Thursday, September 17
Shadow

“ਜੇਕਰ ਖੇਡਣਾ ਹੈ ਤਾਂ ਭਾਰਤ ਆਉਣਾ ਪਵੇਗਾ, ਹਾਕੀ ਇੰਡੀਆ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ, ਪੜ੍ਹੋ ਪੂਰੀ ਖ਼ਬਰ

Asian Champions Trophy 2026: ਪੰਜਾਬ ਦੀ ਧਰਤੀ ‘ਤੇ ਕਈ ਦਹਾਕਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਹਾਕੀ ਮੁਕਾਬਲੇ ਹੋਣ ਜਾ ਰਹੇ ਹਨ। 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੀ ‘ਹੀਰੋ ਮੈਨਜ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ’ ਦੀ ਮੇਜ਼ਬਾਨੀ ਪੰਜਾਬ ਦੇ ਦੋ ਮੁੱਖ ਸ਼ਹਿਰਾਂ ਜਲੰਧਰ ਅਤੇ ਮੋਹਾਲੀ ਨੂੰ ਸੌਂਪੀ ਗਈ ਹੈ। ਇਸੇ ਸਬੰਧੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪਾਕਸਿਤਾਨ ਹਾਕੀ ਫੈਡਰੇਸ਼ਨ ਦੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਮੈਚ ਨਿਰਪੱਖ ਥਾਵਾਂ ‘ਤੇ ਕਰਵਾਉਣ ਦੀ ਮੰਗ ਨੂੰ ਹਾਕੀ ਇੰਡੀਆ ਨੇ ਰੱਦ ਕਰ ਦਿੱਤਾ ਹੈ। ਫੈਡਰੇਸ਼ਨ ਨੇ ਭਾਰਤ-ਪਾਕਿਸਤਾਨ ਵਿੱਚ ਮੌਜੂਦਾ ਤਣਾਅ ਅਤੇ ਸੁਰੱਖਿਆ ਦੇ ਕਾਰਨਾਂ ਦੇ ਹਵਾਲਾ ਦਿੰਦੇ ਹੋਏ ਇਹ ਮੰਗ ਕੀਤੀ ਸੀ।

ਟੂਰਨਾਮੈਂਟ ਵਿੱਚ ਖੇਡਣਾ ਹੈ ਤਾਂ ਭਾਰਤ ਆਉਣਾ ਪਵੇਗਾ”

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ ਕਿ “ਜੇਕਰ ਪਾਕਿਸਤਾਨ ਟੂਰਨਾਮੈਂਟ ਵਿੱਚ ਖੇਡਣਾ ਚਾਹੁੰਦਾ ਹੈ ਤਾਂ ਉਸ ਨੂੰ ਭਾਰਤ ਆਉਣਾ ਪਵੇਗਾ। ਜੇਕਰ ਪਾਕਿਸਤਾਨ ਨਹੀਂ ਆਉਂਦਾ ਹੈ ਤਾਂ ਉਸਦੀ ਜਗ੍ਹਾ ਬੰਗਲਾਦੇਸ਼ ਜਾਂ ਓਮਾਨ ਦੀ ਟੀਮ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।”

ਇਹ ਫੈਸਲਾ ਸਰਕਾਰ ਨੇ ਕਰਨਾ ਹੈ ਕਿ ਨੈਸ਼ਨਲ ਹਾਕੀ ਟੀਮ ਭਾਰਤ ਆਵੇਗੀ ਜਾਂ ਨਹੀਂ

ਇਸ ਤੋਂ ਪਹਿਲਾਂ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐਚਐਫ) ਨੇ ਭਾਰਤ ਦੌਰੇ ਦੇ ਹਵਾਲੇ ਨਾਲ ਕਿਹਾ ਸੀ ਕਿ ਇਹ ਫੈਸਲਾ ਸਰਕਾਰ ਨੇ ਕਰਨਾ ਹੈ ਕਿ ਨੈਸ਼ਨਲ ਹਾਕੀ ਟੀਮ ਭਾਰਤ ਆਵੇਗੀ ਜਾਂ ਨਹੀਂ। ਇਸ ਬਿਆਨ ਤੋਂ ਇੱਕ ਦਿਨ ਬਾਅਦ ਹੀ ਹੁਣ ਪੀਐਚਐਫ ਦੇ ਪ੍ਰਧਾਨ ਮੋਹੀਉਦੀਨ ਅਹਿਮਦ ਵਾਨੀ ਨੇ ਕਿਹਾ ਕਿ ਉਹ ਪੁਰਸ਼ਾਂ ਦੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਇੱਕ ਨਿਰਪੱਖ ਸਥਾਨ ਚਾਹੁੰਦੇ ਹਨ।

