Friday, May 15
Shadow

‘ਜੋ ਵੀ ਪ੍ਰੋਗਰਾਮ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਚੱਕ ਕੇ ਬਾਹਰ ਮਾਰੋ’, ਆਖਿਰ ਕਿਉਂ ਭੜਕੇ ਦਿਲਜੀਤ ਦੋਸਾਂਝ ?

ਹੈਦਰਾਬਾਦ: ਦਿਲਜੀਤ ਦੋਸਾਂਝ ਇਸ ਸਮੇਂ ਕਾਫ਼ੀ ਸੁਰਖੀਆਂ ਵਿੱਚ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਹਾਲ ਹੀ ਵਿੱਚ ਆਪਣੇ ‘ਔਰਾ ਟੂਰ’ ‘ਤੇ ਹਨ। ਗਾਇਕ ਦੇ ਕੈਲਗਰੀ ਵਿੱਚ ਹੋਏ ਪ੍ਰੋਗਰਾਮ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਅਜਿਹੇ ਵਿੱਚ ਹੁਣ ਦਿਲਜੀਤ ਦੋਸਾਂਝ ਨੇ ਇੱਕ ਪੋਸਟ ਸ਼ੇਅਰ ਕਰਕੇ ਆਪਣਾ ਗੁੱਸਾ ਪ੍ਰਗਟ ਕੀਤਾ ਹੈ।

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ “ਬਾਹਰ ਖੜ੍ਹੇ ਹੋ ਕੇ ਸ਼ਾਂਤੀ ਨਾਲ ਵਿਰੋਧ ਕਰਨਾ ਤੁਹਾਡਾ ਅਧਿਕਾਰ ਹੈ। ਪਰ ਜੇਕਰ ਅੰਦਰ ਆ ਕੇ ਮੇਰੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰੋਗੇ, ਤਾਂ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ.. ਜੇਕਰ ਕੋਈ ਵੀ ਬੈਨਰ ਜਾਂ ਝੰਡਾ ਲੈ ਕੇ ਆਉਦਾ, ਉਹ ਇਹ ਦੱਸਣਾ ਚਾਹੁੰਦਾ ਕਿ ਅਸੀਂ ਫਲਾਣੀ ਜਗ੍ਹਾ ਤੋਂ ਆਏ ਆ…ਤੇ ਅਸੀਂ ਤੁਹਾਨੂੰ ਸਪੋਰਟ ਕਰਦੇ ਆ..ਪਰ ਤੁਸੀਂ ਓਹੀ ਬੈਨਰ ਨਾਲ ਬਾਹਰ ਖੜ੍ਹ ਕੇ ਮੇਰੇ ਪ੍ਰਸ਼ੰਸਕਾਂ ਨੂੰ ਗਾਲਾਂ ਕੱਢ ਰਹੇ ਹੋ..ਓਹੀ ਬੈਨਰ ਤੁਸੀਂ ਅੰਦਰ ਲਿਆ ਕੇ ਵੀ ਓਹੀ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ.. ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੱਲ ਕਿਸੇ ਵੀ ਬੈਨਰ ਜਾਂ ਝੰਡੇ ਦੀ ਨਹੀਂ..ਉਸ ਪਿੱਛੇ ਤੁਹਾਡੇ ਉਦੇਸ਼ ਕੀ ਆ, ਗੱਲ ਉਹ ਆ.. ਮੈਂ ਸੁਰੱਖਿਆ ਗਾਰਡਾਂ ਨੂੰ ਕਹਿ ਦਿੱਤਾ ਹੈ ਕਿ ਜੋ ਵੀ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਚੱਕ ਕੇ ਬਾਹਰ ਮਾਰੋ.. ਮੈਂ ਬੈਨਰ ਬਾਰੇ ਕੁਝ ਵੀ ਨਹੀਂ ਕਹਿ ਰਿਹਾ। ਇਸ ਲਈ ਗਲਤ ਖਬਰਾਂ ਨਾਲ ਫਿਲਾਓ। ਮੈਂ ਪਿਛਲੇ ਸਾਲ ਤੋਂ ਇਸ ਗੱਲ ਨੂੰ ਅਣਦੇਖਾ ਕਰ ਰਿਹਾ..ਪਰ ਹੁਣ ਹੋਰ ਨਹੀਂ.. ਧੰਨਵਾਦ। ਪਿਆਰ ਅਤੇ ਸ਼ਾਂਤੀ।”

ਕੀ ਹੈ ਪੂਰਾ ਮਾਮਲਾ?

ਦੱਸ ਦੇਈਏ ਕਿ ਪਿੱਛਲੇ ਹਫ਼ਤੇ ਕੈਨੇਡਾ ਦੇ ਕੈਲਗਰੀ ਵਿੱਚ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਵਿੱਚ ਕੁਝ ਪ੍ਰਦਰਸ਼ਨਕਾਰੀ ਖਾਲਿਸਤਾਨੀ ਝੰਡੇ ਲਹਿਰਾ ਰਹੇ ਸੀ। ਉਸ ਸਮੇਂ ਦਿਲਜੀਤ ਨੇ ਸਟੇਜ ‘ਤੇ ਕਿਹਾ ਸੀ ਕਿ ਕੋਈ ਚਾਹੇ ਕਿੰਨੇ ਵੀ ਝੰਡੇ ਲਹਿਰਾ ਲਓ ਪਰ ਉਹ ਦੁਨੀਆ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਦੇ ਰਹਿਣਗੇ। ਗਾਇਕ ਦੇ ਇਸ ਬਿਆਨ ਤੋਂ ਬਾਅਦ ਹੀ ਵਿਵਾਦ ਖੜ੍ਹਾ ਹੋ ਗਿਆ, ਜਿਸਨੂੰ ਲੈ ਕੇ ਹੁਣ ਦਿਲਜੀਤ ਦੋਸਾਂਝ ਨੇ ਚੁੱਪੀ ਤੋੜੀ ਹੈ।

ਰਾਜਨੀਤੀ ਵਿੱਚ ਕਦੇਂ ਨਹੀਂ ਆਉਣਗੇ ਦਿਲਜੀਤ ਦੋਸਾਂਝ

ਦੱਸ ਦੇਈਏ ਕਿ ਪੰਜਾਬ ਦੇ ਸੇਵਾਮੁਕਤ ਆਈਏਐਸ ਅਧਿਕਾਰੀਆਂ ਅਤੇ ਫੌਜੀ ਸਾਬਕਾ ਸੈਨਿਕਾਂ ਦੇ ਇੱਕ ਥਿੰਕ ਟੈਂਕ ਨੇ ਦਿਲਜੀਤ ਦੋਸਾਂਝ ਨੂੰ ਰਾਜਨੀਤੀ ਵਿੱਚ ਆਉਣ ਦਾ ਪ੍ਰਸਤਾਵ ਦਿੱਤਾ ਸੀ। ਇਸ ਦੇ ਜਵਾਬ ਵਿੱਚ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਜਵਾਬ ਦਿੰਦੇ ਹੋਏ ਕਿਹਾ ਸੀ ਕਿ,”ਕਦੇਂ ਵੀ ਨਹੀਂ। ਮੇਰਾ ਕੰਮ ਮਨੋਰੰਜਨ ਕਰਨਾ ਹੈ ਅਤੇ ਮੈਂ ਆਪਣੀ ਫੀਲਡ ਵਿੱਚ ਬਹੁਤ ਖੁਸ਼ ਹਾਂ। ਧੰਨਵਾਦ।”