Saturday, September 19
Shadow

ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇ ਰਹੀ ਹੈ ਪੰਜਾਬ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਐਸ.ਏ.ਐਸ. ਨਗਰ, 19 ਸਤੰਬਰ– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਢੁਕਵੇਂ ਮੌਕੇ, ਵਿੱਤੀ ਸਹਾਇਤਾ ਅਤੇ ਸੰਸਥਾਗਤ ਸਹਿਯੋਗ ਦਾ ਮਜ਼ਬੂਤ ਢਾਂਚਾ ਤਿਆਰ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਨਿਵੇਕਲੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਿਆ ਜਾ ਸਕੇ। ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵੱਲੋਂ ਮੁਹਾਲੀ ਕੈਂਪਸ ਵਿਖੇ ‘ਇੰਡੀਆ ਅਨਬਾਉਂਡ: ਡਿਫਾਈਨਿੰਗ ਟੁਮਾਰੋਜ਼ ਲੀਡਰਸ਼ਿਪ’ ਵਿਸ਼ੇ ’ਤੇ ਕਰਵਾਏ ਆਈਐਸਬੀ ਲੀਡਰਸ਼ਿਪ ਸੰਮੇਲਨ-2026 ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਜਾਂ ਊਰਜਾ ਦੀ ਕੋਈ ਕਮੀ ਨਹੀਂ ਹੈ। ਇਸੇ ਕਰਕੇ ਸਰਕਾਰ ਅਜਿਹੇ ਰੌਸ਼ਨ ਦਿਮਾਗ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ, ਕਾਰੋਬਾਰ ਸਥਾਪਤ ਕਰਨ ਅਤੇ ਰੋਜ਼ਗਾਰ ਪੈਦਾ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਆਈਐਸਬੀ ਦੇ ਚੇਅਰਮੈਨ ਹਰੀਸ਼ ਮਨਵਾਨੀ, ਆਈਐਸਬੀ ਦੇ ਡੀਨ ਪ੍ਰੋਫੈਸਰ ਮਦਨ, ਅਕਾਦਮਿਕ ਅਤੇ ਕਾਰੋਬਾਰੀ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਆਈਐਸਬੀ ਨੂੰ 25 ਸਾਲ ਪੂਰੇ ਕਰਨ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਈਐਸਬੀ ਵਰਗੀਆਂ ਸੰਸਥਾਵਾਂ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਹੀ ਦਿਸ਼ਾ ਦੇਣ ਵਿੱਚ ਵਡਮੁੱਲੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਵੀਨਤਾਕਾਰੀ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ ’ਸਟਾਰਟਅੱਪ ਸੈਂਟਰ’ ਸਥਾਪਿਤ ਕੀਤਾ ਹੈ। ਜਦਕਿ ‘ਬਿਜ਼ਨਸ ਬਲਾਸਟਰਜ਼’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਸੀਡ ਮਨੀ ਅਤੇ ਸਕੂਲ ਆਫ਼ ਐਮੀਨੈਂਸ ਤੋਂ ਉਸਾਰੂ ਤੇ ਲਾਹੇਵੰਦ ਵਿਚਾਰ ਪ੍ਰਦਾਨ ਕੀਤੇ ਗਏ ਹਨ ਤਾਂ ਜੋ ਉਹ ਉਜਵਲ ਭਵਿੱਖ ਵੱਲ ਪੁਲਾਂਘ ਪੁੱਟ ਸਕਣ। ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਨੂੰ ਉਦਯੋਗ, ਨਿਵੇਸ਼ ਅਤੇ ਨਵੀਨਤਾ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ’ਐਕਸ’ ਹੈਂਡਲ ’ਤੇ ਲਿਖਿਆ, ‘‘ਮੋਹਾਲੀ ਵਿਖੇ ਕਰਵਾਏ ਆਈਐਸਬੀ ਲੀਡਰਸ਼ਿਪ ਸੰਮੇਲਨ ਵਿੱਚ ਸ਼ਾਮਲ ਹੋਏ ਅਤੇ ਸੰਸਥਾ ਨੂੰ 25 ਸਾਲ ਪੂਰੇ ਕਰਨ ’ਤੇ ਵਧਾਈ।  ਆਈਐਸਬੀ ਵਰਗੀਆਂ ਨਾਮਵਰ ਸੰਸਥਾਵਾਂ ਸਾਡੇ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਸਾਡੇ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਲੋੜ ਹੈ ਉਡਾਣ ਭਰਨ ਲਈ ਉਨ੍ਹਾਂ ਨੂੰ ਸਹੀ ਖੰਭ ਦੇਣ ਦੀ। ਇਸੇ ਸੋਚ ਨਾਲ ਅਸੀਂ ਪੰਜਾਬ ਵਿੱਚ ‘ਸਕੂਲਜ਼ ਆਫ਼ ਐਮੀਨੈਂਸ’ ਸਥਾਪਤ ਕੀਤੇ ਹਨ, ਜਿੱਥੇ ਵਿਦਿਆਰਥੀਆਂ ਨੂੰ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਵਿਕਸਤ ਕਰਨ ਲਈ ’ਸੀਡ ਮਨੀ’ (ਸ਼ੁਰੂਆਤੀ ਪੂੰਜੀ) ਦਿੱਤੀ ਜਾ ਰਹੀ ਹੈ। ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਦੁਨੀਆ ਭਰ ਵਿੱਚ ਬੁਲੰਦੀ ਛੋਹੀ ਹੈ। ਮੈਂ ਸਾਰੇ ਉਦਯੋਗਪਤੀਆਂ ਨੂੰ ਗੁਰੂਆਂ ਅਤੇ ਸੰਤਾਂ ਦੀ ਇਸ ਪਵਿੱਤਰ ਧਰਤੀ ’ਤੇ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹਾਂ। ਇਨਕਲਾਬ ਜ਼ਿੰਦਾਬਾਦ।’’

