Monday, May 4
Shadow

ਪ੍ਰਧਾਨ ਮੰਤਰੀ ਦੀ ਪਾਰਦਰਸ਼ੀ ਸ਼ਾਸਨ, ਜਨਹਿਤੈਸ਼ੀ ਅਤੇ ਵਿਕਾਸਪੱਖੀ ਨੀਤੀਆਂ ‘ਤੇ ਜਨਤਾ ਨੇ ਲਗਾਈ ਮੋਹਰ – ਵਿਪੁਲ ਗੋਇਲ

ਚੰਡੀਗੜ੍ਹ, 4 ਮਈ – ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਦੀ ਜਨਤਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਰਕਾਰ ਦੀਆਂ ਜਨਹਿਤੈਸ਼ੀ ਨੀਤੀਆਂ, ਪਾਰਦਰਸ਼ੀ ਸ਼ਾਸਨ, ਸੁਸ਼ਾਸਨ ਅਤੇ ਵਿਕਾਸਪੱਖੀ ਨੀਤੀਆਂ ‘ਤੇ ਮੋਹਰ ਲਗਾਈ ਹੈ। ਇਸ ਲਈ ਇਨ੍ਹਾਂ ਤਿੰਨਾਂ ਰਾਜਾਂ ਦੀ ਜਨਤਾ ਵਧਾਈ ਦੀ ਪਾਤਰ ਹੈ।

ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਅੱਜ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਲੈ ਕੇ ਜਨਤਾ ਨੇ ਪਹਿਲਾਂ ਹੀ ਫੀਡਬੈਕ ਦੇ ਦਿੱਤਾ ਸੀ ਅਤੇ ਹੁਣ ਵੋਟ ਪਾ ਕੇ ਪੂਰਨ ਬਹੁਮਤ ਦੇਣ ਦਾ ਕਾਰਜ ਕੀਤਾ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਜਨਤਾ ਵਿਰੋਧੀ ਸਰਕਾਰਾਂ ਤੋਂ ਪਰੇਸ਼ਾਨ ਸੀ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਸੁਕ ਸੀ। ਅੱਜ ਦੇਸ਼ ਦੇ ਸਾਰੇ ਰਾਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਵਿਕਾਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਅਸਾਮ ਦੀ ਜਨਤਾ ਨੇ ਭਾਜਪਾ ਨੂੰ ਮੁੜ ਬਹੁਮਤ ਦਿੱਤਾ ਹੈ। ਭਾਜਪਾ ਨੇ 5 ਸਾਲਾਂ ਵਿੱਚ ਅਸਾਮ ਵਿੱਚ ਪੂਰਨ ਰੂਪ ਵਿੱਚ ਸ਼ਾਂਤੀ ਬਹਾਲ ਕਰਕੇ ਵਿਕਾਸ ਦੀ ਰਾਹ ਆਸਾਨ ਕੀਤੀ ਹੈ। ਇਸੇ ਤਰ੍ਹਾਂ ਪੁਡੂਚੇਰੀ ਸੈਰ-ਸਪਾਟੇ ਲਈ ਬਹੁਤ ਹੀ ਬਿਹਤਰ ਸਥਾਨ ਹੈ, ਇਸ ਨੂੰ ਸੈਲਾਨੀਆਂ ਲਈ ਹੋਰ ਜ਼ਿਆਦਾ ਵਿਕਸਤ ਕੀਤਾ ਜਾਵੇਗਾ। ਭਾਜਪਾ ਹੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦਾ ਕਾਰਜ ਕਰ ਰਹੀ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਨੇ ਕਿਹਾ ਕਿ ਭਾਜਪਾ ਹਿੰਦੂ-ਮੁਸਲਿਮ, ਜਾਤ-ਪਾਤ ਅਤੇ ਸੰਪ੍ਰਦਾਏ ਦੀ ਰਾਜਨੀਤੀ ਤੋਂ ਉੱਪਰ ਹੈ। ਇਨ੍ਹਾਂ ਸਾਰੇ ਰਾਜਾਂ ਵਿੱਚ ਭਾਜਪਾ ਦੇ ਵਰਕਰਾਂ ਦਾ ਸੰਘਰਸ਼ ਅਤੇ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਜਦੋਂ ਹਾਰ ਹੁੰਦੀ ਹੈ ਤਾਂ ਉਹ ਭਾਜਪਾ ‘ਤੇ ਭਾਂਡਾ ਭੰਨਣ ਦਾ ਕੰਮ ਕਰਦੀ ਹੈ। ਪੱਛਮੀ ਬੰਗਾਲ ਵਿੱਚ ਵੀ ਸ੍ਰੀਮਤੀ ਮਮਤਾ ਬੈਨਰਜੀ ਸਰਕਾਰ ਨੂੰ ਹਾਰ ਦਾ ਦੋਸ਼ ਭਾਜਪਾ ‘ਤੇ ਲਗਾਉਣ ਦੀ ਬਜਾਏ ਆਤਮ-ਮੰਥਨ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਕਿਹੜੀਆਂ ਗਲਤ ਨੀਤੀਆਂ ਕਾਰਨ ਉਨ੍ਹਾਂ ਨੂੰ ਹਾਰ ਮਿਲੀ ਹੈ ਅਤੇ ਹੁਣ ਹਾਰ ਨੂੰ ਜਨਤਾ ਦਾ ਫਤਵਾ ਸਮਝ ਕੇ ਸਵੀਕਾਰ ਕਰਨਾ ਚਾਹੀਦਾ ਹੈ।

