Friday, April 17
Shadow

3 ਫੁੱਟ ਦੀ ਉੱਚਾਈ ‘ਤੇ ਅੰਗੂਠਿਆਂ ਦੇ ਸਹਾਰੇ 40 ਸਕਿੰਟਾਂ ‘ਚ ਲਗਾਏ 64 ਪੁਸ਼ਅੱਪ ! ਵਿੱਕੀ ਦਿਓਲ ਨੇ ਪੂਰੇ ਦੇਸ਼ ਦਾ ਨਾਂ ਕੀਤਾ ਰੌਸ਼ਨ

ਸੁਲਤਾਨਪੁਰ ਲੋਧੀ (ਕਪੂਰਥਲਾ): ਜਦੋਂ ਮਿਹਨਤ, ਜਜ਼ਬਾ ਅਤੇ ਲਗਨ ਇਕੱਠੇ ਹੋਣ ਤਾਂ ਅਸੰਭਵ ਵੀ ਸੰਭਵ ਬਣ ਜਾਂਦਾ ਹੈ। ਇਸ ਗੱਲ ਨੂੰ ਸਾਬਤ ਕਰਕੇ ਦਿਖਾਇਆ ਹੈ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ ਨੌਜਵਾਨ ਹਰਪ੍ਰੀਤ ਸਿੰਘ ਉਰਫ਼ ਵਿੱਕੀ ਦਿਓਲ ਨੇ। ਜਿਸ ਨੇ ਫਿਟਨੈੱਸ ਦੇ ਖੇਤਰ ਵਿੱਚ ਇਕ ਵੱਡਾ ਮੀਲ ਪੱਥਰ ਸਥਾਪਿਤ ਕਰਦਿਆਂ ਵਿਸ਼ਵ ਪੱਧਰ ‘ਤੇ ਨਵਾਂ ਕੀਰਤੀਮਾਨ ਰਚ ਦਿੱਤਾ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਕਾਮਯਾਬੀ ਨਾਲ ਸੁਲਤਾਨਪੁਰ ਲੋਧੀ ਦਾ ਨਾਮ ਨਾ ਸਿਰਫ਼ ਪੰਜਾਬ ਬਲਕਿ ਦੇਸ਼ ਅਤੇ ਵਿਦੇਸ਼ ਵਿੱਚ ਵੀ ਮਾਣ ਨਾਲ ਲਿਆ ਜਾ ਰਿਹਾ ਹੈ।

ਫਿਟ ਇੰਡੀਆ ਕਾਰਨੀਵਲ

15 ਅਗਸਤ 2021 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਆਯੋਜਿਤ ਫਿਟ ਇੰਡੀਆ ਕਾਰਨੀਵਲ ਦੌਰਾਨ ਵਿੱਕੀ ਦਿਓਲ ਨੇ ਕੇਵਲ 40 ਸਕਿੰਟਾਂ ਵਿੱਚ 64 ਦੋ ਅੰਗੂਠਿਆਂ ਵਾਲੀਆਂ ਪੁਸ਼ਅੱਪ (Both Thumb Push-Ups) ਲਗਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ। ਇਹ ਪ੍ਰਦਰਸ਼ਨ ਆਮ ਨਹੀਂ ਸੀ, ਕਿਉਂਕਿ ਇਸ ਦੌਰਾਨ ਉਹ ਤਿੰਨ ਫੁੱਟ ਉੱਚਾਈ ‘ਤੇ ਲੱਗੀਆਂ ਤਿੰਨ ਲੋਹੇ ਦੀਆਂ ਛੜਾਂ ਉੱਤੇ ਸੰਤੁਲਨ ਬਣਾਉਂਦੇ ਹੋਏ ਇੱਕ ਪੈਰ ਹਵਾ ਵਿੱਚ ਰੱਖ ਕੇ ਇਹ ਮੁਸ਼ਕਲ ਕਾਰਨਾਮਾ ਕਰ ਰਹੇ ਸਨ। ਮੌਕੇ ‘ਤੇ ਮੌਜੂਦ ਦਰਸ਼ਕਾਂ ਲਈ ਇਹ ਦ੍ਰਿਸ਼ ਹੈਰਾਨੀ ਅਤੇ ਜੋਸ਼ ਨਾਲ ਭਰਪੂਰ ਸੀ।

64 ਪੁਸ਼ਅੱਪ ਕਰਕੇ ਨਵਾਂ ਇਤਿਹਾਸ ਰਚ ਦਿੱਤਾ

ਇਸ ਉਪਲਬਧੀ ਦੀ ਖਾਸ ਗੱਲ ਇਹ ਵੀ ਰਹੀ ਕਿ ਵਿੱਕੀ ਦਿਓਲ ਨੇ ਇਸ ਪ੍ਰਦਰਸ਼ਨ ਨਾਲ ਆਪਣਾ ਹੀ ਪਹਿਲਾਂ ਬਣਾਇਆ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਉਹ 40 ਸਕਿੰਟਾਂ ਵਿੱਚ 40 ਪੁਸ਼ਅੱਪ ਲਗਾ ਕੇ ਰਿਕਾਰਡ ਬਣਾ ਚੁੱਕੇ ਸਨ, ਪਰ ਹੁਣ ਉਸੇ ਰਿਕਾਰਡ ਨੂੰ ਪਿੱਛੇ ਛੱਡਦਿਆਂ ਉਨ੍ਹਾਂ ਨੇ 64 ਪੁਸ਼ਅੱਪ ਕਰਕੇ ਨਵਾਂ ਇਤਿਹਾਸ ਰਚ ਦਿੱਤਾ। ਇਹ ਕੀਰਤੀਮਾਨ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ।