ਆਈਐਸਬੀ ਲੀਡਰਸ਼ਿਪ ਸੰਮੇਲਨ-2026 ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲਾ ਸਮਾਂ ਉਨ੍ਹਾਂ ਸਮਾਜਾਂ ਦਾ ਹੀ ਹੈ ਜੋ ਨਵੀਨਤਾ ਲਿਆਉਣ, ਸੋਚ-ਸਮਝ ਕੇ ਜੋਖਮ ਉਠਾਉਣ ਅਤੇ ਉੱਭਰਦੇ ਮੌਕਿਆਂ ਨੂੰ ਟਿਕਾਊ ਵਿਕਾਸ ਵਿੱਚ ਬਦਲਣ ਲਈ ਤਿਆਰ ਹਨ। ਉਨ੍ਹਾਂ ਕਿਹਾ, ‘‘ਆਈਐਸਬੀ ਲੀਡਰਸ਼ਿਪ ਸੰਮੇਲਨ ਸੰਸਥਾ ਦਾ ਸਭ ਤੋਂ ਅਹਿਮ ਸਾਲਾਨਾ ਲੀਡਰਸ਼ਿਪ ਸਮਾਗਮ ਹੈ, ਜੋ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਾਲੀ ਲੀਡਰਸ਼ਿਪ ਅਤੇ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਕਾਰੋਬਾਰੀ ਆਗੂਆਂ, ਉੱਦਮੀਆਂ, ਨੀਤੀ-ਘਾੜਿਆਂ, ਨਵੀਨਤਾਕਾਰਾਂ ਅਤੇ ਵਿਦਿਆਰਥੀਆਂ ਨੂੰ ਇੱਕੋ ਮੰਚ ’ਤੇ ਇਕੱਤਰ ਹੋਣ ਦਾ ਮੌਕਾ ਪ੍ਰਦਾਨ ਕਰਦਾ ਹੈ।’’

ਮੁੱਖ ਮੰਤਰੀ ਨੇ ਕਿਹਾ, ‘‘ਇਸ ਸੰਮੇਲਨ ਵਿੱਚ ਸ਼ਾਮਲ ਹੋਣਾ ਮੇਰੇ ਲਈ ਬਹੁਤ ਮਾਣ, ਖੁਸ਼ੀ ਅਤੇ ਫਖ਼ਰ ਵਾਲੀ ਗੱਲ ਹੈ। ਮੈਂ ਸੂਬਾ ਸਰਕਾਰ ਵੱਲੋਂ ਆਪ ਸਭ ਦਾ ਨਿੱਘਾ ਸਵਾਗਤ ਕਰਦਾ ਹਾਂ।’’ ਸੰਮੇਲਨ ਦੇ ਪ੍ਰਬੰਧਨ ਲਈ ਵਿਦਿਆਰਥੀਆਂ ਅਤੇ ਸਮੁੱਚੀ ਆਈੇਐਸਬੀ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ, ਕਾਰੋਬਾਰ, ਉੱਦਮਤਾ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਇਕੱਠਾ ਕਰਕੇ ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਭਵਿੱਖ ਦੀ ਲੀਡਰਸ਼ਿਪ ਤਿਆਰ ਕਰਨ ਲਈ ਸੁਚੱਜਾ ਮੰਚ ਪ੍ਰਦਾਨ ਕਰਦਾ ਹੈ।

‘‘ਇੰਡੀਆ ਅਨਬਾਉਂਡ: ਡਿਫਾਈਨਿੰਗ ਟੂਮਾਰੋਜ਼ ਲੀਡਰਸ਼ਿਪ’’ ਵਿਸ਼ੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਅੱਜ ਦੇ ਦੌਰ ਵਿੱਚ  ਇਹ ਵਿਸ਼ਾ ਬਹੁਤ ਢੁਕਵਾਂ ਹੈ। ਉਨ੍ਹਾਂ ਕਿਹਾ, ‘‘ਅੱਜ ਭਾਰਤ ਕੋਲ ਆਪਣੀ ਨੌਜਵਾਨ ਆਬਾਦੀ, ਤਕਨੀਕੀ ਸਮਰੱਥਾਵਾਂ ਅਤੇ ਵਧ ਰਹੀਆਂ ਆਰਥਿਕ ਇੱਛਾਵਾਂ ਕਾਰਨ ਅਥਾਹ ਸਮਰੱਥਾ ਹੈ, ਪਰ ਮੌਕੇ ਆਪਣੇ ਆਪ ਲਾਹੇਵੰਦ ਸਾਬਤ ਨਹੀਂ ਹੁੰਦੇ। ਅਸਲ ਅਗਵਾਈ ਚੁਣੌਤੀਆਂ ਦੇ ਵਿਚਕਾਰ ਮੌਕਿਆਂ ਦੀ ਪਛਾਣ ਕਰਨ ਬਾਰੇ ਹੈ। ਦੂਰਅੰਦੇਸ਼ ਸੋਚ, ਨਿਵੇਸ਼ ਅਤੇ ਜੋਖਮ ਉਠਾਉਣ ਦੇ ਹੌਸਲੇ ਰਾਹੀਂ ਮੌਕਿਆਂ ਨੂੰ ਨਤੀਜਿਆਂ ਵਿੱਚ ਬਦਲਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਵਿਕਾਸ ਦੇ ਆਲਮੀ ਧੁਰੇ ਵਜੋਂ ਉੱਭਰ ਰਿਹਾ ਹੈ ਅਤੇ ਆਈਐਸਬੀ ਵਰਗੀਆਂ ਸੰਸਥਾਵਾਂ ਉੱਦਮੀਆਂ, ਪੇਸ਼ੇਵਰਾਂ ਅਤੇ ਕਾਰੋਬਾਰੀ ਆਗੂਆਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਜੋ ਇਸ ਬਦਲਾਅ ਦੀ ਅਗਵਾਈ ਕਰ ਸਕਦੇ ਹਨ।

ਇੰਡੀਅਨ ਸਕੂਲ ਆਫ਼ ਬਿਜ਼ਨਸ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਆਈਐਸਬੀ ਨੇ ਬਹੁਤ ਘੱਟ ਸਮੇਂ ਵਿੱਚ ਮੈਨੇਜਮੈਂਟ ਐਜੂਕੇਸ਼ਨ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਸੰਸਥਾ ਵਜੋਂ ਆਪਣੀ ਪਛਾਣ ਬਣਾਈ ਹੈ। ਆਈਐਸਬੀ ਦੀ ਸਫਲਤਾ ਉਸ ਨੌਜਵਾਨ ਭਾਰਤ ਦੀਆਂ ਇੱਛਾਵਾਂ ਨੂੰ ਦਰਸਾਉਂਦੀ ਹੈ ਜੋ ਲਗਾਤਾਰ ਆਤਮ-ਵਿਸ਼ਵਾਸੀ, ਉਤਸ਼ਾਹੀ ਅਤੇ ਆਲਮੀ ਪੱਧਰ ’ਤੇ ਮੁਕਾਬਲਾ ਕਰਨ ਲਈ ਤਿਆਰ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਇਹ ਕਾਲਜ ਸਿਰਫ਼ ਡਿਗਰੀ ਧਾਰਕ ਹੀ ਪੈਦਾ ਨਹੀਂ ਕਰ ਰਿਹਾ, ਸਗੋਂ ਅਜਿਹੇ ਆਗੂ ਤਿਆਰ ਕਰਨ ਵਿੱਚ ਮਦਦ ਕਰ ਰਿਹਾ ਹੈ, ਜੋ ਭਵਿੱਖ ਲਈ ਕਾਰੋਬਾਰ, ਸੰਸਥਾਵਾਂ ਅਤੇ ਹੱਲ ਸਿਰਜ ਸਕਦੇ ਹਨ।’’

ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿੱਚ ਆਈਐਸਬੀ ਦੀ ਮੌਜੂਦਗੀ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਸੰਸਥਾ ਸੂਬੇ ਵਿੱਚ ਗਿਆਨ, ਖੋਜ, ਪ੍ਰਤਿਭਾ, ਉੱਦਮਤਾ ਅਤੇ ਨਿਵੇਸ਼ ਦਾ ਵਧੀਆ ਮਾਹੌਲ ਸਿਰਜਣ ਵਿੱਚ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ, ‘‘ਮੋਹਾਲੀ ਤੇਜ਼ੀ ਨਾਲ ਤਕਨਾਲੋਜੀ, ਉੱਦਮਤਾ ਅਤੇ ਨਵੀਨਤਾ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਵਿਕਸਤ ਹੋ ਰਿਹਾ ਹੈ।’’ ਇਸ ਦੌਰਾਨ ਉਨ੍ਹਾਂ ਕਾਲਕਟ ਭਵਨ ਵਿਖੇ ਸਥਿਤ ‘ਸਟਾਰਟਅੱਪ ਇਨਕਿਊਬੇਟਰ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਉੱਭਰਦੇ ਉੱਦਮੀਆਂ ਅਤੇ ਨਵੀਨਤਾਕਾਰੀ ਉੱਦਮਾਂ ਨੂੰ ਸੰਸਥਾਗਤ ਸਹਿਯੋਗ ਦੇਣ ਲਈ ਤਿਆਰ ਹੈ।

ਉਨ੍ਹਾਂ ਕਿਹਾ, ‘‘ਪੰਜਾਬ ਕੋਲ ਸਟਾਰਟਅੱਪਸ, ਤਕਨਾਲੋਜੀ-ਅਧਾਰਿਤ ਉੱਦਮਾਂ ਅਤੇ ਆਧੁਨਿਕ ਯੁੱਗ ਦੀਆਂ ਸਨਅਤਾਂ ਲਈ ਇੱਕ ਪ੍ਰਮੁੱਖ ਕੇਂਦਰ ਬਣਨ ਦੀ ਅਥਾਹ ਸਮਰੱਥਾ ਹੈ। ਸੂਬਾ ਸਰਕਾਰ ਦਾ ਉਦੇਸ਼ ਸਪੱਸ਼ਟ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਮੌਕਿਆਂ ਦੀ ਭਾਲ ਵਿੱਚ ਸੂਬਾ ਛੱਡ ਕੇ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਅਜਿਹਾ ਮਾਹੌਲ ਸਿਰਜਣਾ ਚਾਹੁੰਦੇ ਹਾਂ, ਜਿੱਥੇ ਨੌਜਵਾਨ ਸੁਪਨੇ ਦੇਖ ਸਕਣ, ਨਵੀਨਤਾ ਲਿਆ ਸਕਣ, ਕਾਰੋਬਾਰ ਸ਼ੁਰੂ ਕਰ ਸਕਣ ਅਤੇ ਪੰਜਾਬ ਵਿੱਚ ਹੀ ਰੋਜ਼ਗਾਰ ਪੈਦਾ ਕਰ ਸਕਣ।’’

ਵਿਦਿਆਰਥੀਆਂ ਵਿੱਚ ਛੋਟੀ ਉਮਰ ਤੋਂ ਹੀ ਉੱਦਮੀ ਸੋਚ ਪੈਦਾ ਕਰਨ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ‘ਸਕੂਲਜ਼ ਆਫ਼ ਐਮੀਨੈਂਸ’ ਵਿੱਚ ’ਬਿਜ਼ਨਸ ਬਲਾਸਟਰਜ਼’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, ‘‘ਉਦਯੋਗਿਕ ਆਗੂ ਅਤੇ ਉੱਦਮੀਆਂ ਦੀ ਸਰਪ੍ਰਸਤੀ ਕਰਨ ਵਾਲੇ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਸੀਡ ਮਨੀ ਦਿੱਤੀ ਜਾਂਦੀ ਹੈ।’’ ਉਨ੍ਹਾਂ ਕਿਹਾ, ‘‘ਉੱਦਮਤਾ ਨੂੰ ਸਿਰਫ਼ ਕਰੀਅਰ ਦੇ ਇੱਕ ਵਿਕਲਪ ਵਜੋਂ ਨਹੀਂ, ਸਗੋਂ ਰੋਜ਼ਗਾਰ ਪੈਦਾ ਕਰਨ ਅਤੇ ਅਸਲ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਾਧਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ।’’