ਸ੍ਰੀ ਗੋਇਲ ਨੇ ਕਿਹਾ ਕਿ ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਵਿੱਚ ਵੀ ਭਾਜਪਾ ਨੂੰ ਜ਼ਰੂਰ ਜਿੱਤ ਮਿਲੇਗੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਮਾਰਗਦਰਸ਼ਨ ਵਿੱਚ ਸਰਕਾਰ ਨੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਹੁਣ ਤੱਕ 150 ਵਾਅਦਿਆਂ ਨੂੰ ਪੂਰਾ ਕੀਤਾ ਹੈ ਅਤੇ ਉਹ ਹਰ ਵਰਗ ਦੀ ਭਲਾਈ ਲਈ ਕਾਰਜ ਕਰ ਰਹੀ ਹੈ।

ਐੱਸ.ਆਈ.ਆਰ. ਦੇ ਜਵਾਬ ਵਿੱਚ ਮਾਲ ਮੰਤਰੀ ਨੇ ਕਿਹਾ ਕਿ ਇਸ ਦੇ ਜ਼ਰੀਏ ਯੋਗ ਵਿਅਕਤੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਦਾ ਹੈ ਅਤੇ ਅਯੋਗ ਵਿਅਕਤੀਆਂ ਦੀਆਂ ਵੋਟਾਂ ਕੱਟੀਆਂ ਜਾਂਦੀਆਂ ਹਨ। ਦੇਸ਼ ਦੇ ਕਿਸੇ ਵੀ ਯੋਗ ਨਾਗਰਿਕ ਦੀ ਵੋਟ ਨਹੀਂ ਕੱਟੀ ਗਈ। ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. ਤਾਂ ਪਿਛਲੀਆਂ ਸਰਕਾਰਾਂ ਵੀ ਨਿਯਮਤ ਰੂਪ ਵਿੱਚ ਕਰਦੀਆਂ ਰਹੀਆਂ ਹਨ। ਵੋਟਾਂ ਦੀ ਸੋਧ ਜਾਂ ਸ਼ੁੱਧੀਕਰਨ ਕਰਨਾ ਲਾਜ਼ਮੀ ਹੈ।

ਇੱਕ ਹੋਰ ਜਵਾਬ ਵਿੱਚ ਮਾਲ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸਰਕਾਰ ਹੈਟ੍ਰਿਕ ਬਣਾਏਗੀ ਅਤੇ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣੇਗੀ। ਭਾਜਪਾ ਵਿੱਚ ਪਹਿਲਾਂ ਵਰਕਰ ਅਤੇ ਅਹੁਦਾ ਬਾਅਦ ਵਿੱਚ ਹੁੰਦਾ ਹੈ। ਇਸ ਲਈ ਹਰ ਵਰਕਰ ਜ਼ਮੀਨੀ ਪੱਧਰ ‘ਤੇ ਪ੍ਰੋਤਸਾਹਿਤ ਹੋ ਕੇ ਕਾਰਜ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਵੀ ਭਾਜਪਾ ਦੁਬਾਰਾ ਸਰਕਾਰ ਬਣਾਏਗੀ। ਇਹ ਦੇਸ਼ ਵਿਆਪੀ ਮੁਹਿੰਮ ਹੈ ਅਤੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੀ ਜਿੱਤ ਹੈ।

ਮਾਲ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਪਿਛਲੇ 11 ਸਾਲਾਂ ਦੇ ਸ਼ਾਸਨ ਵਿੱਚ ਕੋਈ ਵੀ ਘੁਟਾਲਾ ਜਾਂ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਨਹੀਂ ਆਇਆ। ਹੁਣ ਵੀ ਵਿਰੋਧੀ ਸਰਕਾਰਾਂ ‘ਤੇ ਦੋਸ਼ ਲਗਾਏ ਜਾ ਰਹੇ ਹਨ ਅਤੇ ਜਨਤਾ ਭਾਜਪਾ ਦੀਆਂ ਨੀਤੀਆਂ ਨੂੰ ਪਸੰਦ ਕਰਕੇ ਜਿੱਤ ਦਿਵਾਉਣ ਦਾ ਕੰਮ ਕਰ ਰਹੀ ਹੈ।