Saturday, September 19
Shadow

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲੇ ਦਾ ਆਗਾਜ਼

ਫ਼ਰੀਦਕੋਟ, 19 ਸਤੰਬਰ 2026 ( ) ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.), ਫ਼ਰੀਦਕੋਟ ਦੇ ਸਹਿਯੋਗ ਨਾਲ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਦਾ ਉਦਘਾਟਨ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੇਸ਼ਵ, ਪ੍ਰਿੰਸੀਪਲ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਸ੍ਰੀ ਰਾਜੇਸ਼ ਮੋਹਨ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਮਨਜੀਤ ਪੁਰੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

            ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕਿਤਾਬਾਂ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਅਤੇ ਉਸ ਦੀ ਸੋਚ ਨੂੰ ਵਿਸ਼ਾਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਹਿਤ ਸਾਨੂੰ ਆਪਣੇ ਵਿਰਸੇ, ਸੱਭਿਆਚਾਰ ਅਤੇ ਸਮਾਜ ਨਾਲ ਜੋੜਦਾ ਹੈ। ਉਨ੍ਹਾਂ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਸਾਹਿਤ ਮੇਲਾ ਪੰਜਾਬੀ ਸਾਹਿਤ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋ ਰਿਹਾ ਹੈ।

            ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਆਈ.ਏ.ਐੱਸ. ਨੇ ਸਾਹਿਤ ਪੜ੍ਹਨ ਸਬੰਧੀ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਕਿਤਾਬਾਂ ਗਿਆਨ ਹਾਸਲ ਕਰਨ ਦੇ ਨਾਲ-ਨਾਲ ਮਨੁੱਖ ਦੀ ਸੋਚ ਅਤੇ ਸ਼ਖ਼ਸੀਅਤ ਦੇ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ।

            ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਮਨਜੀਤ ਪੁਰੀ ਨੇ ਬਾਬਾ ਫ਼ਰੀਦ ਸਾਹਿਤ ਮੇਲੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਮਾਲਵੇ ਦੇ ਪ੍ਰਮੁੱਖ ਪੁਸਤਕ ਮੇਲਿਆਂ ਵਿੱਚੋਂ ਇੱਕ ਹੈ, ਜਿਸ ਦੌਰਾਨ ਹਰ ਸਾਲ ਸੈਂਕੜੇ ਨਵੀਆਂ ਕਿਤਾਬਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲੇ ਵਿੱਚ ਕਰੀਬ 75 ਪ੍ਰਕਾਸ਼ਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਪੁਸਤਕ ਮੇਲੇ ਦੇ ਨਾਲ-ਨਾਲ ਹਰ ਰੋਜ਼ ਸਵੇਰੇ ਅਤੇ ਸ਼ਾਮ ਵੱਖ-ਵੱਖ ਰੂਬਰੂ ਅਤੇ ਸੰਵਾਦ ਸਮਾਗਮ ਵੀ ਕਰਵਾਏ ਜਾਣਗੇ।

            ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਸ੍ਰੀ ਜਸਬੀਰ ਜੱਸੀ ਵੱਲੋਂ ਨਿਭਾਈ ਗਈ। ਸਮਾਗਮ ਵਿੱਚ ਸ੍ਰੀ ਅਜੀਤਪਾਲ ਜਟਾਣਾ, ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ, ਸ੍ਰੀ ਜਗਦੀਪ ਸੰਧੂ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ, ਸ. ਕੰਵਰਜੀਤ ਸਿੰਘ ਸਿੱਧੂ, ਖੋਜ ਅਫ਼ਸਰ, ਸ੍ਰੀ ਗੁਰਮੀਤ ਕੜਿਆਲਵੀ, ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਫ਼ਰੀਦਕੋਟ ਤੋਂ ਇਲਾਵਾ ਅਵਤਾਰ ਸਿੰਘ ਔਲਖ, ਖਜ਼ਾਨਚੀ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ, ਪ੍ਰੋ. ਰਣਜੀਤ ਸਿੰਘ ਬਾਜਵਾ, ਪ੍ਰੋ. ਬੀਰਇੰਦਰ ਸਿੰਘ ਸਰਾਂ, ਪ੍ਰੋ. ਸੰਦੀਪ ਸਿੰਘ, ਹਰਪ੍ਰੀਤ ਸਿੰਘ ਭਿੰਡਰ, ਸਤਵਿੰਦਰ ਸਿੰਘ, ਕਾਰਜ ਸਿੰਘ, ਜਸਵਿੰਦਰਪਾਲ ਸਿੰਘ ਮਿੰਟੂ, ਗੁਰਜੀਤ ਸਿੰਘ ਟਹਿਣਾ, ਨਵਦੀਪ ਸਿੰਘ, ਜਸਵਿੰਦਰ ਸਿੰਘ, ਵਿਕਰਮ ਸ਼ਰਮਾ, ਰਵਿੰਦਰ ਕੌਰ ਅਤੇ ਹਰਿੰਦਰ ਕੌਰ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਸਨ।

            ਉਦਘਾਟਨੀ ਸਮਾਗਮ ਉਪਰੰਤ ਸਵੇਰ ਦੇ ਪਹਿਲੇ ਸੈਸ਼ਨ ‘ਕਥਾ ਕਾਰਵਾਂ’ ਵਿੱਚ ਪੰਜਾਬੀ ਕਹਾਣੀ ਦੇ ਉੱਘੇ ਹਸਤਾਖ਼ਰ ਬਲਵਿੰਦਰ ਗਰੇਵਾਲ ਅਤੇ ਜਤਿੰਦਰ ਹਾਂਸ ਨਾਲ ਸ੍ਰੀ ਗੁਰਮੀਤ ਕੜਿਆਲਵੀ ਵੱਲੋਂ ਸੰਵਾਦ ਰਚਾਇਆ ਗਿਆ। ਇਸ ਦੌਰਾਨ ਪੰਜਾਬੀ ਕਹਾਣੀ ਦੀਆਂ ਵੱਖ-ਵੱਖ ਪਰਤਾਂ ਅਤੇ ਇਸ ਦੇ ਬਦਲਦੇ ਸਰੋਕਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

            ਸ਼ਾਮ ਦੇ ਸੈਸ਼ਨ ‘ਯੁਵਾ ਸਾਹਿਤ ਦੇ ਸੰਗ’ ਦੌਰਾਨ ਨੌਜਵਾਨ ਕਹਾਣੀਕਾਰ ਆਗ਼ਾਜ਼ਬੀਰ ਅਤੇ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਕਵੀ ਰਣਧੀਰ ਨਾਲ ਨੌਜਵਾਨ ਚਿੰਤਕ ਪ੍ਰੋ. ਗੁਰਦੀਪ ਸਿੰਘ ਢਿੱਲੋਂ ਵੱਲੋਂ ਸੰਵਾਦ ਰਚਾਇਆ ਗਿਆ। ਇਸ ਦੌਰਾਨ ਅਜੋਕੇ ਦੌਰ ਵਿੱਚ ਸਾਹਿਤ ਅੰਦਰ ਆ ਰਹੇ ਬਦਲਾਵਾਂ ਅਤੇ ਨੌਜਵਾਨ ਸਾਹਿਤਕਾਰਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।