Thursday, April 16
Shadow

ਸੈੱਟ ‘ਤੇ ਪੁੱਜੀ ਪੰਜਾਬੀ ਵੈੱਬ ਸੀਰੀਜ਼ ‘ਉਸ ਦੀ ਕਿਰਪਾ’, ਗੁਰਚੇਤ ਚਿੱਤਰਕਾਰ ਨੇ ਅਦਾ ਕੀਤੀ ਇਹ ਰਸਮ

ਫਰੀਦਕੋਟ: ਪੰਜਾਬੀ ਵੈੱਬ ਸੀਰੀਜ਼ ਦੇ ਖੇਤਰ ਵਿੱਚ ਕੁਝ ਨਵਾਂ ਕਰਨ ਦੀ ਇੱਛਾ ਰੱਖਦੇ ਅਦਾਕਾਰ, ਕਾਮੇਡੀਅਨ ਅਤੇ ਨਿਰਮਾਤਾ ਗੁਰਚੇਤ ਚਿੱਤਰਕਾਰ ਨੇ ਆਪਣੀ ਆਉਣ ਵਾਲੀ ਪੰਜਾਬੀ ਵੈੱਬ ਸੀਰੀਜ਼ ‘ਉਸ ਦੀ ਕਿਰਪਾ’ ਦਾ ਮਹੂਰਤ ਕਲੈਪ ਦੇਣ ਦੀ ਰਸਮ ਅਦਾ ਕਰ ਦਿੱਤੀ ਹੈ। ਇਹ ਫਿਲਮ ਅੱਜ ਸੈੱਟ ‘ਤੇ ਪੁੱਜ ਗਈ ਹੈ।

ਸਮਾਜਿਕ ਸਰੋਕਾਰਾਂ ਨਾਲ ਜੁੜੀ ਅਤੇ ਰੂਹਾਨੀਅਤ ਦੇ ਰੰਗਾਂ ਵਿੱਚ ਰੰਗੀ ਜਾ ਰਹੀ ਇਸ ਭਾਵਪੂਰਨ ਵੈੱਬ ਸੀਰੀਜ਼ ਦੇ ਲੇਖਕ ਕੁਲਵੀਰ ਸਿੰਘ ਮੁਸ਼ਕਾਬਾਦ ਹਨ ਜਦਕਿ ਨਿਰਦੇਸ਼ਕ ਕਮਾਂਡ ਬਿਕਰਮ ਗਿੱਲ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਬੇਹਤਰੀਣ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਪੁਰਾਤਨ ਪੰਜਾਬ ਦੀਆਂ ਕਦਰਾਂ ਕੀਮਤਾਂ ਦੀ ਤਰਜ਼ਮਾਨੀ ਕਰਦੀ ਇਸ ਪੰਜਾਬੀ ਵੈੱਬ ਸੀਰੀਜ਼ ਦੇ ਕੈਮਰਾਮੈਨ ਸਰੂਪ ਸਿੰਘ, ਨਿਰਮਾਤਾ ਜਗਦੀਪ ਸਿੰਘ ਸਿੱਧੂ ਅਤੇ ਰਣਜੀਤ ਸਿੰਘ ਢਿੱਲੋ ਹਨ, ਜਿਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ ਮਿਆਰੀ ਕੰਟੈਂਟ ਅਤੇ ਪ੍ਰਭਾਵਪੂਰਨ ਤਾਣੇ-ਬਾਣੇ ‘ਚ ਬੁਣੀ ਜਾ ਰਹੀ ਇਸ ਪੰਜਾਬੀ ਵੈੱਬ ਸੀਰੀਜ਼ ਵਿਚਲੇ ਕਲਾਕਾਰਾਂ ਵਿੱਚ ਕਮਲਜੀਤ ਕੌਰ, ਹਰਦੀਸ਼ ਕੌਰ ਮਰੀਂਡਾ, ਨਵਦੀਪ ਕੌਰ, ਪਵਨ ਪਹਾੜਪੁਰੀਆ ਸ਼ਾਮਲ ਹਨ।

ਇਸ ਪ੍ਰੋਜੈਕਟ ਨੂੰ ਚਾਰ ਚੰਨ ਲਾਉਣ ਵਿੱਚ ਗੀਤਕਾਰ ਚੰਨੀ ਰੁੜਕੀ ਹੀਰਾ, ਅਚਲ ਸ਼ਰਮਾ, ਜੀਵਨ ਸ਼ਰਮਾ, ਗਰਦੀਪ ਨੰਬਰਦਾਰ, ਜਗਰਾਜ ਮੁਸ਼ਕਾਬਾਦ, ਸੁਖਰਾਜ ਰੰਧਾਵਾ, ਦਿਲਜੀਤ ਸਿੰਘ ਸਿੱਧੂ ਮਹਾਲਮ, ਦੇਵ ਚੀਮਾ, ਮੈਡਮ ਬਲਜਿੰਦਰ ਕੌਰ ਅਤੇ ਮੈਡਮ ਬਲਵਿੰਦਰ ਕੌਰ ਵੀ ਅਹਿਮ ਭੂਮਿਕਾ ਨਿਭਾਉਣਗੇ।

ਇਸ ਮੌਕੇ ਟੀਮ ਦੀ ਹੌਸਲਾ ਅਫ਼ਜਾਈ ਲਈ ਪਹੁੰਚੇ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਟੀਮ ਮੈਂਬਰਾਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਦਿਲਚਸਪ, ਪਰਿਵਾਰਕ ਅਤੇ ਅਜੌਕੇ ਅਧੁਨਿਕ ਮਾਹੌਲ ਦੁਆਲੇ ਬਣਾਈ ਪੰਜਾਬੀ ਵੈੱਬ ਸੀਰੀਜ਼ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਆਪਣੀਆਂ ਅਸਲ ਜੜਾ, ਗੁਰੂ ਅਤੇ ਗੁਰਬਾਣੀ ਨਾਲ ਜੁੜੇ ਰਹਿਣ ਦਾ ਧਾਰਮਿਕ ਸੰਦੇਸ਼ ਵੀ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮਸ਼ਹੂਰ ਪਿੰਡ ਮੁਸ਼ਕਾਬਾਦ ਅਤੇ ਇੱਥੋ ਦੇ ਨੇੜਲੇ ਵੱਖ-ਵੱਖ ਇਲਾਕਿਆ ਵਿੱਚ ਫਿਲਮਾਂਈ ਜਾ ਰਹੀ ਇਹ ਪੰਜਾਬੀ ਵੈੱਬ’ ਸੀਰੀਜ਼ ਜਲਦ ਸੋਸ਼ਲ ਪਲੇਟਫ਼ਾਰਮ ‘ਤੇ ਸਟ੍ਰੀਮ ਕੀਤੀ ਜਾਵੇਗੀ।