
ਮਲੋਟ/ਸ੍ਰੀ ਮੁਕਤਸਰ ਸਾਹਿਬ, 02 ਨਵੰਬਰ: ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੈਰੀਟੇਜ ਸਟਰੀਟ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਟੂਰਿਜ਼ਮ ਵਿਭਾਗ ਵੱਲੋਂ ਪਹਿਲੇ ਪੜਾਅ ਤਹਿਤ ਤਕਰੀਬਨ 10 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਕੁਆਲਿਟੀ ਨਾਲ ਕੋਈ ਸਮਝੌਤਾ ਨਾ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ।
ਨਿਰੀਖਣ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਸ ਇਲਾਕੇ ਵਿੱਚ ਹੈਰੀਟੇਜ ਸਟਰੀਟ ਦਾ ਕੰਮ ਚੱਲ ਰਿਹਾ ਹੈ, ਉੱਥੇ ਸੀਵਰੇਜ ਅਤੇ ਪਾਣੀ ਦੀ ਕਾਫੀ ਪੁਰਾਣੀ ਸਮੱਸਿਆ ਸੀ। ਇਸ ਕਾਰਨ ਹੈਰੀਟੇਜ ਸਟਰੀਟ ਦੇ ਨਾਲ-ਨਾਲ ਸੀਵਰੇਜ ਦਾ ਕੰਮ ਵੀ ਚਲਾਉਣਾ ਪਿਆ, ਜੋ ਕਿ ਹੁਣ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇੱਕੋ ਸਮੇਂ ਸਾਰਾ ਕੰਮ ਸ਼ੁਰੂ ਹੋਣ ਨਾਲ ਮੁਹੱਲਾ ਨਿਵਾਸੀਆਂ ਨੂੰ ਆਉਣ-ਜਾਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ, ਪਰ ਸੀਵਰੇਜ ਦੀਆਂ ਲਾਈਨਾਂ ਆਪਸ ਵਿੱਚ ਜੁੜੀਆਂ ਹੋਣ ਕਰਕੇ ਇਹ ਕੰਮ ਪਹਿਲਾਂ ਕਰਨਾ ਜ਼ਰੂਰੀ ਸੀ ਤਾਂ ਜੋ ਅਗਲੇ 20-25 ਸਾਲਾਂ ਤੱਕ ਲੋਕਾਂ ਨੂੰ ਦੁਬਾਰਾ ਗਲੀਆਂ ਪੱਟਣ ਦੀ ਸਮੱਸਿਆ ਨਾ ਆਵੇ।
ਗਲੀ ਵਿੱਚ ਰੰਗ-ਪੁਤਾਈ ਦੇ ਮਾੜੇ ਕੰਮ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ‘ਤੇ ਬੋਲਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਦੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ ਅਤੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਜਾਂ ਘਟੀਆ ਕੁਆਲਿਟੀ ਦਾ ਕੰਮ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਪਹਿਲੀ ਗਲੀ ਸੈਂਪਲ ਵਜੋਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜੋਨੀ ਗਰਗ, ਕਾਰਜ ਸਾਧਕ ਅਫਸਰ ਮੰਗਤ ਰਾਮ ,ਐਕਸੀਅਨ ਬਿਜਲੀ ਬੋਰਡ ਮਨਦੀਪ ਸਿੰਘ, ਪੀ.ਏ. ਅਰਸ਼ ਸਿੱਧੂ, ਪੀ.ਏ. ਛਿੰਦਰ ਪਾਲ ਸਿੰਘ ਤੋਂ ਇਲਾਵਾ ਆਪ ਆਗੂ ਬੰਟੀ ਕੁਮਾਰ, ਕੌਂਸਲਰ ਲਾਲ ਚੰਦ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਮੌਜੂਦ ਸਨ।