Thursday, April 16
Shadow

ਅਭਿਸ਼ੇਕ ਸ਼ਰਮਾ ਦੇ ਘਰ ਖੁਸ਼ੀ ਦਾ ਮਾਹੌਲ,ਚਾਚਾ ਬੋਲੇ- ਸਾਡੇ ਪੁੱਤ ਦੀ ਧਮਾਕੇਦਾਰ ਪਾਰੀ ਨੇ ਜਿੱਤੇ ਸਭ ਦੇ ਦਿਲ

ਅੰਮ੍ਰਿਤਸਰ: ਭਾਰਤੀ ਟੀਮ ਨੇ ਟੀ 20 ਵਿਸ਼ਵ ਕੱਪ 2026 ਦਾ ਫਾਈਨਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਇਤਿਹਾਸਿਤ ਜਿੱਤ ਦੇ ਨਾਲ ਭਾਰਤ ਲਗਾਤਾਰ 2 ਟੀ 20 ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ ਅਤੇ ਤੀਜੀ ਵਾਰ ਟੀ 20 ਟਰਾਫੀ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਤੋਂ ਇਲਾਵਾ, ਭਾਰਤ ਮੇਜ਼ਬਾਨ ਟੀਮ ਦੇ ਤੌਰ ‘ਤੇ ਟੀ 20 ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਵੀ ਬਣ ਗਈ ਹੈ। ਇਸ ਜਿੱਤ ਵਿੱਚ ਨੌਜਵਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ ਸਭ ਤੋਂ ਵੱਡੇ ਹੀਰੋ ਬਣ ਗਏ ਹਨ, ਜਿਨ੍ਹਾਂ ਦੀ ਧਮਾਕੇਦਾਰ ਪਾਰੀ ਨੂੰ ਕ੍ਰਿਕਟ ਪ੍ਰਸ਼ੰਸਕ ਲੰਮੇ ਸਮੇਂ ਤੱਕ ਯਾਦ ਰੱਖਣਗੇ।

“ਅੰਮ੍ਰਿਤਸਰ ਦੇ ਪੁੱਤ ਨੇ ਟੀ 20 ਵਿਸ਼ਵ ਕੱਪ ਜਿੱਤਣ ਵਿੱਚ ਖਾਸ ਯੋਗਦਾਨ ਪਾਇਆ”

ਇਸ ਇਤਿਹਾਸਿਕ ਜਿੱਤ ਤੋਂ ਬਾਅਦ ਅਭਿਸ਼ੇਕ ਸ਼ਰਮਾ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੇ ਚਾਚਾ ਅਮਿਤ ਵਿਆਸ ਨੇ ਖਾਸ ਗੱਲਬਾਤ ਦੌਰਾਨ ਪੂਰੇ ਭਾਰਤ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਹੀ ਭਾਰਤੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਦੇ ਪੁੱਤ ਨੇ ਟੀ 20 ਵਿਸ਼ਵ ਕੱਪ ਜਿੱਤਣ ਵਿੱਚ ਖਾਸ ਯੋਗਦਾਨ ਪਾਇਆ ਹੈ। ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਫਾਈਨਲ ਵਿੱਚ ਅਭਿਸ਼ੇਕ ਦਾ ਬੱਲਾ ਜਰੂਰ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਪੂਰਾ ਪਰਿਵਾਰ ਇਸ ਜਿੱਤ ਨਾਲ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ “ਫਾਇਨਲ ਮੈਚ ਬਹੁਤ ਹੀ ਪ੍ਰੈਸ਼ਰ ਵਾਲਾ ਮੈਚ ਹੁੰਦਾ ਹੈ, ਪਰ ਅਭਿਸ਼ੇਕ ਸ਼ਰਮਾ ਦਾ ਖੇਡਣ ਦਾ ਤਰੀਕਾ ਹੀ ਇਹੋ ਜਿਹਾ ਹੈ ਕਿ ਉਹ ਬਹੁਤ ਘੱਟ ਗੇਂਦਾਂ ਵਿੱਚ ਜਿਆਦਾ ਸਕੋਰ ਮਾਰਦਾ ਹੈ। ਹਮੇਸ਼ਾ ਦੀ ਤਰ੍ਹਾਂ ਹੁਣ ਵੀ ਉਸਨੇ ਉਹੀ ਕਰਕੇ ਦਿਖਾਇਆ ਅਤੇ ਵਿਰੋਧੀ ਟੀਮ ਨੇ ਉਸਦੇ ਅੱਗੇ ਬਿਲਕੁਲ ਹੀ ਢਹਿ -ਢੇਰੀ ਹੋ ਗਈ।”

“ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਜਿਆਦਾ ਮਿਹਨਤ ਦੀ ਲੋੜ ਹੁੰਦੀ ਹੈ, ਇਹ ਕੋਈ ਇੱਕ ਦੀ ਗੱਲ ਨਹੀਂ ਹੁੰਦੀ। ਜੇਕਰ ਅੱਜ ਅਭਿਸ਼ੇਕ ਇਸ ਮੁਕਾਮ ਤੇ ਪਹੁੰਚਿਆ ਹੈ ਤਾਂ ਇਸਦੇ ਲਈ ਉਸਦੇ ਪਿਤਾ ਨੇ ਵੀ ਬਹੁਤ ਜਿਆਦਾ ਮਿਹਨਤ ਕੀਤੀ ਹੈ, ਜਿਸ ਦਾ ਫਲ ਅੱਜ ਉਨ੍ਹਾਂ ਨੂੰ ਮਿਲਿਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਭਿਸ਼ੇਕ ਸ਼ਰਮਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਖੇਡੇਗਾ ਅਤੇ ਦੇਸ਼ ਦੇ ਨਾਲ-ਨਾਲ ਅੰਮ੍ਰਿਤਸਰ ਦਾ ਨਾਮ ਰੌਸ਼ਨ ਕਰੇਗਾ। – ਅਮਿਤ ਵਿਆਸ, ਅਭਿਸ਼ੇਕ ਸ਼ਰਮਾ ਦੇ ਚਾਚਾ”

“ਜਲਦੀ ਹੀ ਗੁਰੂਨਗਰੀ ਅੰਮ੍ਰਿਤਸਰ ਪਹੁੰਚਣਗੇ ਅਭਿਸ਼ੇਕ ਦੇ ਪਿਤਾ”

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜਕੁਮਾਰ ਸ਼ਰਮਾ ਜਲਦ ਹੀ ਗੁਰੂਨਗਰੀ ਅੰਮ੍ਰਿਤਸਰ ਪਹੁੰਚਣਗੇ ਅਤੇ ਪਰਿਵਾਰ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਅਮਿਤ ਵਿਆਸ ਨੇ ਉਮੀਦ ਜਤਾਈ ਕਿ ਆਉਣ ਵਾਲੇ ਮੈਚਾਂ ਵਿੱਚ ਵੀ ਅਭਿਸ਼ੇਕ ਸ਼ਰਮਾ ਇਸੇ ਤਰ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਇੰਡੀਆ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।

“ਕੁੱਲ 21 ਗੇਂਦਾਂ ਵਿੱਚ ਖੇਡੀ 52 ਦੌੜਾਂ ਦੀ ਸ਼ਾਨਦਾਰ ਪਾਰੀ”

ਫਾਈਨਲ ਮੈਚ ਦੌਰਾਨ ਅਭਿਸ਼ੇਕ ਸ਼ਰਮਾ ਨੇ ਬੇਹੱਦ ਆਕਰਮਕ ਅੰਦਾਜ਼ ਵਿੱਚ ਬੱਲੇਬਾਜ਼ੀ ਕਰਦਿਆਂ ਸਿਰਫ਼ 18 ਗੇਂਦਾਂ ਵਿੱਚ ਅਰਧ ਸ਼ਤਕ ਜੜ੍ਹ ਕੇ ਟੂਰਨਾਮੈਂਟ ਦੀ ਸਭ ਤੋਂ ਤੇਜ਼ ਹਾਫ ਸੈਂਚਰੀ ਦਾ ਰਿਕਾਰਡ ਆਪਣੇ ਨਾਮ ਕਰ ਲਿਆ। ਉਨ੍ਹਾਂ ਨੇ ਕੁੱਲ 21 ਗੇਂਦਾਂ ਵਿੱਚ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ ਤਿੰਨ ਛੱਕੇ ਅਤੇ ਛੇ ਚੌਕੇ ਸ਼ਾਮਲ ਸਨ। ਉਨ੍ਹਾਂ ਦੀ ਇਸ ਤੂਫ਼ਾਨੀ ਬੱਲੇਬਾਜ਼ੀ ਨੇ ਮੈਚ ਦਾ ਰੁਖ ਪੂਰੀ ਤਰ੍ਹਾਂ ਭਾਰਤ ਦੇ ਹੱਕ ਵਿੱਚ ਕਰ ਦਿੱਤਾ।

“ਅਭਿਸ਼ੇਕ ਸ਼ਰਮਾ ਦੀ ਬਦੌਲਤ ਟੀਮ ਨੇ ਵਿਸ਼ਾਲ ਸਕੋਰ ਖੜ੍ਹਾ ਕੀਤਾ”

ਅਭਿਸ਼ੇਕ ਸ਼ਰਮਾ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ 20 ਓਵਰਾਂ ਵਿੱਚ 255 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜੋ ਨਿਊਜ਼ੀਲੈਂਡ ਲਈ ਪਾਰ ਕਰਨਾ ਕਾਫ਼ੀ ਮੁਸ਼ਕਿਲ ਸਾਬਿਤ ਹੋਇਆ। ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਵੱਡੇ ਸਕੋਰ ਦੀ ਰੱਖਿਆ ਕੀਤੀ ਅਤੇ ਭਾਰਤ ਦੀ ਝੋਲੀ ਇਤਿਹਾਸਿਕ ਜਿੱਤ ਪਾਈ।