Saturday, May 16
Shadow

ਯੋਗਰਾਜ ਸਿੰਘ ਦੇ ਵਿਵਾਦਿਤ ਬਿਆਨ ’ਤੇ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

ਮੋਹਾਲੀ: ਪੰਜਾਬ ਮਹਿਲਾ ਕਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਪੰਜਾਬੀ ਵੈੱਬ ਸੀਰੀਜ਼ ਲੁੱਖੇ ਦੀ ਵੀਡੀਓ ਨੂੰ ਲੈ ਕੇ ਸੂ-ਮੋਟੋ ਨੋਟਿਸ ਲਿਆ ਹੈ, ਜਿਸ ਵਿੱਚ ਯੋਗਰਾਜ ਸਿੰਘ ਵੱਲੋਂ ਔਰਤਾਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲੱਗੇ ਹਨ। ਕਮਿਸ਼ਨ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਵਰਤੀ ਗਈ ਭਾਸ਼ਾ ਨਾ ਸਿਰਫ਼ ਔਰਤਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਸਮਾਜ ਵਿੱਚ ਗਲਤ ਸੰਦੇਸ਼ ਵੀ ਦੇ ਰਹੀ ਹੈ।

ਸੀਨੀਅਰ ਪੁਲਿਸ ਅਧਿਕਾਰੀ ਤੋਂ ਜਾਂਚ ਦੇ ਹੁਕਮ

ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇ ਕਿ ਵੈੱਬ ਸੀਰੀਜ਼ ਵਿੱਚ ਵਰਤੀ ਗਈ ਸਮੱਗਰੀ ਕਿੰਨੀ ਹੱਦ ਤੱਕ ਔਰਤਾਂ ਦੀ ਅਪਮਾਨਨਾ ਕਰਦੀ ਹੈ ਅਤੇ ਕੀ ਇਸ ਨਾਲ ਕਾਨੂੰਨੀ ਉਲੰਘਣਾ ਹੋਈ ਹੈ।

ਕਲਾਕਾਰ, ਲੇਖਕ ਤੇ ਨਿਰਦੇਸ਼ਕ ਖਿਲਾਫ ਕਾਰਵਾਈ ਦੀ ਮੰਗ

ਕਮਿਸ਼ਨ ਨੇ ਵੈੱਬ ਸੀਰੀਜ਼ ਨਾਲ ਜੁੜੇ ਕਲਾਕਾਰਾਂ, ਲੇਖਕ ਅਤੇ ਨਿਰਦੇਸ਼ਕ ਖਿਲਾਫ ਵੀ ਉਚਿਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਦਾ ਮੰਨਣਾ ਹੈ ਕਿ ਮਨੋਰੰਜਨ ਦੇ ਨਾਮ ’ਤੇ ਕਿਸੇ ਵੀ ਵਰਗ, ਖ਼ਾਸ ਕਰਕੇ ਔਰਤਾਂ ਪ੍ਰਤੀ ਅਪਮਾਨਜਨਕ ਭਾਸ਼ਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸੋਸ਼ਲ ਮੀਡੀਆ ’ਤੇ ਵਧਿਆ ਵਿਵਾਦ

ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਇਸ ਮਾਮਲੇ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਵੇਖਣ ਨੂੰ ਮਿਲ ਰਹੀ ਹੈ। ਕਈ ਲੋਕਾਂ ਵੱਲੋਂ ਯੋਗਰਾਜ ਸਿੰਘ ਅਤੇ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ, ਜਦਕਿ ਕੁਝ ਲੋਕ ਇਸ ਨੂੰ ਅਭਿਵੈਕਤੀ ਦੀ ਆਜ਼ਾਦੀ ਨਾਲ ਵੀ ਜੋੜ ਰਹੇ ਹਨ। ਪੰਜਾਬ ਮਹਿਲਾ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਔਰਤਾਂ ਦੀ ਇਜ਼ਤ ਅਤੇ ਮਰਿਆਦਾ ਨਾਲ ਸਮਝੌਤਾ ਕਰਨ ਵਾਲੀ ਕਿਸੇ ਵੀ ਸਮੱਗਰੀ ਖਿਲਾਫ ਸਖ਼ਤ ਰਵੱਈਆ ਅਪਣਾਇਆ ਜਾਵੇਗਾ।

ਪੰਜਾਬ ਕਾਂਗਰਸ ਦੇ ਆਗੂ ਨੇ ਵੀ ਕੀਤੀ ਸ਼ਿਕਾਇਤ

ਪੰਜਾਬ ਕਾਂਗਰਸ ਦੇ ਆਗੂ ਰਾਣਾ ਬਲਜੀਤ ਸਿੰਘ ਚਾਹਲ ਨੇ ਵੈੱਬ ਸੀਰੀਜ਼ “ਲੁੱਕੇ” ਵਿੱਚ ਔਰਤਾਂ ਪ੍ਰਤੀ ਕਥਿਤ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਅਦਾਕਾਰ ਯੋਗਰਾਜ ਸਿੰਘ ਵਿਰੁੱਧ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਐਫਆਈਆਰ, ਫਿਲਮ ਨਿਰਮਾਤਾਵਾਂ ਵਿਰੁੱਧ ਕਾਰਵਾਈ ਅਤੇ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਹਟਾਏ ਜਾਣ ਤੱਕ ਲੜੀ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਐਸ.ਐਸ.ਪੀ ਚੰਡੀਗੜ੍ਹ ਨੂੰ ਸ਼ਿਕਾਇਤ

ਇਸ ਮਾਮਲੇ ਸਬੰਧੀ ਐਸ.ਐਸ.ਪੀ ਚੰਡੀਗੜ੍ਹ ਨੂੰ ਸ਼ਿਕਾਇਤ ਦਰਜ ਕਰਵਾਉਣ ਵਾਲਿਆ ‘ਚ ਐਡੋਵੈਕੇਟ ਉੱਜਵਲ ਭਸੀਨ ਪ੍ਰਮੁੱਖ ਹਨ। ਉਨ੍ਹਾਂ ਮੁਤਾਬਕ, ਹਾਲ ਹੀ ਦੇ ਦਿਨਾਂ ਵਿੱਚ ਸਟ੍ਰੀਮ ਹੋਈ ਪੰਜਾਬੀ ਵੈੱਬ ਸੀਰੀਜ਼ ‘ਲੁੱਖੇ’ ਵਿੱਚ ਅਦਾਕਾਰ ਯੋਗਰਾਜ ਸਿੰਘ ਵੱਲੋਂ ਔਰਤਾਂ ਪ੍ਰਤੀ ਬਹੁਤ ਹੀ ਮੰਦਭਾਗੀ ਅਤੇ ਸ਼ਰਮਨਾਕ ਟਿੱਪਣੀ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਅੱਗੇ ਕਿਹਾ ਕਿ ਆਪਣੇ ਆਪ ਨੂੰ ਸਿੱਖੀ ਦੇ ਮੁਦੱਈ ਅਤੇ ਬੁਧੀਜੀਵੀ ਵਜੋ ਪਰਿਭਾਸ਼ਿਤ ਕਰਦੇ ਦਿਖਾਈ ਦਿੰਦੇ ਅਦਾਕਾਰ ਯੋਗਰਾਜ ਸਿੰਘ ਵੱਲੋਂ ਕਥਿਤ ਅਤੇ ਮਾੜੀ ਸ਼ਬਦਾਂਵਲੀ ਭਰੇ ਡਾਇਲਾਗਾਂ ਦਾ ਇਸਤੇਮਾਲ ਇਸ ਸੀਰੀਜ਼ ਵਿੱਚ ਪੁਲਿਸ ਅਫ਼ਸਰ ਦਾ ਰੋਲ ਪਲੇ ਕਰ ਰਹੀ ਇੱਕ ਅਦਾਕਾਰਾ ਲਈ ਕੀਤਾ ਗਿਆ ਹੈ, ਜਿਸ ਨੂੰ ਸੁਣਦਿਆਂ ਹਰ ਸੂਝਵਾਨ ਇਨਸਾਨ ਅਤੇ ਪਰਿਵਾਰਾਂ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ।