ਮਾਨਸਾ: ਮਾਨਸਾ ਦੀ ਅਨਾਜ ਮੰਡੀ ਵਿਖੇ ਚੱਲ ਰਹੇ ਸਰਸ ਮੇਲੇ ਦੇ ਦੂਜੇ ਦਿਨ ਪੰਜਾਬੀ ਲੋਕ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਆਪਣੀ ਆਵਾਜ਼ ਅਤੇ ਚਰਚਿਤ ਗੀਤਾਂ ਨਾਲ ਅਜਿਹਾ ਸਮਾਂ ਬੰਨ੍ਹਿਆ ਕਿ ਹਜ਼ਾਰਾਂ ਦਰਸ਼ਕ ਨੱਚਣ ਲਈ ਮਜਬੂਰ ਹੋ ਗਏ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਮੇਲੇ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ
ਮਾਨਸਾ ਵਿਖੇ 13 ਮਾਰਚ ਤੋਂ ਸੁਰੂ ਹੋਏ ਸਰਸ ਮੇਲੇ ਦੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਗੁਆਂਢੀ ਦੇਸ਼ਾਂ ਦੇ ਸ਼ਿਲਪਕਾਰ ਤੇ ਦਸਤਕਾਰਾਂ ਨੇ ਪਹੁੰਚ ਕੇ ਆਪਣੀ ਸਟਾਲਾਂ ਲਗਾਈਆਂ ਹਨ। ਇਸ ਤੋਂ ਇਲਾਵਾਂ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰਦੀਆਂ ਵੰਨਗੀਆਂ ਮੇਲੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ। ਉਥੇ ਹੀ ਮੇਲੇ ਵਿੱਚ ਪੰਜਾਬ ਤੇ ਵਿਦੇਸ਼ੀ ਲੋਕ ਵੀ ਮੇਲੇ ਵਿੱਚ ਸ਼ਾਮਲ ਹੋਏ ਹਨ।
ਗੁਰਦਾਸ ਮਾਨ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ
ਉਥੇ ਸਰਸ ਮੇਲੇ ਦੇ ਦੂਸਰੇ ਦਿਨ ਗਾਇਕ ਗੁਰਦਾਸ ਮਾਨ ਪਹੁੰਚੇ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਗੁਰਦਾਸ ਮਾਨ ਨੇ ਸਟੇਜ਼ ਉੱਤੇ ਚੜ੍ਹਦਿਆ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਹ ਧਰਤੀ ਹੈ, ਜਿਸ ਨੇ ਇੱਕ ਵੱਡਾ ਹੀਰਾ ਪੈਦਾ ਕੀਤਾ ਅਤੇ ਮਾਨਸਾ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ। ਇਸ ਦੌਰਾਨ ਗੁਰਦਾਸ ਮਾਨ ਨੇ ਛੋਟੇ ਸਿੱਧੂ ਮੂਸੇਵਾਲਾ ਮਾਤਾ ਚਰਨ ਕੌਰ ਅਤੇ ਬਲਕੌਰ ਸਿੰਘ ਦੀ ਸਿਫਤ ਦੇ ਵਿੱਚ ਲਿਖੀਆਂ ਲਾਈਨਾਂ ਵੀ ਸਾਂਝੀਆਂ ਕੀਤੀਆਂ। ਕਿ…
ਬੜਾ-ਬੜਾ ਪਿਆਰ ਤੈਨੂੰ, ਬੜਾ ਸਤਿਕਾਰ ਤੈਨੂੰ। ਸਿੱਧੂ ਮੂਸੇਵਾਲਿਆਂ ਸਲਾਮ ਤੇਰੇ ਸ਼ਹਿਰ ਨੂੰ।।
ਅੱਜ ਤੱਕ ਭੁੱਲੀ ਨਹੀਂ ਨਵੇਕਲੀ ਜਿਹੀ ਸ਼ਾਇਰੀ ਤੇਰੀ, ਲੋਕੀ ਲਾਈਕ ਕਰਦੇ ਨੇ ਤੇਰੇ ਗੀਤਾਂ ਵਾਲੇ ਬਹਿਰ ਨੂੰ।।