ਪੀਐਚਐਫ ਦੇ ਪ੍ਰਧਾਨ ਮੋਹੀਉਦੀਨ ਅਹਿਮਦ ਵਾਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਫੈਸਲੇ ਦਾ ਮਕਸਦ ਰਾਸ਼ਟਰੀ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਇੱਕ ਸੁਰੱਖਿਅਤ, ਸਤਿਕਾਰਯੋਗ ਅਤੇ ਅਨੁਕੂਲ ਮਾਹੌਲ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ, “ਅਸੀਂ ਭਾਰਤ ਸਮੇਤ ਸਾਰੇ ਐਫਆਈਐਚ ਮੈਂਬਰ ਦੇਸ਼ਾਂ ਵਿਰੁੱਧ ਖੇਡਣ ਲਈ ਤਿਆਰ ਹਾਂ।” ਉਨ੍ਹਾਂ ਇਹ ਵੀ ਕਿਹਾ ਕਿ ਪੀਐਚਐਫ ਖੇਡਾਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਦੇ ਸਿਧਾਂਤ ਪ੍ਰਤੀ ਵਚਨਬੱਧ ਹੈ।

ਉਨ੍ਹਾਂ ਕਿਹਾ, ‘ਸਾਨੂੰ ਪੂਰੀ ਉਮੀਦ ਹੈ ਕਿ ਏਸ਼ੀਅਨ ਹਾਕੀ ਫੈਡਰੇਸ਼ਨ ਟੂਰਨਾਮੈਂਟ ਵਿੱਚ ਪਾਕਿਸਤਾਨ ਦੀ ਸੁਚਾਰੂ ਅਤੇ ਪੂਰੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਇੱਕ ਨਿਰਪੱਖ ਸਥਾਨ ਦੇ ਸਾਡੇ ਮਾਣਮੱਤੇ ਪ੍ਰਸਤਾਵ ‘ਤੇ ਸਕਾਰਾਤਮਕ ਵਿਚਾਰ ਕਰੇਗਾ।’

ਪਾਕਿਸਤਾਨ ਦੀ ਅਪੀਲ ਰੱਦ

ਹਾਲਾਂਕਿ, ਇਹ ਵੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਉਪ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੇ ਪਾਕਿਸਤਾਨ ਦੀ ਬੇਨਤੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਭੋਲਾ ਨਾਥ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਹ ਅਜਿਹੀ ਕਿਸੇ ਵੀ ਬੇਨਤੀ ‘ਤੇ ਵਿਚਾਰ ਨਹੀਂ ਕਰ ਰਹੇ ਹਨ ਅਤੇ ਸਥਾਨ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਪਹਿਲਾਂ ਵੀ ਅਜਿਹਾ ਕਰ ਚੁੱਕਾ ਹੈ। ਜੇਕਰ ਉਹ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਖੇਡਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਭਾਰਤ ਆਉਣਾ ਪਵੇਗਾ। ਨਹੀਂ ਤਾਂ, ਉਨ੍ਹਾਂ ਦੀ ਜਗ੍ਹਾ ਬੰਗਲਾਦੇਸ਼ ਜਾਂ ਓਮਾਨ ਵਰਗੀ ਟੀਮ ਲੈ ਲਵੇਗੀ।

ਕ੍ਰਿਕਟ ਵਰਗਾ ਵਤੀਰਾ ਚਾਹੁੰਦਾ ਹੈ ਪਾਕਿਸਤਾਨ

ਇਹ ਵੀ ਧਿਆਨ ਦੇਣ ਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਰਾਜਨੀਤਿਕ ਸਬੰਧਾਂ ਦੇ ਕਾਰਨ, ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਨਿਰਪੱਖ ਥਾਵਾਂ ‘ਤੇ ਮੈਚ ਖੇਡਦੀਆਂ ਹਨ। ਹਾਲਾਂਕਿ, ਹੁਣ ਅਜਿਹਾ ਲੱਗਦਾ ਹੈ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਆਪਣੀ ਪੁਰਸ਼ ਹਾਕੀ ਟੀਮ ਲਈ ਵੀ ਅਜਿਹਾ ਹੀ ਵਰਤਾਵ ਚਾਹੁੰਦਾ ਹੈ।

ਕਦੋਂ ਹੋਵੇਗਾ ਸ਼ੁਰੂ ਟੂਰਨਾਮੈਂਟ?

ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਮੋਹਾਲੀ ਅਤੇ ਜਲੰਧਰ ਵਿੱਚ ਹੋਵੇਗਾ। ਮੇਜ਼ਬਾਨ ਭਾਰਤ, ਪਾਕਿਸਤਾਨ, ਚੀਨ, ਜਪਾਨ, ਮਲੇਸ਼ੀਆ ਅਤੇ ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ।