Thursday, October 29
Shadow

‘ਮੇਰਾ ਘਰ-ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਮਹਿਸਮਪੁਰ ਖੁਰਦ ਦੇ 291 ਜਾਇਦਾਦ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 29 ਅਕਤੂਬਰ: ਪੰਜਾਬ ਸਰਕਾਰ ਦੀ ‘ਮੇਰਾ ਘਰ-ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮਹਿਸਮਪੁਰ ਖੁਰਦ ਵਿਖੇ 291 ਜਾਇਦਾਦ ਮਾਲਕਾਂ ਨੂੰ ਮਾਲਕੀ ਕਾਰਡ ਵੰਡੇ ਗਏ।

ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਉਨ੍ਹਾਂ ਦੀ ਜਾਇਦਾਦ ਸਬੰਧੀ ਦਸਤਾਵੇਜ਼ੀ ਸਬੂਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਹ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਾਲਕੀ ਸਬੰਧੀ ਦਸਤਾਵੇਜ਼ਾਂ ਦੀ ਘਾਟ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਮਾਲਕੀ ਕਾਰਡ ਜਾਇਦਾਦ ਦੇ ਹੱਕਾਂ ਦੀ ਪਛਾਣ ਸਪੱਸ਼ਟ ਕਰਨ ਅਤੇ ਮਾਲਕੀ ਰਿਕਾਰਡ ਨੂੰ ਵਿਵਸਥਿਤ ਕਰਨ ਵਿੱਚ ਸਹਾਇਕ ਸਿੱਧ ਹੋਣਗੇ।

ਉਨ੍ਹਾਂ ਦੱਸਿਆ ਕਿ ਮਾਲਕੀ ਕਾਰਡ ਵਿੱਚ ਜਾਇਦਾਦ ਦੀ ਸਹੀ ਪਛਾਣ ਅਤੇ ਇਸ ਨਾਲ ਸਬੰਧਤ ਵਿਸਥਾਰਪੂਰਵਕ ਜਾਣਕਾਰੀ ਦਰਜ ਕੀਤੀ ਗਈ ਹੈ। ਇਸ ਵਿੱਚ ਜਾਇਦਾਦ ਦੇ ਦੇਸ਼ਾਂਤਰ ਅਤੇ ਵਿਥਕਾਰ, ਛੱਤਿਆ ਹੋਇਆ ਖੇਤਰਫਲ, ਉਸਾਰੀ ਅਧੀਨ ਖੇਤਰਫਲ, ਖੁੱਲ੍ਹਾ ਖੇਤਰਫਲ ਅਤੇ ਸਰਵੇਖਣ ਇਕਾਈ ਦਾ ਨਕਸ਼ਾ ਆਦਿ ਸ਼ਾਮਲ ਹਨ। ਇਨ੍ਹਾਂ ਵੇਰਵਿਆਂ ਨਾਲ ਜਾਇਦਾਦ ਦੀ ਸਥਿਤੀ ਅਤੇ ਖੇਤਰਫਲ ਸਬੰਧੀ ਜਾਣਕਾਰੀ ਨੂੰ ਸਪੱਸ਼ਟ ਅਤੇ ਸੁਚੱਜੇ ਢੰਗ ਨਾਲ ਦਰਜ ਕਰਨ ਵਿੱਚ ਮਦਦ ਮਿਲੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਲਾਲ ਲਕੀਰ ਅਧੀਨ ਆਉਂਦੀਆਂ ਜਾਇਦਾਦਾਂ ਦਾ ਸਪੱਸ਼ਟ ਰਿਕਾਰਡ ਨਾ ਹੋਣ ਕਾਰਨ ਲੋਕਾਂ ਨੂੰ ਪਹਿਲਾਂ ਮਾਲਕੀ ਸਬੰਧੀ ਕਈ ਮੁਸ਼ਕਲਾਂ ਅਤੇ ਵਿਵਾਦਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਜਾਇਦਾਦ ਮਾਲਕਾਂ ਨੂੰ ਉਨ੍ਹਾਂ ਦੇ ਹੱਕਾਂ ਸਬੰਧੀ ਦਸਤਾਵੇਜ਼ੀ ਸਬੂਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਭਵਿੱਖ ਵਿੱਚ ਮਾਲਕੀ ਸਬੰਧੀ ਵਿਵਾਦਾਂ ਨੂੰ ਘਟਾਉਣ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਾਰਡ ਲਾਭਪਾਤਰੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਲਾਭਦਾਇਕ ਹੋਣਗੇ।

ਇਸ ਮੌਕੇ ਮਾਲਕੀ ਕਾਰਡ ਪ੍ਰਾਪਤ ਕਰਨ ਵਾਲੇ 291 ਲਾਭਪਾਤਰੀਆਂ ਨੇ ਜਾਇਦਾਦ ਦੀ ਮਾਲਕੀ ਸਬੰਧੀ ਦਸਤਾਵੇਜ਼ੀ ਸਬੂਤ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਤਹਿਸੀਲਦਾਰ ਸ੍ਰੀ ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਸ. ਬਲਜੀਤ ਸਿੰਘ ਗੁਰਾਇਆ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪਤਵੰਤੇ ਹਾਜ਼ਰ ਸਨ।