ਜ਼ਜਬਾ ਜਨੂੰਨ ਤੇਰੇ, ਗੀਤਾਂ ‘ਚ ਸਕੂਨ ਤੇਰੇ, ਡੀਕ ਲਾਕੇ ਪੀ ਗਿਆ ਤੂੰ ਦੁਨੀਆਂ ਦੇ ਜ਼ਹਿਰ ਨੂੰ।।
ਜੱਗ ਉੱਤੇ ਕਾਇਮ ਦਾਇਮ ਰਹੂ ਸਰਦਾਰੀ ਤੇਰੀ, ਭੁੱਲ ਕੇ ਵੀ ਭੁੱਲਿਆ ਨੀ ਜਾਣਾ ਤੇਰੇ ਸ਼ਹਿਰ ਨੂੰ।।
ਸਿੱਧੂ ਮੂਸੇਵਾਲਿਆ ਸਲਾਮ ਤੇਰੇ ਸ਼ਹਿਰ ਨੂੰ।।
ਸਰਸ ਮੇਲੇ ਦੀ ਇਸ ਯਾਦਗਾਰੀ ਸ਼ਾਮ ਦੌਰਾਨ ਗੁਰਦਾਸ ਮਾਨ ਨੇ ਸਰੋਤਿਆਂ ਦੀ ਪੁਰਜ਼ੋਰ ਮੰਗ ਉੱਤੇ ਬੁਲੰਦ ਆਵਾਜ਼ ਤੋਂ ਇੱਕ ਬਾਅਦ ਇੱਕ ਸਦਾਬਹਾਰ ਗੀਤਾਂ ਦੀ ਝੜੀ ਲਗਾ ਦਿੱਤੀ। ਜਿਉਂ ਹੀ ਉਨ੍ਹਾਂ ਨੇ ‘ਛੱਲਾ, ਸੱਜਣਾ ਵੇ ਸੱਜਣਾ ਅਤੇ ਤਾਰੇ ਗਵਾਹ ਨੇ’ ਵਰਗੇ ਰੂਹਾਨੀ ਗੀਤ ਸ਼ੁਰੂ ਕੀਤੇ ਤਾਂ ਪੂਰਾ ਪੰਡਾਲ ਮੰਤਰ-ਮੁਗਧ ਹੋ ਕੇ ਨੱਚਣ ਲਈ ਮਜ਼ਬੂਰ ਹੋ ਗਿਆ।
ਮੇਲੇ ਦਾ ਮਾਹੌਲ ਉਸ ਵੇਲੇ ਸਿਖਰਾਂ ਉੱਤੇ ਪਹੁੰਚ ਗਿਆ ਜਦੋਂ ਗੁਰਦਾਸ ਮਾਨ ਨੇ ‘ਆਪਣਾ ਪੰਜਾਬ ਹੋਵੇ, ਇਸ਼ਕ ਦਾ ਗਿੱਧਾ ਅਤੇ ਬਾਬੇ ਭੰਗੜਾ ਪਾਉਂਦੇ ਨੇ’ ਵਰਗੇ ਜੋਸ਼ੀਲੇ ਗੀਤਾਂ ਨਾਲ ਹਾਜ਼ਰੀ ਲਵਾਈ। ‘ਕੀ ਬਣੂ ਦੁਨੀਆਂ ਦਾ ਅਤੇ ਸਾਈਕਲ’ ਵਰਗੇ ਗੀਤਾਂ ਤੇ ਨੌਜਵਾਨਾਂ ਦੇ ਨਾਲ- ਨਾਲ ਬਜ਼ਰਗਾਂ ਨੇ ਵੀ ਖੂਬ ਭੰਗੜਾ ਪਾਇਆ ਅਤੇ ਜ਼ਬਦਸਤ ਹੁੰਗਾਰਾ ਦਿੱਤਾ।
ਲੋਕਾਂ ਨੇ ਮੇਲੇ ਦਾ ਮਾਣਿਆ ਆਨੰਦ
ਸਰਸ ਮੇਲੇ ਵਿੱਚ ਪਹੁੰਚੇ ਲੋਕਾਂ ਨੇ ਮੇਲੇ ਦਾ ਆਨੰਦ ਮਾਣਦੇ ਹੋਏ ਕਿਹਾ ਕਿ ਅਜਿਹੇ ਮੇਲੇ ਹਰ ਜਿਲੇ ਵਿੱਚ ਲੱਗਣੇ ਚਾਹੀਦੇ ਹਨ। ਅੱਜ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਯਾਦ ਕਰ ਰਿਹਾ। ਜਦੋਂ ਗੁਰਦਾਸ ਮਾਨ ਨੇ ਉਨ੍ਹਾਂ ਦਾ ਜਿਕਰ ਕੀਤਾ। ਮਾਨਸਾ ਸਰਸ ਮੇਲੇ ਵਿੱਚ ਘੁੰਮਣ ਆਏ ਲੰਡਨ ਦੇ ਪੰਜਾਬੀ ਲੋਕਾਂ ਨੇ ਕਿਹਾ ਕਿ ਅਸੀਂ ਉਹ ਬਹੁਤ ਖੁਸ਼ ਹਨ ਕਿ ਪਹਿਲੀ ਵਾਰ ਮਾਨਸਾ ਸ਼ਹਿਰ ਵਿੱਚ ਸਰਸ ਮੇਲਾ ਲੱਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਉਹ ਵਿਦੇਸ਼ ਰਹਿੰਦੇ ਹਨ। ਪਰ ਸਿੱਧੂ ਮੂਸੇਵਾਲਾ ਨੂੰ ਨਹੀਂ ਭੁੱਲੇ। ਉਹ ਅੱਜ ਵੀ ਸਿੱਧੂ ਦੇ ਹੀ ਗਾਣੇ ਸੁਣਦੇ ਹਨ। ਅਤੇ ਅੱਜ ਮੇਲੇ ਵਿੱਚ ਆਕੇ ਵੀ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਗਾਣੇ ਸੁਣਨ ਨੂੰ ਮਿਲੇ ਹਨ।