
ਚੰਡੀਗੜ੍ਹ: ਪਾਲੀਵੁੱਡ ਤੋਂ ਬਾਅਦ ਅੱਜ ਕੱਲ੍ਹ ਬਾਲੀਵੁੱਡ ਗਲਿਆਰਿਆਂ ਵਿੱਚ ਵੀ ਚਰਚਿਤ ਅਤੇ ਮੋਹਰੀ ਕਤਾਰ ਅਦਾਕਾਰਾ ਦੇ ਤੌਰ ‘ਤੇ ਆਪਣੇ ਨਾਮ ਦਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਸੋਨਮ ਬਾਜਵਾ ਇੱਕ ਵਾਰ ਮੁੜ ਪੰਜਾਬੀ ਸਿਨੇਮਾ ਵਿਹੜੇ ਆਪਣੀ ਪ੍ਰਭਾਵੀ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੀ ਹੈ। ਉਨ੍ਹਾਂ ਦੀ ਨਵੀਂ ਪੰਜਾਬੀ ਫ਼ਿਲਮ ‘ਪਿਟ ਸਿਆਪਾ’ ਜਲਦ ਵਿਸ਼ਵ-ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ, ਅਦਾਕਾਰਾ ਨੇ ਇਸ ਫਿਲਮ ਦੇ ਟੀਜ਼ਰ ਦਾ ਐਲਾਨ ਕਰ ਦਿੱਤਾ ਹੈ। ਪੰਜਾਬੀ ਫ਼ਿਲਮ ‘ਪਿਟ ਸਿਆਪਾ’ ਦਾ ਟੀਜ਼ਰ ਕੱਲ੍ਹ ਰਿਲੀਜ਼ ਹੋਵੇਗਾ।
‘ਮੂਵੀ ਟਨਲ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਚਹਿਲ ਦੁਆਰਾ ਕੀਤਾ ਗਿਆ ਹੈ, ਜੋ ਆਪਣੀ ਇਸ ਹੋਰ ਡਾਇਰੈਕਟੋਰੀਅਲ ਫ਼ਿਲਮ ਨਾਲ ਪੰਜਾਬੀ ਫ਼ਿਲਮ ਉਦਯੋਗ ਵਿੱਚ ਇੱਕ ਨਵੇਂ ਅਤੇ ਸ਼ਾਨਦਾਰ ਅਗਾਜ਼ ਵੱਲ ਵਧਣਗੇ।
ਕਾਮੇਡੀ-ਡ੍ਰਾਮੈਟਿਕ ਅਤੇ ਰੋਮਾਂਟਿਕ ਸੰਗ਼ੀਤਮਈ ਰੰਗਾਂ ਵਿੱਚ ਰੰਗੀ ਇਸ ਪ੍ਰਭਾਵਪੂਰਨ ਫ਼ਿਲਮ ਵਿੱਚ ਲੀਡਿੰਗ ਕਿਰਦਾਰ ਸੋਨਮ ਬਾਜਵਾ ਪਲੇ ਕਰ ਰਹੀ ਹੈ। ਅਦਾਕਾਰਾ ਦੇ ਅੋਪੋਜਿਟ ਉਭਰਦੇ ਚਿਹਰੇ ਪਰਮਵੀਰ ਸਿੰਘ ਚੀਮਾ ਨਜ਼ਰ ਆਉਣਗੇ। ਇਹ ਦੋਨੋਂ ਕਲਾਕਾਰ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਫਿਲਮ ਦਾ ਨਿਰਮਾਣ ਬਲਵਿੰਦਰ ਸਿੰਘ ਜੰਜੂਆ, ਪੰਕਜ ਗੁਪਤਾ, ਸੂਰਿਆ ਗੁਪਤਾ, ਸੰਦੀਪ ਵਾਸਵਾਨੀ, ਯੋਗੇਸ਼ ਰੇਹਾੜ ਅਤੇ ਕੇਵਲ ਗਰਗ ਵੱਲੋਂ ਕੀਤਾ ਗਿਆ ਹੈ।
