Saturday, September 12
Shadow

ਬਲਵਿੰਦਰ ਸਿੰਘ ਲਾਡੀ ਨੇ ਲੋਕਾਂ ਦੀ ਮੰਗ ਕੀਤੀ ਪੂਰੀ, ਪਿੰਡ ਹਰਚੋਵਾਲ ਵਿਖੇ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ

ਸ਼੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ, 12 ਸਤੰਬਰ (  ) ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਹਲਕੇ ਅੰਦਰ ਵਿਕਾਸ ਕਾਰਜ ਨਿਰੰਤਰ ਜਾਰੀ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਲੋਕਾਂ ਦੀ ਮੰਗ ਪੂਰੀ ਕਰਦਿਆਂ ਪਿੰਡ ਹਰਚੋਵਾਲ ਵਿਖੇ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਰੁਪਿੰਦਰ ਸਿੰਘ ਰੋਮੀ, ਚੇਅਰਮੈਨ ਟਰੇਡਰਜ਼ ਕਮਿਸ਼ਨ ਸ਼੍ਰੀ ਹਰਗੋਬਿੰਦਪੁਰ ਸਾਹਿਬ, ਚੇਅਰਮੈਨ ਨਿਸ਼ਾਨ ਸਿੰਘ ਚਾਹਲ, ਜਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ, ਐੱਸ ਡੀ ਓ ਲਵਜੀਤ ਸਿੰਘ, ਯੂਥ ਪ੍ਰਧਾਨ ਤੇਜਵੰਤ ਸਿੰਘ, ਐਮ.ਸੀ ਗੁਰਮੁਖ ਸਿੰਘ, ਸੂਬਾ ਸਿੰਘ ਸਮੇਤ ਪਿੰਡਾਂ ਦੇ ਪੰਚ ਸਰਪੰਚ ਮੌਜੂਦ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਬਲਵਿੰਦਰ ਸਿੰਘ ਲਾਡੀ ਦਾ ਧੰਨਵਾਦ ਕੀਤਾ।

ਇਸ ਮੌਕੇ ਗੱਲ ਕਰਦਿਆਂ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਉਹ ਇਸ ਕੰਮ ਲਈ ਦਿਨ ਰਾਤ ਲੱਗੇ ਹੋਏ ਹਨ।

ਉਨ੍ਹਾਂ ਕਿਹਾ ਕਿ ਹਰਚੋਵਾਲ ਵਿੱਚ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾਣਗੇ। ਮੁੱਖ ਬਜ਼ਾਰ ਤੋਂ ਭਾਮੜੀ ਰੋਡ ਤੱਕ ਸੜਕ ਦਾ ਨਿਰਮਾਣ, ਬਜ਼ਾਰ ਵਿੱਚ ਲਾਈਟਾਂ ਲਗਾਉਣਾ, ਵਾਟਰ ਕੂਲਰ ਦੀ ਸਥਾਪਨਾ, ਛੱਪੜ ਦਾ ਨਵੀਨੀਕਰਨ, ਸੀਵਰੇਜ ਪ੍ਰਬੰਧ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਸਮੇਤ ਕੰਮ ਸ਼ਾਮਲ ਹਨ।

ਉਨਾਂ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਅੰਦਰ ਸਾਫ ਸੁਥਰੀਆਂ ਲਿੰਕ ਸੜਕਾਂ ਦਾ ਜਾਲ ਵਿਛਾਉਣ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ, ਜੋ ਆਉਂਦੇ ਦਿਨਾਂ ਅੰਦਰ ਮੁਕੰਮਲ ਹੋ ਕੇ ਹਲਕੇ ਦੇ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸਹੂਲਤਾਂ ਪ੍ਰਦਾਨ ਹੋਣਗੀਆਂ।

ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾ ਰਹੀ ਹੈ ਅਤੇ ਨਵੀਆਂ ਚੁਣੀਆਂ ਪੰਚਾਇਤਾਂ ਰਾਹੀਂ ਪਿੰਡਾਂ ਵਿੱਚ ਪਾਰਦਰਸ਼ੀ ਢੰਗ ਨਾਲ ਕੰਮ ਕਰਵਾਏ ਜਾ ਰਹੇ ਹਨ। ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਖੇਡ ਮੈਦਾਨ ਬਣਾਏ ਗਏ ਹਨ। ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਪਾਏ ਗਏ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਨਿਪਟਾਰਾ ਕੀਤਾ ਜਾ ਰਿਹਾ ਹੈ।