Thursday, April 16
Shadow

ਬਤੌਰ ਨਿਰਦੇਸ਼ਕ ਪ੍ਰਭਾਵੀ ਪਾਰੀ ਲਈ ਤਿਆਰ ਅੰਮ੍ਰਿਤ ਰਾਜ ਚੱਢਾ, ਇਹ ਫਿਲਮ ਜਲਦ ਕਰਨਗੇ ਦਰਸ਼ਕਾਂ ਦੇ ਸਨਮੁੱਖ

ਚੰਡੀਗੜ੍ਹ: ਸਾਲ 2022 ਵਿੱਚ ਆਈ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ ‘ਬਿਊਟੀਫੁੱਲ ਬਿੱਲੋ’ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ ਹਨ ਨਿਰਦੇਸ਼ਕ ਅੰਮ੍ਰਿਤ ਰਾਜ ਚੱਢਾ, ਜੋ ਲੰਮੇਂ ਵਕਫ਼ੇ ਬਾਅਦ ਬਤੌਰ ਨਿਰਦੇਸ਼ਕ ਇੱਕ ਵਾਰ ਮੁੜ ਅਪਣੀ ਪ੍ਰਭਾਵੀ ਸਿਨੇਮਾ ਮੌਜ਼ੂਦਗੀ ਦਾ ਪ੍ਰਗਟਾਵਾ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨ੍ਹਾਂ ਦੀ ਨਿਰਦੇਸ਼ਨਾਂ ਹੇਠ ਬਣ ਰਹੀ ਪੰਜਾਬੀ ਫਿਲਮ ‘ਲੁੱਟ ਮੁਬਾਰਕ’ ਜਲਦ ਵਿਸ਼ਵ-ਭਰ ਵਿੱਚ ਪ੍ਰਦਰਸ਼ਿਤ ਹੋਵੇਗੀ।

ਕਾਮੇਡੀ-ਡ੍ਰਾਮੈਟਿਕ ਤਾਣੇ-ਬਾਣੇ ‘ਚ ਬੁਣੀ ਜਾ ਰਹੀ ਹੈ ਉਕਤ ਫਿਲਮ, ਜਿਸ ਵਿੱਚ ਅਦਾਕਾਰ ਹਰੀਸ਼ ਵਰਮਾ ਅਤੇ ਅਦਾਕਾਰਾ ਕਾਨਿਕਾ ਮਾਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਨਗੇ।

ਪੰਜਾਬ ਦੇ ਮੋਹਾਲੀ-ਖਰੜ੍ਹ ਆਦਿ ਇਲਾਕਿਆਂ ਵਿੱਚ ਇੰਨੀ ਦਿਨੀਂ ਤੇਜ਼ੀ ਨਾਲ ਫਿਲਮਾਈ ਜਾ ਰਹੀ ਹੈ ਉਕਤ ਫਿਲਮ, ਜਿਸ ਦੇ ਸਹਿ ਕਲਾਕਾਰਾਂ ਵਿੱਚ ਰੁਪਿੰਦਰ ਰੂਪੀ, ਸੀਮਾ ਕੌਸ਼ਲ, ਹਰਦੀਪ ਗਿੱਲ, ਸੁਖਵਿੰਦਰ ਚਾਹਲ, ਬਨਿੰਦਰ ਬਨੀ ਅਤੇ ਮਲਕੀਤ ਰੋਣੀ ਆਦਿ ਸ਼ਾਮਿਲ ਹਨ।

ਬਤੌਰ ਸਹਾਇਕ ਨਿਰਦੇਸ਼ਕ ਅਪਣੇ ਕਰੀਅਰ ਦਾ ਅਗਾਜ਼ ਕਰਨ ਵਾਲੇ ਅੰਮ੍ਰਿਤ ਰਾਜ ਚੱਢਾ ਐਸੋਸੀਏਟ ਨਿਰਦੇਸ਼ਕ ਦੇ ਤੌਰ ਉਤੇ ਕਈ ਬਹੁ-ਚਰਚਿਤ ਅਤੇ ਸਫ਼ਲ ਪੰਜਾਬੀ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ ‘ਅੰਗਰੇਜ਼’, ‘ਪੰਜਾਬ 1984’, ‘ਡਿਸਕੋ ਸਿੰਘ’, ‘ਜੱਟ ਐਂਡ ਜੂਲੀਅਟ 2’, ‘ਯਾਰ ਅਣਮੁੱਲੇ’, ‘ਜਿਹਨੇ ਮੇਰਾ ਦਿਲ ਲੁੱਟਿਆ’, ‘ਵਾਰਿਸ ਸ਼ਾਹ’, ‘ਚੱਕ ਜਵਾਨਾਂ’, ‘ਸੁਖਮਣੀ’, ‘ਯਾਰੀਆਂ’ ਆਦਿ ਸ਼ੁਮਾਰ ਰਹੀਆਂ ਹਨ।

ਇੰਨ੍ਹਾਂ ਤੋਂ ਇਲਾਵਾ ਵੈੱਬ ਸੀਰੀਜ਼ ‘ਵਾਰਦਾਤ’ ਦਾ ਨਿਰਮਾਣ ਅਤੇ ਸਾਲ 2017 ਵਿੱਚ ਆਈ ‘ਸਾਬ ਬਹਾਦੁਰ’ ਦਾ ਨਿਰਦੇਸ਼ਨ ਵੀ ਉਹ ਕਰ ਚੁੱਕੇ ਹਨ। ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਲੰਮੇਰਾ ਨਿਰਦੇਸ਼ਨ ਤਜ਼ਰਬਾ ਹੰਢਾਂ ਚੁੱਕੇ ਹਨ ਇਹ ਹੋਣਹਾਰ ਫਿਲਮਕਾਰ, ਜਿੰਨ੍ਹਾਂ ਦੁਆਰਾ ਨਿਰਦੇਸ਼ਿਤ ਕੀਤੀ ਅਤੇ ਸਾਲ 2018 ਵਿੱਚ ਰਿਲੀਜ਼ ਹੋਈ ‘ਪ੍ਰਾਹੁਣਾ’ ਨੂੰ ਵੀ ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ।

ਪੰਜਾਬੀ ਫਿਲਮ ਉਦਯੋਗ ਵਿੱਚ ਸਥਾਪਿਤ ਨਾਂਅ ਬਣ ਚੁੱਕੇ ਹਨ ਅੰਮ੍ਰਿਤ ਰਾਜ ਚੱਢਾ, ਜੋ ਨਿਰਦੇਸ਼ਕ ਦੇ ਤੌਰ ਉਤੇ ਬਹੁਤ ਹੀ ਤੇਜ਼ੀ ਨਾਲ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਉਕਤ ਫਿਲਮ ਦੀ ਗੱਲ ਕਰੀਏ ਤਾਂ ਮੁਕੰਮਲਤਾ ਦੇ ਆਖ਼ਰੀ ਪੜ੍ਹਾਅ ਵੱਲ ਵੱਧ ਚੁੱਕੀ ਹੈ ਇਹ ਮੰਨੋਰੰਜਕ ਫਿਲਮ, ਜਿਸ ਦਾ ਟੀਜ਼ਰ ਜਲਦ ਦਰਸ਼ਕਾਂ ਦੇ ਸਨਮੁੱਖ ਕੀਤਾ ਜਾਵੇਗਾ।