1000 ਤੋਂ 1500 ਵਿਦਿਆਰਥੀਆਂ ਨੇ ਲਿਆ ਭਾਗ

ਫਿਟ ਇੰਡੀਆ ਕਾਰਨੀਵਲ ਦੌਰਾਨ ਲਗਭਗ 1000 ਤੋਂ 1500 ਵਿਦਿਆਰਥੀਆਂ ਨੇ ਭਾਗ ਲਿਆ। ਕਾਰਨੀਵਲ ਵਿੱਚ ਵੱਖ-ਵੱਖ ਖੇਡ ਮੁਕਾਬਲੇ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਜਿਸ ਨਾਲ ਵਿਦਿਆਰਥੀਆਂ ਵਿੱਚ ਫਿਟਨੈੱਸ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿੱਕੀ ਦਿਓਲ ਦੀ ਪਰਫਾਰਮੈਂਸ ਨੇ ਮੌਕੇ ‘ਤੇ ਮੌਜੂਦ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਇਸ ਵਿਸ਼ਵ ਰਿਕਾਰਡ ਤੋਂ ਬਾਅਦ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿੱਕੀ ਦਿਓਲ ਨੇ ਆਪਣੇ ਸ਼ਹਿਰ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ ਹੈ ਅਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਹਨ।

ਵਿੱਕੀ ਨੇ ਕਿਹਾ ਕਿ “ਮੁਕਾਮ ਤੱਕ ਪਹੁੰਚਣਾ ਆਸਾਨ ਨਹੀਂ”

ਵਿਸ਼ੇਸ਼ ਗੱਲਬਾਤ ਦੌਰਾਨ ਹਰਪ੍ਰੀਤ ਸਿੰਘ ਵਿੱਕੀ ਦਿਓਲ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣਾ ਆਸਾਨ ਨਹੀਂ ਸੀ। ਉਨ੍ਹਾਂ ਦੇ ਅਨੁਸਾਰ 40 ਸਕਿੰਟਾਂ ਵਿੱਚ 64 ਪੁਸ਼ਅੱਪ ਲਗਾਉਣ ਦੇ ਪਿੱਛੇ ਸਾਲਾਂ ਦੀ ਕਠੋਰ ਮਿਹਨਤ ਅਤੇ ਅਨੁਸ਼ਾਸਨ ਹੈ। ਉਹ ਰੋਜ਼ਾਨਾ ਲਗਭਗ ਸੱਤ ਤੋਂ ਅੱਠ ਘੰਟੇ ਵਰਜਿਸ਼ ਕਰਦੇ ਸਨ। ਇਸ ਤੋਂ ਇਲਾਵਾ ਜਦੋਂ ਵੀ ਉਹ ਵਿਦਿਆਰਥੀਆਂ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਦੇਣ ਲਈ ਜਾਂਦੇ ਸਨ। ਉਸ ਸਮੇਂ ਵੀ ਆਪਣੇ ਟੀਚੇ ਵੱਲ ਧਿਆਨ ਰੱਖਦਿਆਂ ਅਭਿਆਸ ਜਾਰੀ ਰੱਖਦੇ ਸਨ।

ਵਿੱਕੀ ਦਿਓਲ ਨੇ ਕਿਹਾ ਕਿ “ਤਿੰਨ ਫੁੱਟ ਉੱਚਾਈ ‘ਤੇ ਲੋਹੇ ਦੀਆਂ ਰਾਡਾਂ ਉੱਤੇ ਸੰਤੁਲਨ ਬਣਾਕੇ ਇਹ ਪਰਫਾਰਮੈਂਸ ਕਰਨਾ ਬਹੁਤ ਹੀ ਚੈਲੈਂਜਿੰਗ ਹੁੰਦਾ ਹੈ। ਘਰ ਵਿੱਚ ਪ੍ਰੈਕਟਿਸ ਦੌਰਾਨ ਦਬਾਅ ਘੱਟ ਹੁੰਦਾ ਹੈ ਪਰ ਜਦੋਂ ਸੈਂਕੜਿਆਂ ਲੋਕਾਂ ਦੀ ਮੌਜੂਦਗੀ ਵਿੱਚ ਪ੍ਰਦਰਸ਼ਨ ਕਰਨਾ ਪੈਂਦਾ ਹੈ ਤਾਂ ਮਨ ਕਈ ਵਾਰ ਡੋਲ ਜਾਂਦਾ ਹੈ। ਹਰ ਪ੍ਰਦਰਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਹਨ ਅਤੇ ਇਸੇ ਵਿਸ਼ਵਾਸ ਨਾਲ ਉਹ ਆਪਣੇ ਟੀਚੇ ਤੱਕ ਪਹੁੰਚਦੇ ਹਨ। ਜਦੋਂ ਇਸ ਵਾਰ ਉਹ ਆਪਣੇ ਹੀ 40 ਪੁਸ਼ਅੱਪ ਦੇ ਪੁਰਾਣੇ ਰਿਕਾਰਡ ਨੂੰ ਤੋੜਣ ਜਾ ਰਹੇ ਸਨ ਤਾਂ ਮਨ ਵਿੱਚ ਕਈ ਵਿਚਾਰ ਆ ਰਹੇ ਸਨ, ਕਿਉਂਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਕਈ ਸਾਲ ਲੱਗ ਗਏ ਸਨ ਅਤੇ ਅਜੇ ਤੱਕ ਕੋਈ ਵੀ ਉਨ੍ਹਾਂ ਦਾ ਪੁਰਾਣਾ ਰਿਕਾਰਡ ਨਹੀਂ ਤੋੜ ਸਕਿਆ ਸੀ।”