
ਚੰਡੀਗੜ੍ਹ: ਦਿਲਜੀਤ ਦੋਸਾਂਝ ਦੇ 2024 ‘ਦਿਲ-ਲੁਮੀਨਾਤੀ ਇੰਡੀਆ ਟੂਰ’ ਨੇ ਭਾਰਤ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ। EY (Ernst & Young) ਦੀ ਰਿਪੋਰਟ ਮੁਤਾਬਕ ਇਸ ਟੂਰ ਨੇ ਲਗਭਗ 943 ਕਰੋੜ ਰੁਪਏ ਦਾ ਸਮਾਜਿਕ-ਆਰਥਿਕ ਪ੍ਰਭਾਵ (socio-economic impact) ਪਾਇਆ ਹੈ।
ਰਿਪੋਰਟ ਦੀਆਂ ਮੁੱਖ ਗੱਲਾਂ
ਟੂਰ ਨੇ ਸਿੱਧੇ ਅਤੇ ਅਸਿੱਧੇ ਤੌਰ ‘ਤੇ ₹943 ਕਰੋੜ ਦੀ ਆਰਥਿਕ ਗਤੀਵਿਧੀ ਪੈਦਾ ਕੀਤੀ। ਇਸ ਵਿੱਚੋਂ ₹276 ਕਰੋੜ ਸਿੱਧੇ ਤੌਰ ‘ਤੇ ਟਿਕਟਾਂ ਦੀ ਵਿਕਰੀ, ਸਪਾਂਸਰਸ਼ਿਪ ਅਤੇ ਖਾਣ-ਪੀਣ ਤੋਂ ਆਏ। ਲਗਭਗ ₹553 ਕਰੋੜ ਦਾ ਫਾਇਦਾ ਹੋਟਲ ਇੰਡਸਟਰੀ, ਟੈਕਸੀਆਂ ਅਤੇ ਸ਼ਾਪਿੰਗ ਵਰਗੇ ਖੇਤਰਾਂ ਨੂੰ ਹੋਇਆ ਕਿਉਂਕਿ 38 ਫੀਸਦ ਦਰਸ਼ਕ ਦੂਜੇ ਸ਼ਹਿਰਾਂ ਤੋਂ ਆਏ ਸਨ। ਇਸ ਟੂਰ ਰਾਹੀਂ ਇਵੈਂਟ ਮੈਨੇਜਮੈਂਟ, ਸੁਰੱਖਿਆ ਅਤੇ ਹੋਰ ਸੇਵਾਵਾਂ ਵਿੱਚ 1.18 ਲੱਖ ਤੋਂ ਵੱਧ ਦਿਹਾੜੀਆਂ ਦੇ ਬਰਾਬਰ ਰੁਜ਼ਗਾਰ ਪੈਦਾ ਹੋਇਆ। ਟੈਕਸਾਂ (GST) ਅਤੇ ਹੋਰ ਸਰਕਾਰੀ ਫੀਸਾਂ ਰਾਹੀਂ ਸਰਕਾਰ ਨੂੰ ਲਗਭਗ ₹114 ਕਰੋੜ ਦਾ ਮਾਲੀਆ ਹਾਸਲ ਹੋਇਆ। 13 ਸ਼ਹਿਰਾਂ ਵਿੱਚ ਹੋਏ 14 ਸ਼ੋਅਜ਼ ਦੌਰਾਨ 3.2 ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ ਹਾਜ਼ਰੀ ਭਰੀ।
ਚੰਡੀਗੜ੍ਹ ਅਤੇ ਲੁਧਿਆਣਾ ਵੀ ਸਨ ਟੂਰ ਦਾ ਹਿੱਸਾ
14 ਦਸੰਬਰ 2024 ਨੂੰ ਹੋਇਆ ਚੰਡੀਗੜ੍ਹ ਦਾ ਸ਼ੋਅ ਇਸ ਟੂਰ ਦੇ ਸਭ ਤੋਂ ਵੱਡੇ ਸ਼ੋਅਜ਼ ਵਿੱਚੋਂ ਇੱਕ ਰਿਹਾ ਸੀ। ਸੈਕਟਰ 34 ਦੇ ਮੇਲਾ ਗਰਾਊਂਡ ਵਿੱਚ ਹੋਏ ਇਸ ਕੰਸਰਟ ਵਿੱਚ ਲਗਭਗ 24,232 ਪ੍ਰਸ਼ੰਸਕ ਪਹੁੰਚੇ ਪਰ ਪੁਲਿਸ ਦੇ ਅੰਦਾਜ਼ੇ ਮੁਤਾਬਕ ਇਹ ਗਿਣਤੀ 