ਹੈਦਰਾਬਾਦ: ਨੋਰਾ ਫਤੇਹੀ ਦੇ ਨਵੇਂ ਆਈਟਮ ਗੀਤ ‘ਸਰਕੇ ਚੁਨਰ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਆਉਣ ਵਾਲੀ ਕੰਨੜ ਪੈਨ-ਇੰਡੀਆ ਫਿਲਮ ‘ਕੇਡੀ: ਦ ਡੇਵਿਲ’ ਦੇ ਗਾਣੇ ‘ਸਰਕੇ ਚੁਨਰ’ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਗਾਣੇ ਦਾ ਹਿੰਦੀ ਵਰਜ਼ਨ 14 ਮਾਰਚ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਗਾਣੇ ਦੇ ਬੋਲਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਅਤੇ ਇਸ ਗਾਣੇ ਨੂੰ ਡਿਲੀਟ ਕੀਤੇ ਜਾਣ ਦੀ ਮੰਗ ਕੀਤੀ ਗਈ। ਹਾਲਾਂਕਿ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ ਵਿੱਚ ਇਹ ਗਾਣਾ ਅਜੇ ਵੀ ਉਪਲਬਧ ਹੈ। ਹੁਣ ਇਸ ਵਿਵਾਦ ਨੂੰ ਲੈ ਕੇ ਨੋਰਾ ਫਤੇਹੀ ਨੇ ਵੀ ਆਪਣਾ ਬਿਆਨ ਜਾਰੀ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਨੋਰਾ ਫਤੇਹੀ ਦਾ ਬਿਆਨ
ਨੋਰਾ ਫਤੇਹੀ ਨੇ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਆਈਟਮ ਗੀਤ ਨੂੰ ਲੈ ਕੇ ਰਿਏਕਸ਼ਨ ਦਿੱਤਾ। ਇਸ ਗਾਣੇ ਨੂੰ ਯੂਟਿਊਬ ਤੋਂ ਹਟਾਏ ਜਾਣ ‘ਤੇ ਨੋਰਾ ਨੇ ਖੁਸ਼ੀ ਜ਼ਾਹਿਰ ਕੀਤੀ। ਦੱਸ ਦਈਏ ਕਿ ਨੋਰਾ ਨੇ ਖੁਦ ਵੀ ਇਸ ਗਾਣੇ ਨੂੰ ਲੈ ਕੇ ਵਿਰੋਧ ਕੀਤਾ ਅਤੇ ਲੋਕਾਂ ਨੂੰ ਇਸ ਗਾਣੇ ਨੂੰ ਨਾ ਸ਼ੇਅਰ ਕਰਨ ਲਈ ਵੀ ਕਿਹਾ।
ਮੈਨੂੰ ਕੰਨੜ ਦੀ ਸਮਝ ਨਹੀਂ ਹੈ। ਇਸ ਲਈ ਮੈਂ ਓਹੀ ਕੀਤਾ, ਜੋ ਮੇਕਰਾਂ ਦੁਆਰਾ ਕਿਹਾ ਗਿਆ ਪਰ ਜਦੋ ਗਾਣੇ ਦਾ ਹਿੰਦੀ ਵਰਜ਼ਨ ਸੁਣਿਆ, ਤਾਂ ਮੈਂ ਕਾਫ਼ੀ ਪਰੇਸ਼ਾਨ ਹੋ ਗਈ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਇਸ ‘ਤੇ ਵਿਵਾਦ ਹੋ ਸਕਦਾ ਹੈ। ਮੈਂ ਨਿਰਦੇਸ਼ਕ ਨੂੰ ਵੀ ਕਿਹਾ ਸੀ ਕਿ ਇਹ ਗਾਣਾ ਠੀਕ ਨਹੀਂ ਹੈ ਅਤੇ ਇਸ ਨੂੰ ਲੈ ਕੇ ਵਿਰੋਧ ਹੋਵੇਗਾ ਪਰ ਉਨ੍ਹਾਂ ਨੇ ਨਹੀਂ ਮੰਨੀ।- ਨੋਰਾ ਫਤੇਹੀ
ਨੋਰਾ ਫਤੇਹੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ,” ਮੈਂ ਨਹੀਂ ਚਾਹੁੰਦੀ ਕਿ ਕਿਸੇ ਨੂੰ ਵੀ ਅਜਿਹਾ ਲੱਗੇ ਕਿ ਮੈਂ ਇਸਦਾ ਸਮੱਰਥਨ ਕਰਦੀ ਹਾਂ। ਇਸ ਵਿਰੋਧ ਲਈ ਧੰਨਵਾਦ। ਇਸ ਦਬਾਅ ਕਾਰਨ ਫਿਲਮ ਨਿਰਮਾਤਾਵਾਂ ਨੇ ਇਸ ਨੂੰ ਹਟਾ ਦਿੱਤਾ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਗਾਣੇ ਨੂੰ ਸ਼ੇਅਰ ਨਾ ਕਰੋ, ਕਿਉਂਕਿ ਤੁਸੀਂ ਇਸਨੂੰ ਬਿਨ੍ਹਾਂ ਵਜ੍ਹਾ ਉਤਸ਼ਾਹਿਤ ਕਰ ਰਹੇ ਹੋ। ਇਸਦੇ ਨਾਲ ਹੀ, ਮੈਂ ਦੇਖ ਰਹੀ ਹਾਂ ਕਿ ਤੁਹਾਡੇ ਵਿੱਚੋ ਕੁਝ ਲੋਕ ਇਸਦਾ ਫਾਇਦਾ ਚੁੱਕ ਦੇ ਮੇਰਾ ਚਿੱਤਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਗਲਤ ਹੈ। ਖੈਰ, ਮੈਂ ਅਤੇ ਮੇਰੀ ਟੀਮ ਭਵਿੱਖ ਵਿੱਚ ਸਾਵਧਾਨ ਰਹਿਣਗੇ। ਹਾਲਾਂਕਿ, ਮੈਂ ਫਿਰ ਤੋਂ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਇਸ ਹਿੰਦੀ ਗਾਣੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਂ ਇਸ ‘ਤੇ ਪ੍ਰਦਰਸ਼ਨ ਨਹੀਂ ਕੀਤਾ ਅਤੇ ਮੇਰੀ ਤਸਵੀਰ ਦੇ ਨਾਲ ਇਸਦਾ ਇਸਤੇਮਾਲ ਕਰਨ ਦੀ ਕੋਈ ਆਗਿਆ ਨਹੀ ਲਈ ਗਈ ਸੀ।”
‘ਸਰਕੇ ਚੁਨਰ’ ਗਾਣੇ ਬਾਰੇ
ਦੱਸਣਯੋਗ ਹੈ ਕਿ ਨੋਰਾ ਫਤੇਹੀ ਅਤੇ ਸੰਜੇ ਦੱਤ ਦਾ ਗਾਣਾ ‘ਸਰਕੇ ਚੁਨਰ’ ਕੰਨੜ ਪੈਨ-ਇੰਡੀਆ ਫਿਲਮ ‘ਕੇਡੀ: ਦ ਡੇਵਿਲ’ ਦਾ ਹੈ। ਇਸ ਗਾਣੇ ਵਿੱਚ ਡਬਲ ਅਰਥ ਅਤੇ ਗਲਤ ਬੋਲਾਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਗਾਣਾ 14 ਮਾਰਚ ਨੂੰ ਹਿੰਦੀ ਵਰਜ਼ਨ ਵਿੱਚ ਰਿਲੀਜ਼ ਹੋਇਆ ਸੀ ਪਰ ਵਿਵਾਦ ਤੋਂ ਬਾਅਦ ਹੁਣ ਇਸ ਗਾਣੇ ਦੇ ਹਿੰਦੀ ਵਰਜ਼ਨ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।