ਚੰਡੀਗੜ੍ਹ: ਹਿੰਦੀ ਤੋਂ ਬਾਅਦ ਹੁਣ ਪੰਜਾਬੀ ਫ਼ਿਲਮ ਉਦਯੋਗ ਵਿੱਚ ਵੀ ਨਵੀਆਂ ਪੈੜਾ ਸਿਰਜਣ ਲਈ ਯਤਨਸ਼ੀਲ ਹੋ ਚੁੱਕੇ ਅਦਾਕਾਰ ਰਾਜ ਕੁੰਦਰਾ ਬਤੌਰ ਅਦਾਕਾਰ ਆਪਣੀ ਦੂਜੀ ਅਤੇ ਇੱਕ ਹੋਰ ਬਹੁ-ਚਰਚਿਤ ਪੰਜਾਬੀ ਫ਼ਿਲਮ ‘ਦ ਗ੍ਰੇਟ ਪੰਜਾਬ ਰੌਬਰੀ’ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਇਸ ਫਿਲਮ ਦੀ ਪਹਿਲੀ ਅਤੇ ਮੋਸ਼ਨ ਪੋਸਟਰ ਝਲਕ ਨੂੰ ਅੱਜ ਨਿਰਮਾਣ ਟੀਮ ਵੱਲੋਂ ਰਿਵੀਲ ਕਰ ਦਿੱਤਾ ਗਿਆ ਹੈ।
ਐਕਸ਼ਨ ਪੈਕੇਡ ਥੀਮ ਅਧਾਰਿਤ ਇਸ ਫ਼ਿਲਮ ਦਾ ਨਿਰਦੇਸ਼ਨ ਸੌਰਬ ਵਰਮਾ ਦੁਆਰਾ ਕੀਤਾ ਗਿਆ ਹੈ, ਜੋ ਆਪਣੀ ਇਸ ਡਾਇਰੈਕਟੋਰੀਅਲ ਪੰਜਾਬੀ ਫ਼ਿਲਮ ਨਾਲ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਇੱਕ ਨਵੇਂ ਅਤੇ ਸ਼ਾਨਦਾਰ ਅਗਾਜ਼ ਵੱਲ ਵਧਣ ਜਾ ਰਹੇ ਹਨ।
ਨਿਰਮਾਣ ਪੜ੍ਹਾਅ ਤੋਂ ਚਰਚਾ ਦਾ ਕੇਂਦਰ ਬਣੀ ਆ ਰਹੀ ਹੈ ਇਹ ਫ਼ਿਲਮ ਪੰਜਾਬ ਵਿੱਚ ਸਾਲਾਂ ਪਹਿਲਾ ਵਾਪਰੀ ਇੱਕ ਵੱਡੀ ਡਕੈਤੀ ਕਾਂਡ ਅਤੇ ਇਸ ਨਾਲ ਜੁੜੇ ਕੁਝ ਅਹਿਮ ਪਹਿਲੂਆ ਦੁਆਲੇ ਕੇਂਦਰਿਤ ਹੈ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਹ ਫ਼ਿਲਮ ਉੱਚ-ਪੱਧਰੀ ਸਿਨੇਮਾ ਸਿਰਜਨਾਂਤਮਕਤਾ ਦਾ ਵੀ ਅਹਿਸਾਸ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ।
ਬਾਲੀਵੁੱਡ ਗਲਿਆਰਿਆਂ ਵਿੱਚ ਕੁਝ ਵਿਵਾਦਾਂ ਦਾ ਕੇਂਦਰ ਬਿੰਦੂ ਰਹੇ ਨਿਰਮਾਤਾ ਅਤੇ ਅਦਾਕਾਰ ਰਾਜ ਕੁੰਦਰਾ ਅੱਜਕਲ੍ਹ ਪਾਲੀਵੁੱਡ ਵਿੱਚ ਜਿਆਦਾ ਕਾਰਜਸ਼ੀਲ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਖਿੱਤੇ ਵਿੱਚ ਵਿਸ਼ਾਲਤਾ ਅਖ਼ਤਿਆਰ ਕਰਦੇ ਕਦਮਾਂ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਇਸ ਫਿਲਮ ਵਿੱਚ ਉਹ ਇੱਕ ਵਾਰ ਮੁੜ ਸਿੱਖ ਨੌਜਵਾਨ ਦੇ ਰੋਲ ਦੁਆਰਾ ਆਪਣੇ ਪ੍ਰਸ਼ੰਸਕਾਂ ਸਨਮੁੱਖ ਹੋਣਗੇ।
ਅਕੁਰ ਮੀਡੀਆ’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦਾ ਲੇਖ਼ਣ ਲਾਰੈਂਸ ਜੌਨ ਦੁਆਰਾ ਕੀਤਾ ਗਿਆ ਹੈ ਜਦਕਿ ਇਸ ਦੀ ਸੰਗ਼ੀਤਬਧਤਾ ਨੂੰ ‘ਡ੍ਰੀਮਜ਼ ਮਿਊਜ਼ਿਕ’ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ। ਰੋਮਾਂਚਕ ਅਤੇ ਭਾਵਨਾਤਮਕ ਰੋਲਰ ਕੋਸਟਰ ਵਜੋ ਵਜ਼ੂਦ ਵਿੱਚ ਲਿਆਂਦੀ ਗਈ ਇਸ ਫ਼ਿਲਮ ਵਿੱਚ ਰਾਜ ਕੁੰਦਰਾ ਦੇ ਅੋਪੋਜਿਟ ਪਾਇਲ ਰਾਜਪੂਤ ਨਜ਼ਰ ਆਵੇਗੀ। ਇਹ ਦੋਨੋਂ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਇਹ ਫਿਲਮ 7 ਅਗਸਤ 2026 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸਦਾ ਟੀਜ਼ਰ ਵੀ ਜਲਦ ਜਾਰੀ ਕੀਤਾ ਜਾਵੇਗਾ।