
ਚੰਡੀਗੜ੍ਹ: ਰੈਪਰ ਬਾਦਸ਼ਾਹ ਇਸ ਸਮੇਂ ਆਪਣੇ ਨਵੇਂ ਗੀਤ ‘ਟਟੀਰੀ’ ਲਈ ਸਖ਼ਤ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ਹਰਿਆਣਾ ਪੁਲਿਸ ਨੇ ਰੈਪਰ ਬਾਦਸ਼ਾਹ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਵਿੱਚ ਕਥਿਤ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਣ ਲਈ ਲੁੱਕ ਆਊਟ ਸਰਕੂਲਰ (LOC) ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਸਭ ਦੇ ਵਿਚਕਾਰ ਗਾਇਕ ਬਾਦਸ਼ਾਹ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਦਰਸ਼ਕਾਂ ਤੋਂ ਮੁਆਫ਼ੀ ਮੰਗੀ ਹੈ।
ਰੈਪਰ ਅਤੇ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਵੀਡੀਓ ਸਾਂਝੀ ਕੀਤੀ ਅਤੇ ਕਿਹਾ, “ਹੈਲੋ ਮੈਂ ਬਾਦਸ਼ਾਹ ਹਾਂ, ਮੇਰਾ ਨਵਾਂ ਗੀਤ ‘ਟਟੀਰੀ’ ਰਿਲੀਜ਼ ਹੋਇਆ ਹੈ ਅਤੇ ਮੈਂ ਦੇਖ ਰਿਹਾ ਹਾਂ ਕਿ ਮੇਰੇ ਬੋਲਾਂ ਦੁਆਰਾ ਭੇਜਿਆ ਗਿਆ ਸੁਨੇਹਾ ਅਤੇ ਇਸਦੀ ਵਿਜ਼ੂਅਲ ਪੇਸ਼ਕਾਰੀ ਬਹੁਤ ਸਾਰੇ ਲੋਕਾਂ ਖਾਸ ਕਰਕੇ ਮੇਰੇ ਆਪਣੇ ਹਰਿਆਣਾ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਿਆ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਖੁਦ ਹਰਿਆਣਾ ਤੋਂ ਹਾਂ। ਜੋ ਲੋਕ ਮੈਨੂੰ ਜਾਣਦੇ ਹਨ, ਉਹ ਜਾਣਦੇ ਹਨ ਕਿ ਮੇਰੀ ਬੋਲੀ, ਮੇਰੀਆਂ ਖਾਣ-ਪੀਣ ਦੀਆਂ ਆਦਤਾਂ, ਮੇਰੀ ਜੀਵਨ ਸ਼ੈਲੀ, ਮੇਰੀ ਪਛਾਣ ਹਰਿਆਣਾ ਤੋਂ ਹੈ। ਮੈਨੂੰ ਬਹੁਤ ਮਾਣ ਹੈ ਕਿ ਮੈਂ ਹਰਿਆਣਵੀ ਹਾਂ। ਮੇਰਾ ਕਦੇ ਵੀ ਅਜਿਹਾ ਕੋਈ ਇਰਾਦਾ ਨਹੀਂ ਸੀ ਕਿ ਮੇਰੇ ਬੋਲ ਕਿਸੇ ਨੂੰ ਵੀ ਨੀਵਾਂ ਦਿਖਾਉਣ। ਮੇਰੇ ਗੀਤ ਦੇ ਬੋਲ ਇੱਕ ਤਰ੍ਹਾਂ ਨਾਲ ਮੇਰੇ ਮੁਕਾਬਲੇਬਾਜ਼ਾਂ ਲਈ ਹਨ। ਇਹ ਕਦੇ ਵੀ ਕਿਸੇ ਔਰਤ ਜਾਂ ਬੱਚੇ ਲਈ ਨਹੀਂ ਸੀ ਅਤੇ ਨਾ ਹੀ ਮੈਂ ਕਦੇ ਅਜਿਹਾ ਕਰਾਂਗਾ। ਮੈਂ ਹਮੇਸ਼ਾ ਹਰਿਆਣਾ ਦੇ ਸੱਭਿਆਚਾਰ ਅਤੇ ਰਾਜਨੀਤੀ ਨੂੰ ਜਿੰਨਾ ਹੋ ਸਕੇ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ, ਇਸਨੂੰ ਜਿੰਨੀ ਉੱਚਾਈ ‘ਤੇ ਲੈ ਜਾ ਸਕਦਾ ਹਾਂ ਮੈਂ ਕਰਦਾ ਹਾਂ। ਪਰ ਜੇਕਰ ਮੇਰੇ ਬੋਲਾਂ ਨਾਲ ਕਿਸੇ ਨੂੰ ਦੁੱਖ ਪਹੁੰਚਾਇਆ ਹੈ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਆਪਣੇ ਦਿਲ ਦੀ ਗਹਿਰਾਈ ਤੋਂ ਮੁਆਫ਼ੀ ਮੰਗਦਾ ਹਾਂ।”
