
Punjabi Singer Jasbir Jassi: ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਅਤੇ ਜਥੇਦਾਰ ਸਾਹਿਬ ਦੇ ਸਤਿਕਾਰ ਨੂੰ ਲੈ ਕੇ ਇੱਕ ਵੀਡੀਓ ਰਾਹੀ ਇੱਕ ਬਿਆਨ ਜਾਰੀ ਕੀਤਾ ਹੈ। ਜੱਸੀ ਨੇ ਸਪੱਸ਼ਟ ਕੀਤਾ ਹੈ ਕਿ ਸਿੱਖਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਇੱਕੋ-ਇੱਕ ਸਰਵਉੱਚ ਅਸਥਾਨ ਹੈ ਅਤੇ ਉੱਥੋਂ ਦੇ ਜਥੇਦਾਰ ਸਾਹਿਬ ਜੋ ਵੀ ਫੈਸਲਾ ਜਾਂ ਹੁਕਮ ਦੇਣਗੇ, ਉਹ ਉਸ ਦਾ ਪੂਰਾ ਸਤਿਕਾਰ ਕਰਨਗੇ।
ਜਸਬੀਰ ਜੱਸੀ ਨੇ ਸੰਗਤ ਨੂੰ ਕੀਤੀ ਅਪੀਲ
ਇਸ ਦੌਰਾਨ ਜਸਬੀਰ ਜੱਸੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਜਥੇਦਾਰ ਸਾਹਿਬ ਬਾਰੇ ਕੋਈ ਵੀ ਮਾੜੀ-ਚੰਗੀ ਗੱਲ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਹੀ ਘਰ ਵਿੱਚ ਲੜਾਈ ਪਾਵਾਂਗੇ, ਤਾਂ ਇਸ ਦਾ ਫਾਇਦਾ ਉਹ ਲੋਕ ਚੁੱਕਣਗੇ ਜੋ ਸਿੱਖੀ ਦਾ ਪ੍ਰਚਾਰ ਰੋਕਣਾ ਚਾਹੁੰਦੇ ਹਨ, ਜਿਵੇਂ ਕਿ ਡੇਰੇਦਾਰ ਅਤੇ ਕਬਰਾਂ ਨੂੰ ਮੰਨਣ ਵਾਲੇ। ਜੱਸੀ ਅਨੁਸਾਰ, ਜਥੇਦਾਰ ਸਾਹਿਬ ਨੇ ਜੋ ਵੀ ਬੋਲਿਆ ਹੈ, ਉਹ ਮਰਯਾਦਾ ਦੀ ਰਾਖੀ ਲਈ ਹੀ ਬੋਲਿਆ ਹੈ।
‘ਗੁਰੂ ਗ੍ਰੰਥ ਸਾਹਿਬ ਦਾ ਲੜ ਕਦੇ ਨਹੀਂ ਛੱਡਾਂਗਾ’
ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫਵਾਹਾਂ ਦਾ ਜਵਾਬ ਦਿੰਦਿਆਂ ਜੱਸੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਧਰਮ ਬਦਲ ਲੈਣਗੇ। ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, “ਭਾਵੇਂ ਮੇਰੇ ਸਰੀਰ ਦੇ ਲੱਖਾਂ ਟੋਟੇ ਕਰ ਦਿੱਤੇ ਜਾਣ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਕਦੇ ਨਹੀਂ ਛੱਡਾਂਗਾ”। ਉਨ੍ਹਾਂ ਕਿਹਾ ਕਿ ਉਹ ਸ਼ੋਹਰਤ, ਪੈਸੇ ਜਾਂ ਚਮਤਕਾਰਾਂ ਪਿੱਛੇ ਭੱਜਣ ਵਾਲੇ ਨਹੀਂ ਹਨ ਅਤੇ ਉਹ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹਿਣਗੇ।
ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦਾ ਕੀਤਾ ਧੰਨਵਾਦ
ਜੱਸੀ ਨੇ ਕੀਰਤਨ ਪ੍ਰਵਾਹ ਦੇ ਉੱਘੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਬਹੁਤ ਵੱਡਾਪਣ ਦਿਖਾਉਂਦੇ ਹੋਏ ਸਾਰੀ ਗੱਲ ਆਪਣੇ ਉੱਪਰ ਲੈ ਲਈ ਹੈ ਅਤੇ ਉਹ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ?
ਦੱਸ ਦਈਏ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਕੀਰਤਨ ਕੀਤਾ ਸੀ। ਇਸ ਕੀਰਤਨ ਦੀ ਵੀਡੀਓ ਜਸਵੀਰ ਜੱਸੀ ਵਲੋਂ ਆਪਣੇ ਪੇਜ਼ ‘ਤੇ ਸ਼ੇਅਰ ਕੀਤੀ ਗਈ।
ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੰਦੇ ਹੋਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਇਸ ਵੀਡੀਓ ‘ਤੇ ਇਤਰਾਜ਼ ਜਤਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਕੀਤੇ ਗਏ ਸ਼ਬਦ ਗਾਇਨ ਅਤੇ ਕੀਰਤਨ ਨੂੰ ਲੈ ਕੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਪੱਸ਼ਟ ਕੀਤਾ ਹੈ ਕਿ ਸਿੱਖ ਰੀਤਾਂ ਅਤੇ ਪਰੰਪਰਾਵਾਂ ਅਨੁਸਾਰ ਕੀਰਤਨ ਕੇਵਲ ਇੱਕ ਪੂਰਨ ਸਿੱਖ ਹੀ ਕਰ ਸਕਦਾ ਹੈ।