ਇਸ਼ਤਿਹਾਰਾਂ ‘ਤੇ ਖ਼ਰਚ ਕਰਨ ਦਾ ਕੰਮ ਕੀਤਾ ਹੈ।

ਵੱਡੇ ਨਸ਼ਾ ਕਾਰੋਬਾਰੀਆਂ ‘ਤੇ ਹੋਣੀ ਚਾਹੀਦੀ ਹੈ ਕਾਰਵਾਈ

ਮੁੱਖ ਮੰਤਰੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਵੱਡੇ ਸੌਦਾਗਰ ਕਿਸ ਦੀ ਛੱਤਰ-ਛਾਇਆ ਹੇਠ ਫਲ਼-ਫੁੱਲ ਰਹੇ ਹਨ। ਪੁਲਿਸ ਲੋਕਾਂ ਨੂੰ ਦਿਖਾਉਣ ਲਈ ਛੋਟੀਆਂ ਮੱਛੀਆਂ ਨੂੰ ਫੜਦੀ ਹੈ, ਪਰ ਵੱਡੇ ਮਗਰਮੱਛਾਂ ਨੂੰ ਹੱਥ ਵੀ ਨਹੀਂ ਲਾਉਂਦੀ। ਇਹ ਪੰਜਾਬ ਸਰਕਾਰ ਦੇ ਹਾਲਾਤ ਹਨ। ਆਮ ਆਦਮੀ ਪਾਰਟੀ ਨੇ ਵੱਡੇ-ਵੱਡੇ ਇਸ਼ਤਿਹਾਰ ਦਿੱਤੇ, ਰੰਗ-ਬਰੰਗੇ ਪੋਸਟਰ ਲਗਾ ਕੇ ਨਸ਼ਾ ਵਿਰੋਧੀ ਮੁਹਿੰਮ ਦੇ ਨਵੇਂ-ਨਵੇਂ ਨਾਂ ਰੱਖੇ, ਪਰ ਪੰਜਾਬ ਦੇ ਨੌਜਵਾਨਾਂ ਨੂੰ ਨਾਅਰਾ ਨਹੀਂ, ਨਸ਼ੇ ਤੋਂ ਮੁਕਤ ਇਲਾਜ, ਰੁਜ਼ਗਾਰ ਅਤੇ ਸਨਮਾਨ ਚਾਹੀਦਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਨਿਵਾਸ ਤੋਂ ਮਹਿਜ਼ 500 ਮੀਟਰ ਦੀ ਦੂਰੀ ‘ਤੇ ਪੰਜਾਬ ਦੇ ਮੁੱਖ ਮੰਤਰੀ ਦਾ ਨਿਵਾਸ ਹੈ, ਪਰ ਉਨ੍ਹਾਂ ਦੇ ਆਪਣੇ ਨਿਵਾਸ ਸੰਤ ਕਬੀਰ ਕੁਟੀਰ ‘ਤੇ ਰੋਜ਼ਾਨਾ ਦੋ ਤੋਂ ਢਾਈ ਹਜ਼ਾਰ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚਦੇ ਹਨ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ‘ਤੇ ਆਮ ਆਦਮੀ ਦਾ ਪਹੁੰਚਣਾ ਤੱਕ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀਆਂ ਸਮੱਸਿਆਵਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ।