
ਚੰਡੀਗੜ੍ਹ: ਸੋਸ਼ਲ ਮੀਡੀਆ ਉਤੇ ਇਸ ਸਮੇਂ ਪੰਜਾਬੀ ਸੰਗੀਤ ਜਗਤ ਦੇ ਤਿੰਨ ਗਾਇਕ ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਰੋਸ਼ਨ ਪ੍ਰਿੰਸ ਚਰਚਾ ਵਿੱਚ ਬਣੇ ਹੋਏ ਹਨ, ਦਰਅਸਲ, ਹਾਲ ਹੀ ਵਿੱਚ ਗਾਇਕ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਪੰਜਾਬੀ ਗਾਇਕ ਨਛੱਤਰ ਗਿੱਲ ਦੇ ਇੱਕ ਦਰਦ ਭਰੇ ਪੁਰਾਣੇ ਗੀਤ ‘ਤੇ ਮਜ਼ਾਕੀਆ ਅੰਦਾਜ਼ ਵਿੱਚ ਬਣਾਈ ਗਈ ਇੱਕ ਵੀਡੀਓ ਵਿੱਚ ਨਜ਼ਰ ਆਏ।
ਇਸ ਦੌਰਾਨ ਗਾਇਕ ਨਛੱਤਰ ਗਿੱਲ ਨੂੰ ਉਨ੍ਹਾਂ ਗਾਇਕਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ, ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਅਤੇ ਕਿਹਾ:
“ਕਿਉਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਓ, ਤੁਸੀਂ ਸਾਰੇ ਮੇਰੇ ਤੋਂ ਵੱਡੇ ਅਤੇ ਸੁਰੀਲੇ ਕਲਾਕਾਰ ਹੋ ਮੰਨ ਲਿਆ। ਪਰ ਮੈਂ ਤੁਹਾਡੇ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਅਤੇ ਸਤਿਕਾਰ ਕਰਦਾ ਅਤੇ ਉਨ੍ਹਾਂ ਵੱਲੋਂ ਜੋ ਗਾਇਆ, ਉਹ ਤਾਂ ਹਮੇਸ਼ਾ ਸਾਰੀ ਦੁਨੀਆਂ ਯਾਦ ਕਰਦੀ ਹੈ। ਖੁਸ਼ ਰਹੋ, ਆਪਣੀ ਪੋਸਟ ਉਤੇ ਕੁਮੈਂਟਸ ਪੜ੍ਹ ਲਓ ਕਿੰਨੀ ਕੁ ਸ਼ਾਬਾਸ਼ ਮਿਲੀ ਤੁਹਾਨੂੰ…।”
ਇਸ ਤੋਂ ਬਾਅਦ ਗਾਇਕ ਮਾਸਟਰ ਸਲੀਮ ਨੇ ਇੱਕ ਵੀਡੀਓ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਇਸ ਹਰਕਤ ਲਈ ਮੁਆਫ਼ੀ ਮੰਗਦੇ ਹਨ ਅਤੇ ਹੁਣ ਗਾਇਕ ਰੋਸ਼ਨ ਪ੍ਰਿੰਸ ਅਤੇ ਯੁਵਰਾਜ ਹੰਸ ਨੇ ਵੀ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨੇ ਕਿਹਾ ਕਿ ਉਹ ਨਛੱਤਰ ਗਿੱਲ ਦਾ ਬਹੁਤ ਹੀ ਸਤਿਕਾਰ ਕਰਦੇ ਹਨ, ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਾਣੇ- ਅਣਜਾਣੇ ਵਿੱਚ ਹੋਈ ਇਸ ਗਲਤੀ ਦੀ ਉਹ ਮੁਆਫ਼ੀ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਗਾਇਕ ਨਛੱਤਰ ਗਿੱਲ ਨਾਲ ਵਾਅਦਾ ਕੀਤਾ ਕਿ ਉਹ ਜਲਦੀ ਹੀ ਉਨ੍ਹਾਂ ਨੂੰ ਮਿਲਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਇਸ ਵੀਡੀਓ ਲਈ ਕਾਫੀ ਸ਼ਰਮਿੰਦਾ ਹਨ।