ਦੁਬਈ: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਈਸੀਸੀ ਮਹਿਲਾ ਇੱਕ ਰੋਜ਼ਾ ਰੈਂਕਿੰਗ ਵਿੱਚ ਇੱਕ ਸਥਾਨ ਉੱਪਰ ਸੱਤਵੇਂ ਸਥਾਨ ‘ਤੇ ਪਹੁੰਚ ਗਈ ਹੈ, ਜਦੋਂ ਕਿ ਉਪ-ਕਪਤਾਨ ਸਮ੍ਰਿਤੀ ਮੰਧਾਨਾ ਸਿਖਰਲੇ ਸਥਾਨ ‘ਤੇ ਬਣੀ ਹੋਈ ਹੈ। ਰੈਂਕਿੰਗ ਵਿੱਚ ਇਹ ਬਦਲਾਅ ਨਿਊਜ਼ੀਲੈਂਡ ਦੀ ਤਜਰਬੇਕਾਰ ਸੋਫੀ ਡੇਵਾਈਨ ਦੇ ਦੋ ਸਥਾਨ ਡਿੱਗ ਕੇ ਨੌਵੇਂ ਸਥਾਨ ‘ਤੇ ਆਉਣ ਤੋਂ ਬਾਅਦ ਆਇਆ ਹੈ। ਭਾਰਤ ਦੀ ਜੇਮੀਮਾ ਰੌਡਰਿਗਜ਼ 12ਵੇਂ ਸਥਾਨ ‘ਤੇ ਬਣੀ ਹੋਈ ਹੈ। ਨਿਊਜ਼ੀਲੈਂਡ ਦੀ ਬੱਲੇਬਾਜ਼ ਮੈਡੀ ਗ੍ਰੀਨ ਨੇ ਜ਼ਿੰਬਾਬਵੇ ਵਿਰੁੱਧ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਸੀਰੀਜ਼ ਦੇ ਫਾਈਨਲ ਮੈਚ ਵਿੱਚ ਸ਼ਾਨਦਾਰ 94 ਦੌੜਾਂ ਬਣਾਉਣ ਤੋਂ ਬਾਅਦ ਰੈਂਕਿੰਗ ਵਿੱਚ ਮਹੱਤਵਪੂਰਨ ਛਾਲ ਮਾਰੀ ਹੈ।
33 ਸਾਲਾ ਗ੍ਰੀਨ ਦੀ ਡੁਨੇਡਿਨ ਵਿੱਚ 73 ਗੇਂਦਾਂ ਦੀ ਪਾਰੀ ਨੇ ਉਨ੍ਹਾਂ ਦੀ ਟੀਮ ਨੂੰ 200 ਦੌੜਾਂ ਨਾਲ ਜਿੱਤਣ ਅਤੇ 3-0 ਨਾਲ ਲੜੀ ਵਿੱਚ ਕਲੀਨ ਸਵੀਪ ਕਰਨ ਵਿੱਚ ਮਦਦ ਕੀਤੀ। ਇਸ ਪ੍ਰਦਰਸ਼ਨ ਨੇ ਉਨ੍ਹਾਂ ਨੂੰ 610 ਰੇਟਿੰਗ ਅੰਕਾਂ ਨਾਲ ਪੰਜ ਸਥਾਨ ਉੱਪਰ 17ਵੇਂ ਸਥਾਨ ‘ਤੇ ਪਹੁੰਚਣ ਵਿੱਚ ਮਦਦ ਕੀਤੀ ਹੈ, ਜੋ ਉਨ੍ਹਾਂ ਦੀ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹੈ।
ਨਿਊਜ਼ੀਲੈਂਡ ਦੀ ਆਲਰਾਊਂਡਰ ਅਮੇਲੀਆ ਕੇਰ ਨੇ ਆਖਰੀ ਵਨਡੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, 80 ਦੌੜਾਂ ਬਣਾਈਆਂ ਅਤੇ 22 ਦੌੜਾਂ ਦੇ ਕੇ ਪੰਜ ਵਿਕਟਾਂ ਲੈ ਕੇ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਹਾਸਿਲ ਕੀਤਾ। ਇਸ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਦਮ ਤੇ ਉਨ੍ਹਾਂ ਨੂੰ ਪਲੇਅਰ ਆਫ ਦਿ ਸੀਰੀਜ਼ ਵੀ ਚੁਣਿਆ ਗਿਆ। ਇਸ ਪ੍ਰਦਰਸ਼ਨ ਦੇ ਨਾਲ, ਕੇਰ 21ਵੇਂ ਸਥਾਨ ਤੋਂ ਸੰਯੁਕਤ 19ਵੇਂ ਸਥਾਨ ‘ਤੇ ਪਹੁੰਚ ਗਈ ਹੈ, ਜਿਸ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ 600 ਤੋਂ ਵੱਧ ਰੇਟਿੰਗ ਅੰਕ ਹਾਸਿਲ ਕੀਤੇ ਹਨ।
ਨਿਊਜ਼ੀਲੈਂਡ ਦੀ ਇਜ਼ਾਬੇਲ ਗੇਜ ਵੀ ਬੱਲੇਬਾਜ਼ੀ ਰੈਂਕਿੰਗ ਵਿੱਚ ਤਿੰਨ ਸਥਾਨ ਉੱਪਰ ਚੜ੍ਹ ਕੇ 61ਵੇਂ ਸਥਾਨ ‘ਤੇ ਪਹੁੰਚ ਗਈ ਹੈ। ਤੇਜ਼ ਗੇਂਦਬਾਜ਼ ਰੋਜ਼ਮੇਰੀ ਮੇਅਰ ਸੱਤ ਸਥਾਨ ਉੱਪਰ ਚੜ੍ਹ ਕੇ 58ਵੇਂ ਸਥਾਨ ‘ਤੇ ਪਹੁੰਚ ਗਈ ਹੈ, ਅਤੇ ਬ੍ਰੀ ਐਲਿੰਗ ਪੰਜ ਸਥਾਨ ਉੱਪਰ ਚੜ੍ਹ ਕੇ 79ਵੇਂ ਸਥਾਨ ‘ਤੇ ਪਹੁੰਚ ਗਈ ਹੈ।
ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿੱਚ, ਕਪਤਾਨ ਅਮੇਲੀਆ ਕੇਰ ਨੇ ਦੱਖਣੀ ਅਫਰੀਕਾ ਵਿਰੁੱਧ ਮਾਊਂਟ ਮੌਂਗਨੁਈ ਵਿੱਚ ਪਹਿਲੇ ਮੈਚ ਵਿੱਚ 44 ਗੇਂਦਾਂ ਵਿੱਚ 78 ਦੌੜਾਂ ਬਣਾਉਣ ਤੋਂ ਬਾਅਦ ਕਰੀਅਰ ਦੇ ਸਭ ਤੋਂ ਵੱਧ 694 ਰੇਟਿੰਗ ਅੰਕ ਪ੍ਰਾਪਤ ਕੀਤੇ। ਉਹ ਬੱਲੇਬਾਜ਼ੀ ਰੈਂਕਿੰਗ ਵਿੱਚ ਅੱਠਵੇਂ ਸਥਾਨ ‘ਤੇ ਬਣੀ ਹੋਈ ਹੈ।
ਜਾਰਜੀਆ ਪਲਾਈਮਰ ਨੇ 63 ਦੌੜਾਂ ਬਣਾਉਣ ਤੋਂ ਬਾਅਦ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ, 50ਵੇਂ ਤੋਂ 41ਵੇਂ ਸਥਾਨ ‘ਤੇ ਪਹੁੰਚ ਗਈ। ਟੀ-20 ਗੇਂਦਬਾਜ਼ੀ ਰੈਂਕਿੰਗ ਵਿੱਚ, ਜੈਸ ਕੇਰ 13 ਦੌੜਾਂ ਦੇ ਕੇ ਦੋ ਵਿਕਟਾਂ ਲੈਣ ਤੋਂ ਬਾਅਦ 11 ਸਥਾਨ ਦੀ ਛਾਲ ਮਾਰ ਕੇ 23ਵੇਂ ਸਥਾਨ ‘ਤੇ ਪਹੁੰਚ ਗਈ। ਇਸ ਦੌਰਾਨ, ਸੋਫੀ ਡੇਵਾਈਨ ਨੇ 12 ਦੌੜਾਂ ਦੇ ਕੇ ਕਰੀਅਰ ਦੀ ਸਭ ਤੋਂ ਵਧੀਆ ਚਾਰ ਵਿਕਟਾਂ ਲਈਆਂ, ਜਿਸ ਨਾਲ ਉਹ 104ਵੇਂ ਸਥਾਨ ਤੋਂ 79ਵੇਂ ਸਥਾਨ ‘ਤੇ ਪਹੁੰਚ ਗਈ।