ਫਰੀਦਕੋਟ: ਪੰਜਾਬੀ ਸਿਨੇਮਾ ਲਈ ਬਣੀ ਇੱਕ ਹੋਰ ਪ੍ਰਭਾਵਪੂਰਨ ਫ਼ਿਲਮ ’70 ਸਿਆਲ’ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦਾ ਫ਼ਸਟ ਲੁੱਕ ਅੱਜ ਰਿਵੀਲ ਕਰ ਦਿੱਤਾ ਗਿਆ ਹੈ। ਇਹ ਫਿਲਮ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣੇਗੀ।
‘ਡ੍ਰੀਮ ਰਿਐਲਟੀ ਮੂਵੀਜ਼ ਅਤੇ ਆਨੰਦ ਪੰਡਿਤ ਮੋਸ਼ਨਜ ਪਿਕਚਰਸ ਅਤੇ ਪਨੋਰਮਾ ਸਟੂਡਿਓਜ਼’ ਦੇ ਬੈਨਰ ਅਤੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਸਾਹਮਣੇ ਆਈਆ ਕਈ ਬੇਹਤਰੀਣ ਅਤੇ ਸਫ਼ਲ ਫਿਲਮਾਂ ਦਾ ਲੇਖ਼ਣ ਅਤੇ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।
ਪੰਜਾਬ ਦੇ ਮਲਵਈ ਹਿੱਸਿਆ ਵਿੱਚ ਫਿਲਮਾਂਈ ਗਈ ਇਸ ਫਿਲਮ ਵਿੱਚ ਕਿਰਸਾਨੀ ਜਮੀਨਾਂ ਅਤੇ ਇਨ੍ਹਾਂ ਦੇ ਵਜ਼ੂਦ ਨਾਲ ਜੁੜੇ ਕਈ ਪਹਿਲੂਆ ਨੂੰ ਭਾਵਪੂਰਨ ਰੂਪ ਵਿਚ ਦਰਸਾਇਆ ਅਤੇ ਫਿਲਮਾਂਇਆ ਗਿਆ ਹੈ। ਪਰਿਵਾਰਿਕ ਡ੍ਰਾਮੈਟਿਕ ਅਤੇ ਸਨਸ਼ੇਂਸ਼ਨਲ ਕਹਾਣੀ-ਸਾਰ ਅਧਾਰਿਤ ਇਸ ਫ਼ਿਲਮ ਦਾ ਨਿਰਮਾਣ ਰਵਨੀਤ ਕੌਰ ਚਾਹਲ, ਰਜੇਸ਼ ਕੁਮਾਰ ਅਰੋੜਾ ਅਤੇ ਅੰਸ਼ੂ ਮਿੱਢਾ ਵੱਲੋ ਕੀਤਾ ਗਿਆ ਹੈ। ਇਨ੍ਹਾਂ ਦੁਆਰਾ ਉੱਚ ਪੱਧਰੀ ਤਕਨੀਕੀ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਧਨਵੀਰ ਸਿੰਘ, ਨਿਕੇਤ ਢਿੱਲੋ, ਕਰਮਜੀਤ ਅਨਮੋਲ, ਨੂਰ ਚਾਹਲ, ਜੋਬਨਪ੍ਰੀਤ ਸਿੰਘ, ਲੱਕੀ ਧਾਲੀਵਾਲ ਅਤੇ ਅਮ੍ਰਿਤ ਅੰਬੀ ਸ਼ਾਮਲ ਹਨ।
ਇਹ ਫਿਲਮ 24 ਅਪ੍ਰੈਲ ਨੂੰ ਵਰਲਡ-ਵਾਈਡ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਇਸ਼ਾਨ ਸ਼ਰਮਾ ਅਤੇ ਸੰਪਾਦਕ ਹਰਜੋਤ ਨਟਰਾਜ ਹਨ। ਨਿਰਮਾਣ ਪੜ੍ਹਾਅ ਤੋਂ ਚਰਚਾ ਦਾ ਕੇਂਦਰ ਬਣੀ ਇਸ ਫ਼ਿਲਮ ਨੂੰ ਵੱਖਰੇ ਕੰਟੈਟ ਅਤੇ ਸਿਨੇਮਾ ਪੈਟਰਨ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ, ਜਿਸ ਦਾ ਟੀਜ਼ਰ ਆਉਣ ਵਾਲੇ ਦਿਨਾਂ ਵਿੱਚ ਦਰਸ਼ਕਾਂ ਸਨਮੁੱਖ ਕੀਤਾ ਜਾਵੇਗਾ।