ਵਿਦਿਆਰਥੀਆਂ ਨੂੰ ਰਵਾਇਤੀ ਕਰੀਅਰ ਦੇ ਰਾਹਾਂ ਤੋਂ ਹਟ ਕੇ ਸੋਚਣ ਲਈ ਪ੍ਰੇਰਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਅਜਿਹੇ ਹੱਲ ਤਿਆਰ ਕਰਨ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਜੋ ਸਮਾਜ ਲਈ ਲਾਹੇਵੰਦ ਹੋਵਣ। ਸ਼ੁਰੂ ਤੋਂ ਹੀ ਪੰਜਾਬ ਉੱਦਮ, ਸਖ਼ਤ ਮਿਹਨਤ ਅਤੇ ਹਿੰਮਤ ਵਾਲਿਆਂ ਦੀ ਧਰਤੀ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਹਿੰਮਤ, ਸਖ਼ਤ ਮਿਹਨਤ, ਦ੍ਰਿੜ੍ਹਤਾ ਅਤੇ ਉੱਦਮੀ ਭਾਵਨਾ ਪੰਜਾਬ ਦੇ ਸੁਭਾਅ ਵਿੱਚ ਡੂੰਘਾਈ ਨਾਲ ਰਚੀ-ਵਸੀ ਹੋਈ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦਾ ਅਮੀਰ ਅਤੇ ਸ਼ਾਨਦਾਰ ਵਿਰਸਾ ਮਹਾਨ ਗੁਰੂਆਂ, ਸੰਤਾਂ, ਪੀਰਾਂ ਫ਼ਕੀਰਾਂ ਅਤੇ ਸ਼ਹੀਦਾਂ ਨਾਲ ਜੁੜਿਆ ਹੋਇਆ ਹੈ। ਦਲੇਰੀ, ਮਿਹਨਤ, ਦ੍ਰਿੜਤਾ ਅਤੇ ਉੱਦਮੀ ਸੋਚ ਪੰਜਾਬੀਆਂ ਵਿੱਚ ਡੂੰਘਾਈ ਨਾਲ ਸਮਾਈ ਹੋਈ ਹੈ, ਜੋ ਸਾਨੂੰ ਵਿਸ਼ਵ ਪੱਧਰ ’ਤੇ ਮੋਹਰੀ ਬਣਾਉਂਦੀ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੋਂ ਲੈ ਕੇ ਇਸ ਦੀ ਅੰਨ ਸੁਰੱਖਿਆ ਨੂੰ ਯਕੀਨੀ ਬਣਾਉਣ ਤੱਕ ਦੇਸ਼ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੇ ਕਿਹਾ, “ਪੰਜਾਬ ਨੂੰ ’ਭਾਰਤ ਦਾ ਅੰਨ ਭੰਡਾਰ ਅਤੇ ਖੜਗ ਭੁਜਾ’ ਵਜੋਂ ਜਾਣੇ ਜਾਣ ’ਤੇ ਮਾਣ ਹੈ। ਸੂਬੇ ਨੇ ਕਿਸਾਨਾਂ, ਉੱਦਮੀਆਂ, ਉਦਯੋਗਪਤੀਆਂ, ਪੇਸ਼ੇਵਰਾਂ ਅਤੇ ਵਪਾਰਕ ਆਗੂਆਂ ਦੀਆਂ ਅਜਿਹੀਆਂ ਪੀੜ੍ਹੀਆਂ ਪੈਦਾ ਕੀਤੀਆਂ ਹਨ, ਜਿਨ੍ਹਾਂ ਨੇ ਨਾ ਕੇਵਲ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪੰਜਾਬੀਆਂ ਦੇ ਮਿਹਨਤੀ ਸੁਭਾਅ ਨੇ ਉੱਦਮੀਆਂ, ਉਦਯੋਗ ਅਤੇ ਮਜ਼ਦੂਰ ਵਰਗ ਵਿਚਕਾਰ ਇੱਕ ਮਜ਼ਬੂਤ ਰਿਸ਼ਤਾ ਕਾਇਮ ਕੀਤਾ ਹੈ, ਜੋ ਸੂਬੇ ਦੇ ਆਰਥਿਕ ਵਿਕਾਸ ਲਈ ਇੱਕ ਠੋਸ ਆਧਾਰ ਪ੍ਰਦਾਨ ਕਰਦਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਆਪਣੀ ਖੇਤੀਬਾੜੀ ਪਛਾਣ ’ਤੇ ਹਮੇਸ਼ਾ ਮਾਣ ਰਹੇਗਾ, ਪਰ ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਉਦਯੋਗੀਕਰਨ ਵੀ ਉਨਾ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ, “ਸਰਕਾਰ ਇੱਕ ਅਜਿਹਾ ਕਾਰੋਬਾਰੀ ਮਾਹੌਲ ਸਿਰਜਣ ਲਈ ਕੰਮ ਕਰ ਰਹੀ ਹੈ ਜਿੱਥੇ ਉੱਦਮੀ ਭਰੋਸੇ ਨਾਲ ਨਿਵੇਸ਼ ਕਰ ਸਕਣ ਅਤੇ ਜਿੱਥੇ ਨਵੀਨਤਾ ਦੇ ਵਧੇਰੇ ਮੌਕੇ ਹੋਣ।”

ਮੁੱਖ ਮੰਤਰੀ ਨੇ ਕਿਹਾ, “ਪੰਜਾਬ ਭਾਵੇਂ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ, ਪਰ ਵਿਕਾਸ ਦੇ ਅਗਲੇ ਪੜਾਅ ਲਈ ਨਵੇਂ ਉਦਯੋਗਾਂ ਦਾ ਵੀ ਪੰਜਾਬ ਆਉਣਾ ਜ਼ਰੂਰੀ ਹੈ। ਖੇਤੀਬਾੜੀ ਅਤੇ ਉਦਯੋਗ ਨੂੰ ਇਕੱਠੇ ਅੱਗੇ ਵਧਣਾ ਹੋਵੇਗਾ।”

ਸੂਬੇ ਦੀ ਉਦਯੋਗਿਕ ਨੀਤੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਰਕਾਰ ਨੇ ਇੱਕ ਪਾਰਦਰਸ਼ੀ ਅਤੇ ਨਿਵੇਸ਼ਕ-ਪੱਖੀ ਢਾਂਚਾ ਸਿਰਜਣ ’ਤੇ ਧਿਆਨ ਕੇਂਦਰਿਤ ਕੀਤਾ ਹੈ। ਜਦੋਂ ਸਰਕਾਰੀ ਨੀਤੀ, ਨਿੱਜੀ ਨਿਵੇਸ਼, ਉੱਦਮੀ ਊਰਜਾ ਅਤੇ ਆਈਐਸਬੀ ਵਰਗੀਆਂ ਸੰਸਥਾਵਾਂ ਇਕੱਠੇ ਕੰਮ ਕਰਦੇ ਹਨ ਤਾਂ ਪੰਜਾਬ ਵਿੱਚ ਅਥਾਹ ਸੰਭਾਵਨਾਵਾਂ ਹੋ ਸਕਦੀਆਂ ਹਨ।”

ਵਿਦਿਆਰਥੀਆਂ ਨੂੰ ਇਹ ਦੱਸਦਿਆਂ ਕਿ ਲੀਡਰਸ਼ਿਪ ਦਾ ਮਤਲਬ ਕੇਵਲ ਅਹੁਦੇ ਹਾਸਲ ਕਰਨਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ, “ਲੀਡਰਸ਼ਿਪ ਪਹਿਲਕਦਮੀ ਕਰਨ, ਲੋਕਾਂ ਨੂੰ ਜੋੜਨ, ਸਮੱਸਿਆਵਾਂ ਨੂੰ ਹੱਲ ਕਰਨ ਅਤੇ ਹੋਰਾਂ ਲਈ ਮੌਕੇ ਸਿਰਜਣ ਬਾਰੇ ਹੈ।” ਉਨ੍ਹਾਂ ਆਈ.ਐਸ.ਬੀ. ਦੇ ਵਿਦਿਆਰਥੀਆਂ ਨੂੰ ਹਮੇਸ਼ਾ ਜਿਗਿਆਸੂ ਰਹਿਣ, ਔਖੇ ਸਵਾਲ ਪੁੱਛਣ ਅਤੇ ਚੁਣੌਤੀਆਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਤੋਂ ਸਿੱਖਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ, “ਉਨ੍ਹਾਂ ਸਮੱਸਿਆਵਾਂ ਬਾਰੇ ਸੋਚੋ, ਜਿਨ੍ਹਾਂ ਦਾ ਤੁਸੀਂ ਹੱਲ ਕਰ ਸਕਦੇ ਹੋ, ਉਨ੍ਹਾਂ ਸੰਸਥਾਵਾਂ ਬਾਰੇ ਸੋਚੋ ਜੋ ਤੁਸੀਂ ਤਿਆਰ ਕਰ ਸਕਦੇ ਹੋ ਅਤੇ ਉਨ੍ਹਾਂ ਮੌਕਿਆਂ ਬਾਰੇ ਸੋਚੋ ਜੋ ਤੁਸੀਂ ਹੋਰਾਂ ਲਈ ਸਿਰਜ ਸਕਦੇ ਹੋ।” ਉਨ੍ਹਾਂ ਅੱਗੇ ਕਿਹਾ ਕਿ ਲੀਡਰਸ਼ਿਪ ਦਾ ਅਸਲ ਮਾਪਦੰਡ ਇਹ ਨਹੀਂ ਹੈ ਕਿ ਕਿੰਨੇ ਲੋਕ ਤੁਹਾਡੇ ਪਿੱਛੇ ਚੱਲਦੇ ਹਨ, ਸਗੋਂ ਇਹ ਹੈ ਕਿ ਤੁਸੀਂ ਹੋਰਾਂ ਲਈ ਕਿੰਨੇ ਮੌਕੇ ਸਿਰਜਣ ਯੋਗ ਹੋ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਆਈਐਸਬੀ ਦੇ ਪੁਰਾਣੇ ਵਿਦਿਆਰਥੀ ਸੂਬੇ ਵਿੱਚ ਨਿਵੇਸ਼ ਕਰਕੇ, ਨੌਜਵਾਨ ਉੱਦਮੀਆਂ ਦਾ ਮਾਰਗਦਰਸ਼ਨ ਕਰਕੇ, ਨਵੀਨਤਾ ਨੂੰ ਉਤਸ਼ਾਹਿਤ ਕਰਕੇ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਜਾਰੀ ਰੱਖਣਗੇ।

ਮੁੱਖ ਮੰਤਰੀ ਨੇ ਕਿਹਾ, “ਪੰਜਾਬ ਇੱਕ ਮਜ਼ਬੂਤ ਅਤੇ ਵਧੇਰੇ ਖੁਸ਼ਹਾਲ ਭਵਿੱਖ ਦੇ ਨਿਰਮਾਣ ਲਈ ਉਦਯੋਗ, ਅਕਾਦਮਿਕ ਖੇਤਰ, ਉੱਦਮੀਆਂ ਅਤੇ ਨਿਵੇਸ਼ਕਾਂ ਨਾਲ ਭਾਈਵਾਲੀ ਕਰਨ ਲਈ ਤਿਆਰ ਹੈ।” ਨੌਜਵਾਨਾਂ ਨੂੰ ਪੰਜਾਬ ਦੇ ਬਦਲਾਅ ਦੇ ਸਫ਼ਰ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੰਦਿਆਂ ਉਨ੍ਹਾਂ ਅਗਲੇ 25 ਸਾਲਾਂ ਲਈ ਇੱਕ ਅਜਿਹਾ ਭਾਰਤ ਅਤੇ ਪੰਜਾਬ ਬਣਾਉਣ ਲਈ ਹੱਥ ਮਿਲਾਉਣ ਦਾ ਸੱਦਾ ਦਿੱਤਾ ਜੋ ਨਵੇਂ ਵਿਚਾਰਾਂ, ਦਲੇਰਾਨਾ ਪਹਿਲਕਦਮੀਆਂ, ਅਭਿਲਾਸ਼ੀ ਟੀਚਿਆਂ ਅਤੇ ਦ੍ਰਿੜ੍ਹ ਸੰਕਲਪ ਨਾਲ ਭਰਪੂਰ ਹੋਵੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਆਈਐਸਬੀ ਲੀਡਰਸ਼ਿਪ ਸੰਮੇਲਨ-2026’ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ, “ਇਸ ਤਰ੍ਹਾਂ ਦੇ ਮੰਚ ਉਨ੍ਹਾਂ ਵਿਚਾਰਾਂ, ਲੀਡਰਸ਼ਿਪ ਅਤੇ ਸੰਸਥਾਵਾਂ ਨੂੰ ਘੜਨ ਵਿੱਚ ਮਦਦ ਕਰਨਗੇ, ਜੋ ਭਾਰਤ ਦੇ ਵਿਕਾਸ ਦੇ ਅਗਲੇ ਅਧਿਆਏ ਨੂੰ ਪਰਿਭਾਸ਼ਿਤ ਕਰਨਗੇ।’’