ਸਹਿ ਨਿਰਮਾਤਾ ਪ੍ਰਵੀਨ ਗੁਪਤਾ ਅਤੇ ਸੋਨਲ ਮਲਹੋਤਰਾ ਦੀ ਨਿਗਰਾਨੀ ਹੇਠ ਬਣਾਈ ਗਈ ਇਹ ਫ਼ਿਲਮ 1 ਮਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪੱਖਾਂ ਦੀ ਗੱਲ ਕਰੀਏ, ਤਾਂ ਮਲਟੀ-ਸਟਾਰਰ ਅਤੇ ਬਾਲੀਵੁੱਡ ਪੱਧਰੀ ਤਾਣੇ-ਬਾਣੇ ਵਿੱਚ ਬੁਣੀ ਗਈ ਇਸ ਫ਼ਿਲਮ ਦੇ ਸਟੋਰੀ-ਸਕਰੀਨ ਪਲੇਅ ਲੇਖ਼ਕ ਰੁਪਿੰਦਰ ਚਾਹਲ, ਬਲਵਿੰਦਰ ਸਿੰਘ ਜੰਜੂਆ, ਅਨਿਲ ਰੋਧਨ, ਡਾਇਲਾਗ ਲੇਖ਼ਕ ਲਖਬੀਰ ਲਹਿਰੀ, ਸੰਗ਼ੀਤਕਾਰ ਅਵੀ ਸਰਾਂ, ਬੀ ਰੈਕਸਸ ਅਤੇ ਹੈਪੀ ਰਾਏਕੋਟੀ ਹਨ।
ਇਸ ਫਿਲਮ ਦੇ ਨਿਰਮਾਤਾ ਬਲਵਿੰਦਰ ਸਿੰਘ ਜੰਜੂਆ ਹਨ, ਜੋ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਮੁੰਬਈ ਉਦਯੋਗ ਵਿੱਚ ਵੱਡੇ ਨਾਮ ਵਜੋਂ ਆਪਣਾ ਸ਼ੁਮਾਰ ਸਫਲਤਾਪੂਰਵਕ ਕਰਵਾ ਰਹੇ ਹਨ। ਉਨ੍ਹਾਂ ਦੁਆਰਾ ਲਿਖੀਆਂ ਅਤੇ ਨਿਰਦੇਸ਼ਿਤ ਕੀਤੀਆ ਫਿਲਮਾਂ ਵਿੱਚ ‘ਸਾਂਡ ਕੀ ਆਂਖ’, ‘ਫਿਰੰਗੀ’, ‘ਤੇਰਾ ਕਿਆ ਹੋਗਾ ਲਵਲੀ’, ‘ਮੁਬਾਰਕਾਂ’, ‘ਸਬ ਫ਼ਸਟ ਕਲਾਸ’ ਅਤੇ ‘ਕੈਟ’ ਜਿਹੀ ਕਾਮਯਾਬ ਵੈੱਬ ਸੀਰੀਜ਼ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਸਾਲ 2021 ਵਿੱਚ ਆਈ ਅਤੇ ਐਮੀ ਵਿਰਕ ਸਟਾਰਰ ‘ਪੁਆੜਾ’ ਦਾ ਵੀ ਨਿਰਮਾਣ ਕਰ ਚੁੱਕੇ ਹਨ।
ਹਾਲ ਹੀ ਵਿੱਚ ਸਾਹਮਣੇ ਆਈ ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ 4’ ਦਾ ਬਹੁ-ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਸੋਨਮ ਬਾਜਵਾ ਵੱਲੋ ਬੀਤੇ ਦਿਨਾਂ ਦੌਰਾਨ ਕੀਤੀਆ ਹਿੰਦੀ ਫਿਲਮਾਂ ਦੀ ਗੱਲ ਕਰੀਏ, ਤਾਂ ਇਨ੍ਹਾਂ ਵਿੱਚ ‘ਬਾਗੀ 4’, ‘ਹਾਊਸਫੁੱਲ 5’, ‘ਦੀਵਾਨੀਅਤ’ ਸ਼ਾਮਲ ਹਨ, ਜਿਨ੍ਹਾਂ ਵਿੱਚ ਵੀ ਉਨਾਂ ਦੀ ਮੌਜ਼ੂਦਗੀ ਨੂੰ ਦਰਸ਼ਕਾਂ ਦੁਆਰਾ ਬੇਹੱਦ ਸਰਾਹਿਆ ਗਿਆ ਹੈ।