ਤੁਹਾਨੂੰ ਦੱਸ ਦੇਈਏ ਕਿ ਪੰਚਕੂਲਾ ਦੇ ਸੈਕਟਰ 20 ਦੇ ਸਾਈਬਰ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਗਾਇਕ ਦੇ ਖਿਲਾਫ਼ ਦਰਜ ਕੀਤਾ ਗਿਆ ਮਾਮਲਾ ਗਾਣੇ ਅਤੇ ਵੀਡੀਓ “ਟਟੀਰੀ” ਨਾਲ ਸੰਬੰਧਤ ਹੈ, ਜਿਸ ਵਿੱਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਤਰਾਜ਼ਯੋਗ ਸਮੱਗਰੀ ਹੈ ਅਤੇ ਔਰਤਾਂ ਅਤੇ ਨਾਬਾਲਗਾਂ ਦਾ ਅਣਉਚਿਤ ਚਿੱਤਰਣ ਹੈ।
ਪੁਲਿਸ ਨੇ ਕਿਹਾ ਕਿ ਵੀਡੀਓ ਵਿੱਚ ਕਥਿਤ ਤੌਰ ‘ਤੇ ਨਾਬਾਲਗ ਕੁੜੀਆਂ ਛੋਟੀਆਂ ਸਕੂਲ ਵਰਦੀਆਂ ਪਹਿਨਦੀਆਂ ਅਤੇ ਆਪਣੇ ਸਕੂਲ ਬੈਗ ਸੁੱਟਦੀਆਂ, ਪੜ੍ਹਾਈ ਤੋਂ ਭੱਜਦੀਆਂ ਦਿਖਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਗਾਣੇ ਵਿੱਚ “ਬਾਦਸ਼ਾਲਾ” ਸ਼ਬਦ ਦੀ ਵਰਤੋਂ ਸਕੂਲ ਅਤੇ ਵਿਦਿਅਕ ਮਾਹੌਲ ਨੂੰ ਨਕਾਰਾਤਮਕ ਢੰਗ ਨਾਲ ਦਰਸਾਉਂਦੀ ਹੈ।
ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਗਾਣੇ ਵਿੱਚ ਔਰਤਾਂ ਅਤੇ ਕੁੜੀਆਂ ਲਈ ਇਤਰਾਜ਼ਯੋਗ ਅਤੇ ਅਸ਼ਲੀਲ ਸ਼ਬਦ ਸ਼ਾਮਲ ਹਨ। ਇੱਕ ਬਿਆਨ ਵਿੱਚ ਹਰਿਆਣਾ ਪੁਲਿਸ ਦੇ ਪੀਆਰਓ ਨੇ ਕਿਹਾ ਕਿ ਬਾਦਸ਼ਾਹ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਗਾਇਕ ਨੂੰ ਤੁਰੰਤ ਪੁਲਿਸ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਚਕੂਲਾ ਪੁਲਿਸ ਨੇ ਪਹਿਲਾਂ ਹੀ ਯੂਟਿਊਬ ਤੋਂ ਗਾਣਾ ਹਟਾ ਦਿੱਤਾ ਹੈ ਅਤੇ ਸੰਬੰਧਿਤ ਵੀਡੀਓ ਨੂੰ ਹਟਾਉਣ ਲਈ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨੋਟਿਸ ਜਾਰੀ ਕੀਤੇ ਹਨ। ਜਾਂਚ ਦੌਰਾਨ ਪੁਲਿਸ ਨੇ ਇਹ ਵੀ ਪਾਇਆ ਕਿ ਜੀਂਦ ਡਿਪੂ ਤੋਂ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਵੀਡੀਓ ਵਿੱਚ ਦਿਖਾਈ ਦਿੰਦੀ ਹੈ। ਅਧਿਕਾਰੀ ਜਾਂਚ ਕਰ ਰਹੇ ਹਨ ਕਿ ਕੀ ਇਸਦੀ ਵਰਤੋਂ ਲਈ ਸੰਬੰਧਤ ਵਿਭਾਗ ਤੋਂ ਉਚਿਤ ਇਜਾਜ਼ਤ ਲਈ ਗਈ ਸੀ।
ਪੁਲਿਸ ਨੇ ਅੱਗੇ ਚੇਤਾਵਨੀ ਦਿੱਤੀ ਹੈ ਕਿ ਵਿਵਾਦਪੂਰਨ ਗਾਣੇ ਨਾਲ ਸੰਬੰਧਤ ਰੀਲਾਂ ਜਾਂ ਵੀਡੀਓ ਬਣਾਉਣ ਜਾਂ ਸਾਂਝਾ ਕਰਨ ਅਤੇ ਇਤਰਾਜ਼ਯੋਗ ਸਮੱਗਰੀ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।