Wednesday, May 6
Shadow

ਬਤੌਰ ਗੀਤਕਾਰ ਨਵੇਂ ਅਧਿਆਏ ਵੱਲ ਵਧੇ ਰਾਣਾ ਰਣਬੀਰ, ਜਲਦ ਆਪਣਾ ਗੀਤ ਕਰਨਗੇ ਦਰਸ਼ਕਾਂ ਸਨਮੁੱਖ

ਚੰਡੀਗੜ੍ਹ: ਪੰਜਾਬੀ ਸਿਨੇਮਾ ਹੋਵੇ, ਸਾਹਿਤ ਜਾਂ ਫਿਰ ਰੰਗਮੰਚ ਦੀ ਦੁਨੀਆ ਹੋਵੇ, ਹਰ ਵਿੱਚ ਆਪਣੀ ਬਹੁ-ਆਯਾਮੀ ਕਲਾ ਦਾ ਲੋਹਾ ਮੰਨਵਾ ਚੁੱਕੇ ਰਾਣਾ ਰਣਬੀਰ ਹੁਣ ਗੀਤਕਾਰ ਦੇ ਤੌਰ ‘ਤੇ ਇੱਕ ਨਵੇਂ ਅਧਿਆਏ ਵੱਲ ਵਧਣ ਜਾ ਰਹੇ ਹਨ। ਉਨ੍ਹਾਂ ਦੇ ਇਸ ਦਿਸ਼ਾ ਵੱਲ ਵਧਾਏ ਬਹੁ-ਪ੍ਰਭਾਵੀ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਅਤੇ ਉਨ੍ਹਾਂ ਵੱਲੋਂ ਲਿਖਿਆ ਗੀਤ ‘ਜੂਨ ਵਾਲੀ ਧੁੱਪ’ ਹੈ, ਜਿਸਨੂੰ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਅਤੇ ਚੈੱਨਲਸ ‘ਤੇ ਰਿਲੀਜ਼ ਕੀਤਾ ਜਾਵੇਗਾ।

ਪੰਜਾਬ ਦੇ ਠੇਠ ਦੇਸੀ ਮਾਹੋਲ ‘ਚ ਰੰਗੇ ਇਸ ਗਾਣੇ ਵਿੱਚ ਪੰਜਾਬੀ ਰੀਤੀ ਰਿਵਾਜਾਂ ਅਤੇ ਕਦਰਾਂ ਕੀਮਤਾਂ ਨੂੰ ਪ੍ਰਤੀਬਿੰਬ ਕੀਤਾ ਗਿਆ ਹੈ । ਜ਼ਿੰਦਗੀ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕੀਤੇ ਇਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਸੰਗ਼ੀਤਬਧਤਾ ਨੂੰ ਨੌਜਵਾਨ ਅਤੇ ਉਭਰਦੇ ਗਾਇਕ ਹਸਰਤ ਵੱਲੋ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਪਰਿਵਾਰਿਕ ਅਤੇ ਮੋਲੋਡੀਅਸ ਗਾਣਿਆ ਦਾ ਗਾਇਨ ਕਰ ਚੁੱਕੇ ਹਨ।

ਦਿਲ ਨੂੰ ਛੂਹ ਲੈਣ ਵਾਲੇ ਇਸ ਗਾਣੇ ਦੇ ਬੋਲਾਂ ਦੀ ਸਿਰਜਨਾ ਰਾਣਾ ਰਣਬੀਰ ਅਤੇ ਹਰਜਿੰਦਰ ਜੌਹਲ ਵੱਲੋਂ ਕੀਤੀ ਗਈ ਹੈ। ਇਨ੍ਹਾਂ ਦੀ ਖੂਬਸੂਰਤ ਲੇਖ਼ਣ ਕਲਾ ਦਾ ਮੁਜ਼ਾਹਰਾ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ। ਇਸਦੇ ਕਲਾ ਸਿਰਜਕ ਹਰਮਿੰਦਰ ਬੋਪਾਰਾਏ ਹਨ।

ਜੇਕਰ ਵਰਕ ਫਰੰਟ ਦੀ ਗੱਲ ਕਰੀਏ, ਤਾਂ ਇੰਨੀ ਦਿਨੀਂ ਆਪਣੀ ਨਵੀਂ ਅਤੇ ਜਤਿੰਦਰ ਮੌਹਰ ਵੱਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਫ਼ਿਲਮ ‘ਜਵਾਕ’ ਵਿੱਚ ਅਦਾਕਾਰ ਰਾਣਾ ਰਣਬੀਰ ਨੇ ਨੀਰੂ ਬਾਜਵਾ ਨਾਲ ਕਾਫ਼ੀ ਮਹੱਤਵਪੂਰਨ ਅਤੇ ਚੈਲੇਜਿੰਗ ਕਿਰਦਾਰ ਅਦਾ ਕੀਤਾ ਹੈ। ਹਾਲ ਹੀ ਦੇ ਦਿਨਾਂ ਵਿੱਚ ਆਪਣੇ ਦੋ ਨਾਟਕਾਂ ‘ਮਾਸਟਰ ਜੀ’ ਅਤੇ ‘ਬੰਦੇ ਬਣੋ ਬੰਦੇ’ ਨੂੰ ਲੈ ਕੇ ਵੀ ਅਦਾਕਾਰ ਬੇਹੱਦ ਪ੍ਰਸ਼ੰਸਾਂ ਹਾਸਿਲ ਕਰ ਚੁੱਕੇ ਹਨ, ਜੋ ਆਪਣੇ ਇਨ੍ਹਾਂ ਨਾਟਕਾਂ ਦੀ ਪੇਸ਼ਕਾਰੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਸਮੇਤ ਵਿਸ਼ਵ ਦੇ ਹਰ ਹਿੱਸੇ ਵਿੱਚ ਕਰ ਚੁੱਕੇ ਹਨ।