Thursday, April 23
Shadow

ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ‘ਤੇ ਪਾਬੰਦੀ ਲਗਾਉਣ ਦੀ ਮੰਗ, ਰਾਜਾ ਵੜਿੰਗ ਨੇ PM ਨੂੰ ਲਿਖਿਆ ਪੱਤਰ

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਦਾ ਜ਼ਰੂਰੀ ਧਿਆਨ ‘ਲਾਰੈਂਸ ਆਫ ਪੰਜਾਬ’ ਨਾਂਮ ਦੀ ਇੱਕ ਓਟੀਟੀ ਪਲੇਟਫਾਰਮ ‘ਤੇ ਪ੍ਰਸਾਰਿਤ ਕੀਤੀ ਜਾਣ ਵਾਲੀ ਵੈੱਬ ਸੀਰੀਜ਼ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਖਤਰਨਾਕ ਅਪਰਾਧੀ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ‘ਤੇ ਆਧਾਰਿਤ ਹੈ।

ਵੜਿੰਗ ਵੱਲੋਂ ਪੀਐਮ ਨੂੰ ਚਿੱਠੀ

ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਹੈ ਕਿ “ਇਹ ਫਿਲਮ/ਸੀਰੀਜ਼ ਇੱਕ ਅਜਿਹੇ ਵਿਅਕਤੀ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਹੜਾ ਬਹੁਤ ਲੋਕਪ੍ਰਿਯ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਿਰਦਈ ਕਤਲ ਸਣੇ ਕਈ ਭਿਆਨਕ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ।”

ਪੰਜਾਬ ਦਾ ਸ਼ਾਨਦਾਰ ਇਤਿਹਾਸ

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ “ਅਸੀਂ ਪੰਜਾਬ ਵਿੱਚ ਇਸ ਸੀਰੀਜ਼ ਦਾ ਕਈ ਕਾਰਨਾਂ ਕਰਕੇ ਤਿੱਖਾ ਵਿਰੋਧ ਕਰਦੇ ਹਾਂ। ਜਿਹੜਾ ਸੂਬਾ ਗੁਰੂਆਂ, ਰਿਸ਼ੀਆਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ। ਤੁਸੀਂ ਖੁਦ ਵੀ ਪੰਜਾਬ ਵਿੱਚ ਕਾਫੀ ਸਮਾਂ ਬਿਤਾਇਆ ਹੈ ਅਤੇ ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਜਾਣਦੇ ਹੋ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਕੀ ਅਜਿਹੀ ਪਵਿੱਤਰ ਧਰਤੀ, ਜਿਸਦਾ ਸ਼ਾਨਦਾਰ ਇਤਿਹਾਸ ਅਤੇ ਸਭਿਆਚਾਰ ਹੈ, ਉਸ ਨੂੰ ਕਿਸੇ ਗੈਂਗਸਟਰ ਨਾਲ ਜੋੜਿਆ ਜਾਣਾ ਚਾਹੀਦਾ ਹੈ।”

ਗੈਂਗਸਟਰ ਕਲਚਰ ਦੀ ਵਡਿਆਈ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੁਰਮ ਅਤੇ ਗੈਂਗਸਟਰ ਕਲਚਰ ਦੀ ਵਡਿਆਈ ਕਰਨਾ ਨੌਜਵਾਨ ਮਨਾਂ ‘ਤੇ ਖਤਰਨਾਕ ਅਤੇ ਵਿਨਾਸ਼ਕਾਰੀ ਪ੍ਰਭਾਵ ਛੱਡ ਸਕਦਾ ਹੈ, ਜਿਸ ਨਾਲ ਉਹ ਜੁਰਮ ਵੱਲ ਆਕਰਸ਼ਿਤ ਹੋ ਸਕਦੇ ਹਨ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੁਰਮ ਅਤੇ ਗੈਂਗਸਟਰ ਕਲਚਰ ਨੂੰ ਰੋਕਣ ਦੀ ਬਜਾਏ, ਜਿਸ ਦੀ ਸਾਨੂੰ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਹ ਵੈੱਬ ਸੀਰੀਜ਼ ਉਸ ਨੂੰ ਵਧਾਏਗੀ।

