Thursday, April 16
Shadow

ਪੰਜਾਬੀ ਫ਼ਿਲਮ ‘ਜੱਟ ਦੀ ਕੁਇਨ’ ਜਲਦ ਹੋਵੇਗੀ ਰਿਲੀਜ਼, ਲੀਡ ਰੋਲ ‘ਚ ਨਜ਼ਰ ਆਏਗਾ ਇਹ ਅਦਾਕਾਰ

ਫਰੀਦਕੋਟ: ਸੋਸ਼ਲ ਪਲੇਟਫ਼ਾਰਮ ਦੀ ਦੁਨੀਆ ਵਿੱਚ ਬਤੌਰ ਕਾਮੇਡੀਅਨ ਸਟਾਰ ਰੁਤਬਾ ਹਾਸਿਲ ਕਰ ਚੁੱਕੇ ਕਿੰਗ ਬੀ ਚੌਹਾਨ ਹੁਣ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਹੇ ਹਨ। ਉਨ੍ਹਾਂ ਦੇ ਇਸ ਦਿਸ਼ਾ ਵੱਲ ਵਧਾਏ ਜਾ ਰਹੇ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਨਵੀਂ ਫ਼ਿਲਮ ‘ਜੱਟ ਦੀ ਕੁਇਨ’ ਆਸਟ੍ਰੇਲੀਆ ਦੇ ਸੈੱਟ ‘ਤੇ ਪਹੁੰਚ ਗਈ ਹੈ।

‘ਚਕੋਰਾ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਪ੍ਰਭ ਗੋਰਾਇਆ ਅਤੇ ਵਿੱਕੀ ਕੰਬੋਜ ਕਰ ਰਹੇ ਹਨ। ਉਨ੍ਹਾਂ ਦੁਆਰਾ ਜਾਰੀ ਕੀਤੀ ਗਈ ਅਧਿਕਾਰਿਤ ਜਾਣਕਾਰੀ ਅਨੁਸਾਰ, ਰੋਮਾਂਟਿਕ ਅਤੇ ਸੰਗ਼ੀਤਮਈ ਕਹਾਣੀ-ਸਾਰ ‘ਤੇ ਬਣਾਈ ਜਾ ਰਹੀ ਇਸ ਫ਼ਿਲਮ ਨੂੰ ਅਲਹਦਾ ਸਿਰਜਨਾਂਤਮਕ ਰੰਗਾਂ ਅਧੀਨ ਦਰਸ਼ਕਾਂ ਸਨਮੁੱਖ ਕੀਤਾ ਜਾਵੇਗਾ। ਇਹ ਫਿਲਮ ਖੂਬਸੂਰਤ ਦੇਸ਼ ਆਸਟ੍ਰੇਲੀਆ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੋਸ਼ਨਾਂ ‘ਤੇ ਫਿਲਮਾਂਈ ਜਾਵੇਗੀ। ਇਸ ਫ਼ਿਲਮ ਵਿੱਚ ਕਿੰਗ ਬੀ ਚੌਹਾਨ ਅਤੇ ਅਦਾਕਾਰਾ ਰੁਮਾਨ ਅਹਿਮਦ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਹਨੀ ਮੱਟੂ, ਸੁਖਦੇਵ ਬਰਨਾਲਾ, ਸੈਮੀ ਗਿੱਲ, ਨੇਹਾ ਦਿਆਲ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਪਲੇ ਕੀਤੇ ਜਾ ਰਹੇ ਹਨ।

ਨੌਜਵਾਨ ਵਰਗ ਦੀ ਤਰਜ਼ਮਾਨੀ ਕਰਦੀ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਪ੍ਰਵਾਸੀ ਭਾਰਤੀ ਨਿਰਦੇਸ਼ਕ ਸੁਮਿਤ ਭੱਟ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ਵੀ ਇੰਟਰਨੈਸ਼ਨਲ ਕਲੋਬ੍ਰੇਸ਼ਨ ਅਧੀਨ ਬਣੀਆਂ ਕੁਝ ਸ਼ਾਨਦਾਰ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ। ਇਨ੍ਹਾਂ ਵਿੱਚ ‘ਦਮਾ ਦਮ ਮਸਤ ਕਲੰਦਰ’ ਅਤੇ ‘ਦੁੱਲਾ : ਦ ਰੋਬਿਨਹੁਡ’ ਆਦਿ ਫਿਲਮਾਂ ਸ਼ਾਮਲ ਹਨ।

ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਕਾਮੇਡੀ ਅਤੇ ਪਰਿਵਾਰਿਕ ਸੁਮੇਲਤਾ ਦੇ ਭਾਵਪੂਰਨ ਮੰਜ਼ਰ ਦਰਸ਼ਕਾਂ ਨੂੰ ਦਿਖਾਈ ਦੇਣਗੇ। ਇਸੇ ਸਾਲ ਦੇ ਮੱਧ ਪੜਾਅ ਦੌਰਾਨ ਵਿਸ਼ਵ-ਭਰ ਵਿੱਚ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ।