Friday, April 17
Shadow

ਲੰਬੇ ਸਮੇਂ ਬਾਅਦ ਪੰਜਾਬੀ ਸਿਨੇਮਾ ‘ਚ ਮੁੜ ਵਾਪਸੀ ਲਈ ਤਿਆਰ ਇਹ ਨਿਰਮਾਤਾ, ਨਵੀਂ ਫ਼ਿਲਮ ਕਰਨਗੇ ਦਰਸ਼ਕਾਂ ਸਨਮੁੱਖ

Pollywood: ਪੰਜਾਬੀ ਸਿਨੇਮਾ ਦੇ ਦਿੱਗਜ ਨਿਰਦੇਸ਼ਕ ਦੇ ਤੌਰ ‘ਤੇ ਜਾਣੇ ਜਾਂਦੇ ਭਾਰਤ ਭੂਸ਼ਣ ਮਦਾਨ ਦਹਾਕਿਆ ਬਾਅਦ ਪੰਜਾਬੀ ਸਿਨੇਮਾ ‘ਚ ਮੁੜ ਵਾਪਸੀ ਕਰਨ ਲਈ ਤਿਆਰ ਹਨ। ਉਨ੍ਹਾਂ ਦੇ ਇਸ ਦਿਸ਼ਾ ਵਿੱਚ ਵਧਾਏ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਆਉਣ ਵਾਲੀ ਪੰਜਾਬੀ ਫ਼ਿਲਮ ‘ਸੋਨੇ ‘ਤੇ ਸੁਹਾਗਾ’ ਮਲਵਈ ਇਲਾਕਿਆ ਵਿੱਚ ਆਨ ਫਲੋਰ ਪੜਾਅ ਦਾ ਹਿੱਸਾ ਬਣ ਚੁੱਕੀ ਹੈ।

ਪਰਿਵਾਰਿਕ-ਡ੍ਰਾਮੈਟਿਕ ਅਤੇ ਐਕਸ਼ਨ ਸੁਮੇਲਤਾ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਲਵਲੀ ਸ਼ਰਮਾ ਧੂੜਕੋਟ ਕਰਨਗੇ, ਜੋ ਇੰਨੀ ਦਿਨੀ ਕਈ ਅਲਹਦਾ ਫ਼ਿਲਮ ਪ੍ਰੋਜੋਕਟਸ ਦੀ ਸਿਰਜਣਾ ਵਿੱਚ ਜੁਟੇ ਹੋਏ ਹਨ। ਇਨ੍ਹਾਂ ਫਿਲਮਾਂ ਵਿੱਚ ‘ਬੇਗੋ’, ‘ਇੱਕ ਸੀ ਲਾਲੀ’ ਆਦਿ ਸ਼ਾਮਲ ਹਨ। ਪੰਜਾਬ ਦੇ ਮਾਲਵਾ ਹਿੱਸਿਆ ਵਿੱਚ ਫਿਲਮਾਂਈ ਜਾ ਰਹੀ ਇਸ ਫ਼ਿਲਮ ਵਿੱਚ ਅਦਾਕਾਰ ਪਾਲੀ ਸੰਧੂ ਲੀਡ ਰੋਲ ਅਦਾ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕੁਲਦੀਪ ਨਿਆਮੀ ਅਤੇ ਹੋਰ ਕਈ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਨੂੰ ਅਦਾ ਕਰਦੇ ਨਜ਼ਰ ਆਉਣਗੇ।

ਜੇਕਰ ਨਿਰਮਾਤਾ ਭਾਰਤ ਭੂਸ਼ਣ ਮਦਾਨ ਦੇ ਪੰਜਾਬੀ ਫ਼ਿਲਮ ਉਦਯੋਗ ਨਾਲ ਜੁੜੇ ਅਹਿਮ ਪੱਖਾ ਦੀ ਗੱਲ ਕਰੀਏ, ਤਾਂ ਉਹ ‘ਬਦਲਾ ਜੱਟਾ ਦਾ’ ਸਮੇਤ ਕਈ ਬਹੁ-ਚਰਚਿਤ ਅਤੇ ਸਫ਼ਲ ਫਿਲਮਾਂ ਦਾ ਨਿਰਮਾਣਕਾਰ ਦੇ ਤੌਰ ਬਹੁ-ਪ੍ਰਭਾਵੀ ਹਿੱਸਾ ਰਹੇ ਹਨ। ਇਨ੍ਹਾਂ ਵਿੱਚ ‘ਬਾਗੀ ਸੂਰਮੇਂ’, ‘ਹੁੰਦੀ ਵੀਰਾਂ ਨਾਲ ਸਰਦਾਰੀ’ ਅਤੇ ‘ਲਲਕਾਰਾ ਜੱਟੀ ਦਾ’ ਆਦਿ ਸ਼ਾਮਲ ਹਨ। ਮੂਲ ਰੂਪ ਵਿੱਚ ਜਿਲ੍ਹਾ ਲੁਧਿਆਣਾ ਦੇ ਖੰਨਾ ਨਾਲ ਸਬੰਧਤ ਨਿਰਮਾਤਾ ਭੂਸ਼ਨ ਮਦਾਨ ਵੱਲੋਂ ਅਪਣੇ ਸਿਨੇਮਾ ਸਫ਼ਰ ਦੀ ਸ਼ੁਰੂਆਤ ਰਮੇਸ਼ਵਰੀ ਸਟਾਰਰ ‘ਮੈਂ ਤੂੰ ਅਸੀਂ ਤੁਸੀਂ’ ਨਾਲ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਕਾਰਜ਼ਕਾਰੀ ਨਿਰਮਾਤਾ ਦੀ ਜ਼ਿੰਮੇਵਾਰੀ ਨਿਭਾਈ ਸੀ।

1991ਵੇਂ ਦੇ ਦਹਾਕੇ ਦੌਰਾਨ ਐਕਸ਼ਨ ਪੈਕੇਡ ਫਿਲਮਾਂ ਨੂੰ ਨਵੇਂ ਅਯਾਮ ਦੇਣ ਵਿੱਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਜੋ ਲੰਬੇ ਸਮੇਂ ਬਾਅਦ ਇੱਕ ਵਾਰ ਮੁੜ ਅਪਣੀ ਨਿਰਮਾਣਕਾਰ ਪਾਰੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਨਿਰਮਾਣ ਪੜ੍ਹਾਅ ਤੋਂ ਅਲਹਦਾ ਸਿਰਜਣ ਦਾ ਅਹਿਸਾਸ ਕਰਵਾ ਰਹੀ ਇਸ ਫ਼ਿਲਮ ਦੀ ਸਮੁੱਚੀ ਕਾਸਟ ਅਤੇ ਹੋਰ ਖਾਸ ਪਹਿਲੂਆ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ ਹੈ।