35,000 ਦੇ ਕਰੀਬ ਸੀ। ਚੰਡੀਗੜ੍ਹ ਵਿੱਚ ਸਭ ਤੋਂ ਵੱਧ 62 ਫੀਸਦ ਦਰਸ਼ਕ ਦੂਜੇ ਸ਼ਹਿਰਾਂ ਤੋਂ ਆਏ ਸਨ। ਇਸ ਨਾਲ ਸ਼ਹਿਰ ਦੇ ਹੋਟਲਾਂ, ਟੈਕਸੀਆਂ ਅਤੇ ਰੈਸਟੋਰੈਂਟਾਂ ਨੂੰ ਭਾਰੀ ਮੁਨਾਫਾ ਹੋਇਆ। ਇੱਥੇ ਟਿਕਟਾਂ ਦੀ ਕੀਮਤ ₹2,499 ਤੋਂ ₹60,000 ਤੱਕ ਸੀ, ਜੋ ਕੁਝ ਹੀ ਮਿੰਟਾਂ ਵਿੱਚ ਵਿਕ ਗਈਆਂ।
22 ਦਸੰਬਰ 2024 ਨੂੰ ਲੁਧਿਆਣਾ ਵਿੱਚ ਦਿਲਜੀਤ ਦੇ ਸ਼ੋਅ ਨੇ ਉਦਯੋਗਿਕ ਸ਼ਹਿਰ ਵਿੱਚ ਨਵਾਂ ਜੋਸ਼ ਭਰ ਦਿੱਤਾ, ਜਿੱਥੇ ਲਗਭਗ 25,000 ਤੋਂ 30,000 ਲੋਕਾਂ ਨੇ ਸ਼ਿਰਕਤ ਕੀਤੀ। ਲੁਧਿਆਣਾ ਦੇ ਸ਼ੋਅ ਕਾਰਨ ਸਥਾਨਕ ਕੱਪੜਾ ਮਾਰਕੀਟ (ਹੌਜ਼ਰੀ) ਅਤੇ ਖਾਣ-ਪੀਣ ਦੇ ਕਾਰੋਬਾਰ ਵਿੱਚ ਤੇਜ਼ੀ ਦੇਖੀ ਗਈ। EY ਦੀ ਰਿਪੋਰਟ ਮੁਤਾਬਕ, ਅਜਿਹੇ ਸ਼ੋਅਜ਼ ਨਾਲ ਸਥਾਨਕ ਖਰੀਦਦਾਰੀ (shopping) ਵਿੱਚ ₹115 ਕਰੋੜ ਦਾ ਵਾਧਾ ਹੋਇਆ। ਲੁਧਿਆਣਾ ਵਿੱਚ ਸਥਾਨਕ ਸਿਕਿਓਰਿਟੀ ਏਜੰਸੀਆਂ, ਇਵੈਂਟ ਵਰਕਰਾਂ ਅਤੇ ਟਰਾਂਸਪੋਰਟ ਵਾਲਿਆਂ ਲਈ ਹਜ਼ਾਰਾਂ ਮੌਕੇ ਪੈਦਾ ਹੋਏ।
‘ਦਿਲ-ਲੁਮੀਨਾਤੀ ਇੰਡੀਆ ਟੂਰ’ ਦੀ ਧਮਕ
- ਕੁੱਲ ਕਮਾਈ: ਟੂਰ ਨੇ ਸਿੱਧੇ ਤੌਰ ‘ਤੇ ₹276 ਕਰੋੜ ਅਤੇ ਅਸਿੱਧੇ ਤੌਰ ‘ਤੇ ₹553 ਕਰੋੜ ਦਾ ਵਪਾਰ ਕੀਤਾ।
- ਸਰਕਾਰੀ ਟੈਕਸ: ਪੂਰੇ ਟੂਰ ਰਾਹੀਂ ਸਰਕਾਰ ਨੂੰ ₹111 ਕਰੋੜ GST ਮਿਲਿਆ।
- ਨਵੇਂ ਖਾਤੇ: HDFC ਬੈਂਕ ਨੇ ਇਸ ਟੂਰ ਰਾਹੀਂ 75,000 ਤੋਂ ਵੱਧ ਨਵੇਂ ਗਾਹਕ ਜੋੜੇ।
ਇਸ ਰਿਪੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਸੱਭਿਆਚਾਰ ਅਤੇ ਦਿਲਜੀਤ ਦੋਸਾਂਝ ਦੀ ਚੜ੍ਹਾਈ ਹੁਣ ਸਿਰਫ ਮਨੋਰੰਜਨ ਤੱਕ ਸੀਮਤ ਨਹੀਂ, ਸਗੋਂ ਦੇਸ਼ ਦੀ ਆਰਥਿਕਤਾ ਦਾ ਇੱਕ ਵੱਡਾ ਥੰਮ੍ਹ ਬਣ ਗਈ ਹੈ।