ਹੈਦਰਾਬਾਦ: ਅਦਾਕਾਰ ਆਰ. ਮਾਧਵਨ ਨੇ ਆਪਣੀ ਫਿਲਮ ‘ਧੁਰੰਧਰ 2’ ਦੇ ਇੱਕ ਦ੍ਰਿਸ਼ ਲਈ ਸਫਾਈ ਦਿੱਤੀ। ਦੱਸ ਦੇਈਏ ਕਿ ਇਸ ਫਿਲਮ ਵਿਚਲੇ ਉਨ੍ਹਾਂ ਦੇ ਇੱਕ ਸੀਨ ਨੇ ਵਿਵਾਦ ਖੜ੍ਹਾ ਕਰ ਦਿੱਤਾ। ਇਸ ਦ੍ਰਿਸ਼ ਵਿੱਚ ਅਦਾਕਾਰ ਦੇ ਕਿਰਦਾਰ ਨੂੰ ਸਿਗਰਟ ਪੀਂਦੇ ਹੋਏ ਦਿਖਾਇਆ ਗਿਆ ਸੀ, ਜਿਸ ‘ਤੇ ਲੋਕਾਂ ਨੇ ਇਤਰਾਜ਼ ਜਿਤਾਇਆ ਸੀ। ਹੁਣ ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਇਸ ਮੁੱਦੇ ਨੂੰ ਚੁੱਕਿਆ ਅਤੇ ਆਪਣਾ ਬਿਆਨ ਜਾਰੀ ਕਰਦੇ ਹੋਏ ਪ੍ਰਸ਼ੰਸਕਾਂ ਅਤੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਵੀ ਤਰ੍ਹਾਂ ਦਾ ਅਪਮਾਨ ਕਰਨ ਦਾ ਨਹੀਂ ਸੀ। ਇਸ ਵੀਡੀਓ ਵਿੱਚ ਅਦਾਕਾਰ ਨੇ ਕਿਹਾ ਕਿ ਧੁਰੰਧਰ ਦੇ ਪਰਿਵਾਰ ਵੱਲੋ ਤੁਹਾਡਾ ਸਭ ਦਾ ਧੰਨਵਾਦ ਸਾਨੂੰ ਇੰਨਾਂ ਪਿਆਰ ਦੇਣ ਲਈ। ਹਾਲ ਹੀ ਵਿੱਚ ਸਾਨੂੰ ਪਤਾ ਲੱਗਾ ਹੈ ਕਿ ਕੁਝ ਲੋਕਾਂ ਨੂੰ ਇਸ ਗੱਲ ਦਾ ਬੁਰਾ ਲੱਗਾ ਕਿ ਇਸ ਫਿਲਮ ਦੇ ਇੱਕ ਸੀਨ ਵਿੱਚ ਗੁਰੂ ਗੋਬਿੰਦ ਸਿੰਘ ਦੇ ਦਸਮ ਗ੍ਰੰਥ ਦੀਆਂ ਕੁਝ ਲਾਈਨਾਂ ਬੋਲਦੇ ਹੋਏ ਮੈਂ ਸਿਗਰਟ ਪੀਤੀ। ਪਰ ਅਜਿਹਾ ਨਹੀਂ ਹੈ।
ਆਰ.ਮਾਧਵਨ ਨੇ ਦਿੱਤੀ ਸਫ਼ਾਈ
ਆਰ. ਮਾਧਵਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਥੋੜੀ ਜਿਹੀ ਗਲਤਫਹਿਮੀ ਹੋਈ ਸੀ। ਮੈਨੂੰ ਪੂਰਾ ਭਰੋਸਾ ਹੈ ਕਿ ਇਸ ਸੀਨ ਤੋਂ ਪਹਿਲਾ ਅਤੇ ਇਹ ਲਾਈਨਾਂ ਬੋਲਣ ਤੋਂ ਪਹਿਲਾ ਆਦਿਤਿਆ ਧਰ ਨੇ ਮੈਨੂੰ ਬੋਲਿਆ ਸੀ ਕਿ ਇਹ ਲਾਈਨ ਬੋਲਣ ਤੋਂ ਪਹਿਲਾ ਤੁਸੀਂ ਸਿਗਰਟ ਬੰਦ ਕਰ ਦੇਣਾ, ਕਿਉਕਿ ਇਹ ਸਾਡੇ ਲਈ ਪਵਿੱਤਰ ਹੈ, ਤਾਂ ਮੈਂ ਸਿਗਰਟ ਬੰਦ ਕਰ ਦਿੱਤੀ ਸੀ ਅਤੇ ਜੇਕਰ ਤੁਸੀਂ ਸੀਨ ਦੇਖੋਗੇ, ਤੁਹਾਨੂੰ ਮੇਰੇ ਮੂੰਹ ਤੋਂ ਧੂੰਆ ਨਹੀਂ ਦਿਖੇਗਾ। ਫ੍ਰੇਮ ਵਿੱਚ ਵੀ ਕਿਤੇ ਧੂੰਆ ਨਹੀਂ ਹੈ ਅਤੇ ਨਾ ਹੀ ਸੀਨ ਖਤਮ ਹੋਣ ਤੱਕ ਧੂੰਆ ਨਜ਼ਰ ਆ ਰਿਹਾ ਹੈ, ਕਿਉਕਿ ਅਸੀ ਕਿਸੇ ਦਾ ਦਿਲ ਤੋੜਨਾ ਨਹੀਂ ਚਾਹੁੰਦੇ। ਮਾਧਵਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫਿਲਮ ਨਿਰਮਾਤਾਵਾਂ ਦੇ ਮਨ ਵਿੱਚ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੇ ਮੁੱਲਾਂ ਪ੍ਰਤੀ ਗਹਿਰਾ ਸਾਮਾਨ ਹੈ। ਅਸੀਂ ਸਿੱਖ ਭਾਈਚਾਰੇ ਦੇ ਨਾਲ ਹਾਂ ਅਤੇ ਅਸੀ ਉਨ੍ਹਾਂ ਦੀ ਇੱਜ਼ਤ ਕਰਦੇ ਹਾਂ। ਮੈਂ ਆਪਣੀ ਹਰ ਫਿਲਮ ਰਿਲੀਜ਼ ਤੋਂ ਪਹਿਲਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂਦਾ ਹਾਂ, ਇਹ ਸਭ ਨੂੰ ਪਤਾ ਹੈ। ਸਾਡਾ ਭਰੋਸਾ ਕਰੋ।
ਅਦਾਕਾਰ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਸਿਗਰਟ ਪੀਣਾ ਉਨ੍ਹਾਂ ਦੇ ਕਿਰਦਾਰ, ਜੋ ਕਿ ਇੰਟੈਲੀਜੈਂਸ ਬਿਊਰੋ ਦੇ ਨਿਰਦੇਸ਼ਕ ਹਨ, ਦੀ ਇੱਕ ਵਿਸ਼ੇਸ਼ਤਾ ਸੀ। ਹਾਲਾਂਕਿ, ਉਨ੍ਹਾਂ ਨੇ ਸਾਰਿਆ ਨੂੰ ਭਰੋਸਾ ਦਿਵਾਇਆ ਕਿ ਇਸ ਕਿਰਦਾਰ ਰਾਹੀਂ ਉਹ ਕਿਸੇ ਵੀ ਭਾਈਚਾਰੇ ਨੂੰ ਦੁੱਖ ਦੇਣਾ ਜਾਂ ਅਪਮਾਨ ਕਰਨਾ ਨਹੀਂ ਚਾਹੁੰਦੇ ਸੀ।
ਆਦਿਤਿਆ ਧਰ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਧੁਰੰਧਰ 2 ਵਿੱਚ ਰਣਵੀਰ ਸਿੰਘ ਲੀਡ ਰੋਲ ਵਿੱਚ ਹਨ। ਉਨ੍ਹਾਂ ਤੋਂ ਇਲਾਵਾ ਇਸ ਫਿਲਮ ਵਿੱਚ ਆਰ.ਮਾਧਵਨ, ਅਰਜੁਨ ਰਾਮਪਾਲ, ਸੰਜੇ ਦੱਤ, ਰਾਕੇਸ਼ ਬੇਦੀ, ਦਾਨਿਸ਼ ਪੰਡੋਰ ਅਤੇ ਸਾਰਾ ਅਰਜੁਨ ਵੀ ਅਹਿਮ ਰੋਲ ਵਿੱਚ ਨਜ਼ਰ ਆਏ।