ਪੰਜਾਬ ਅਤੇ ਪੰਜਾਬੀਆਂ ਦੀ ਤੌਹੀਨ

ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਅਤੇ ਪੰਜਾਬ ਨੂੰ ਲਾਰੈਂਸ ਬਿਸ਼ਨੋਈ ਵਰਗੇ ਅਪਰਾਧੀ ਨਾਲ ਜੋੜਨਾ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਤੌਹੀਨ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਇਸ ਬੁਰਾਈ ਨੂੰ ਸ਼ੁਰੂਆਤ ਵਿੱਚ ਹੀ ਰੋਕਣਾ ਚਾਹੀਦਾ ਹੈ ਅਤੇ ਅਸੀਂ ਮਾਮਲੇ ਵਿਚ ਤੁਹਾਡੇ ਨਿੱਜੀ ਦਖਲ ਦੀ ਮੰਗ ਕਰਦੇ ਹਾਂ, ਤਾਂ ਜੋ ਇਸ ਸੀਰੀਜ਼ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾਈ ਜਾ ਸਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਸੂਚਨਾ ਟੈਕਨਾਲਜੀ ਮੰਤਰਾਲੇ ਨੂੰ ਇਸ ਵੈੱਬ ਸੀਰੀਜ਼ ਦੇ ਰਿਲੀਜ਼ ‘ਤੇ ਪਾਬੰਦੀ ਲਗਾਉਣ ਲਈ ਹੁਕਮ ਜਾਰੀ ਕਰਨ।

ਵੈੱਬਸੀਰੀਜ਼ ਖਿਲਾਫ਼ ਕਾਨੂੰਨੀ ਲੜਾਈ

ਇਸ ਤੋਂ ਪਹਿਲਾਂ ਬੀਤੇ ਦਿਨ ਰਾਜਾ ਵੜਿੰਗ ਨੇ ਐਕਸ ‘ਤੇ ਪੋਸਟ ਕਰਦਿਆਂ ਲਿਖਿਆ ਸੀ ਕਿ, “ਲਾਰੈਂਸ ਆਫ਼ ਪੰਜਾਬ ਵਿਰੁੱਧ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਇਹ ਕਿਸੇ ਸੁਰਖੀਆਂ ਜਾਂ ਰਾਜਨੀਤੀ ਲਈ ਨਹੀਂ ਹੈ, ਪਰ ਹਰ ਉਸ ਮਾਂ ਲਈ ਜੋ ਅਜੇ ਵੀ ਇੱਕ ਅਜਿਹੇ ਪੁੱਤਰ ਦੀ ਉਡੀਕ ਕਰਦੀ ਹੈ ਜੋ ਕਦੇ ਵਾਪਸ ਨਹੀਂ ਆਵੇਗਾ। ਪੰਜਾਬ ਅਜੇ ਵੀ ਠੀਕ ਹੋ ਰਿਹਾ ਹੈ ਅਤੇ ਤੁਸੀਂ ਸਾਡੇ ਜ਼ਖ਼ਮਾਂ ਨੂੰ ਦੇਖਣਯੋਗ ਸਮੱਗਰੀ ਵਿੱਚ ਨਹੀਂ ਬਦਲ ਸਕਦੇ। ਸਾਨੂੰ ਸਿੱਧੂ ਮੂਸੇਵਾਲਾ ਯਾਦ ਹੈ। ਸਾਨੂੰ ਲਾਰੈਂਸ ਬਿਸ਼ਨੋਈ ਵਰਗੇ ਲੋਕਾਂ ਦੀ ਹਿੰਸਾ ਵਿੱਚ ਗੁਆਚੀ ਹਰ ਮਾਸੂਮ ਜਾਨ ਯਾਦ ਹੈ। ਕੁਝ ਕਹਾਣੀਆਂ ਹਨ ਜਿਨ੍ਹਾਂ ਦੀ ਵਡਿਆਈ ਨਹੀਂ ਕੀਤੀ ਜਾਣੀ ਚਾਹੀਦੀ। ਕੁਝ ਦਰਦ ਹਨ ਜਿਨ੍ਹਾਂ ਨੂੰ ਵੇਚਿਆ ਨਹੀਂ ਜਾਣਾ ਚਾਹੀਦਾ। ਅਸੀਂ ਕਾਨੂੰਨੀ ਰਸਤਾ ਚੁਣਿਆ ਕਿਉਂਕਿ ਚੁੱਪ ਰਹਿਣਾ ਧੋਖਾ ਹੋਵੇਗਾ। ਪੰਜਾਬ ਸਨਮਾਨ ਦਾ ਹੱਕਦਾਰ ਹੈ। ਅਜਿਹੀਆਂ ਚੀਜ਼ਾਂ ਦਾ ਨਹੀਂ।”