
ਚੰਡੀਗੜ੍ਹ: ਰੋਮਾਂਟਿਕ ਅਤੇ ਕਾਮੇਡੀ ਕਿਰਦਾਰਾਂ ਲਈ ਜਾਣੇ ਜਾਂਦੇ ਗਾਇਕ ਅਤੇ ਅਦਾਕਾਰ ਬੱਬਲ ਰਾਏ ਹੁਣ ਇੱਕ ਨਵੇਂ ਅਵਤਾਰ ਅਤੇ ਅੰਦਾਜ਼ ਦੁਆਰਾ ਦਰਸ਼ਕਾਂ ਅਤੇ ਆਪਣੇ ਚਾਹੁਣ ਵਾਲਿਆ ਸਨਮੁੱਖ ਹੋਣ ਜਾ ਰਹੇ ਹਨ। ਅਦਾਕਾਰ ਦੀ ਪਹਿਲੀ ਵੈੱਬ ਸੀਰੀਜ਼ ‘ਤੂਤਾਂ ਵਾਲਾ ਖੂਹ’ ਜਲਦ ਰਿਲੀਜ਼ ਹੋਣ ਜਾ ਰਹੀ ਹੈ।
‘ਚੌਪਾਲ’ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਹੈ ਇਹ ਵੈੱਬ ਸੀਰੀਜ਼ ਅਨੰਦ ਮਿਊਜ਼ਿਕ ਦੀ ਇਨ ਹਾਊਸ ਅਸੋਸੀਏਸ਼ਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਹੈ। ਇਸ ਵੈੱਬ ਸੀਰੀਜ਼ ਦਾ ਲੇਖ਼ਣ ਅਤੇ ਨਿਰਦੇਸ਼ਨ ਤਾਜ ਦੁਆਰਾ ਕੀਤਾ ਗਿਆ ਹੈ। ਨਿਰਮਾਤਾ ਸੰਦੀਪ ਬਾਂਸਲ ਅਤੇ ਮੁਕੇਸ਼ ਕੁਮਾਰ ਦੁਆਰਾ ਨਿਰਮਿਤ ਇਹ ਵੈੱਬ ਸੀਰੀਜ਼ ਬਹੁਤ ਹੀ ਇਮੋਸ਼ਨਲ ਅਤੇ ਪਰਿਵਾਰਿਕ ਥੀਮ ‘ਤੇ ਆਧਾਰਿਤ ਹੈ, ਜਿਸ ਦਾ ਕਹਾਣੀ-ਸਾਰ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦੇਵੇਗਾ।
ਪੰਜਾਬ ਦੇ ਠੇਠ ਦੇਸੀ ਮਾਹੌਲ ਵਿੱਚ ਫਿਲਮਾਂਈ ਗਈ ਇਸ ਵੈੱਬ ਸੀਰੀਜ਼ ਵਿੱਚ ਬੱਬਲ ਰਾਏ ਵੱਲੋਂ ਅਜਿਹੇ ਪੁਲਿਸ ਅਫਸਰ ਦਾ ਕਿਰਦਾਰ ਪਲੇ ਕੀਤਾ ਗਿਆ ਹੈ, ਜਿਸਨੂੰ ਨਿੱਜੀ ਜ਼ਿੰਦਗੀ ਅਤੇ ਪੇਸ਼ੇਵਰ ਕਰਿਅਰ ਵਿੱਚ ਕਈ ਚੁਣੌਤੀਪੂਰਨ ਹਾਲਾਤਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈ ਜਾਂਦਾ ਹੈ। ਇਸਦੇ ਨਾਲ ਹੀ, ਇਹ ਇੱਕ ਅਜਿਹੀ ਭੂਮਿਕਾ ਵੀ ਹੈ, ਜਿਸ ਤਰ੍ਹਾਂ ਦਾ ਕਿਰਦਾਰ ਬੱਬਲ ਰਾਏ ਨੇ ਅਜੇ ਤੱਕ ਪਲੇ ਨਹੀਂ ਕੀਤਾ ਹੈ।
ਸਾਲ 2025 ਵਿੱਚ ਅਦਾਕਾਰਾ ਅਰੂਸ਼ੀ ਸ਼ਰਮਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਇਹ ਵੈੱਬ ਸੀਰੀਜ਼ ਬੱਬਲ ਰਾਏ ਦੇ ਕਰਿਅਰ ਲਈ ਇੱਕ ਅਹਿਮ ਟਰਨਿੰਗ ਪੁਆਇੰਟ ਸਾਬਿਤ ਹੋਣ ਜਾ ਰਹੀ ਹੈ। ਇਸ ਵਿਚਲੇ ਹੋਰਨਾਂ ਕਲਾਕਾਰਾਂ ਵਿੱਚ ਸੁੱਖੀ ਚਾਹਲ, ਸੰਜੂ ਸੋਲੰਕੀ, ਲੱਕੀ ਧਾਲੀਵਾਲ, ਪ੍ਰਕਾਸ਼ ਗਾਧੂ, ਅਕਾਂਕਸ਼ਾਂ ਸਰੀਨ, ਪੂਨਮ ਸੂਦ, ਗਰਿਮਾ ਅਤੇ ਮਨੀ ਕੁਲਾਰ ਸ਼ਾਮਲ ਹਨ। 9 ਅਪ੍ਰੈਲ ਨੂੰ ਪੰਜਾਬੀ ਓਟੀਟੀ ਪਲੇਟਫ਼ਾਰਮ ‘ਤੇ ਇਹ ਵੈੱਬ ਸੀਰੀਜ਼ ਰਿਲੀਜ਼ ਹੋਵੇਗੀ, ਜੋ ਅਦਾਕਾਰ ਬੱਬਲ ਰਾਏ ਦੇ ਕਰਿਅਰ ਖਲਾਅ ਨੂੰ ਪੁਰਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।