
ਕਈ ਲੋਕਾਂ ਨੂੰ ਸੌਂਦੇ ਸਮੇਂ ਮੂੰਹ ਵਿੱਚੋਂ ਲਾਰ ਟੱਪਕਣ ਦੀ ਸਮੱਸਿਆ ਆਉਂਦੀ ਹੈ। ਅਕਸਰ ਇਸਨੂੰ ਇੱਕ ਆਮ ਗੱਲ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਪਰ ਕਈ ਵਾਰ ਇਹ ਸਮੱਸਿਆ ਸਰੀਰ ਨਾਲ ਜੁੜੀਆਂ ਕੁਝ ਅੰਦਰੂਨੀ ਦਿੱਕਤਾਂ ਵੱਲ ਇਸ਼ਾਰਾ ਕਰ ਸਕਦੀ ਹੈ। ਖਾਸ ਕਰਕੇ ਜਦੋਂ ਇਹ ਸਮੱਸਿਆ ਰੋਜ਼ਾਨਾ ਹੋਣ ਲੱਗੇ, ਤਾਂ ਇਸ ’ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਮਾਹਿਰਾਂ ਮੁਤਾਬਕ, ਸੌਂਦੇ ਸਮੇਂ ਲਾਰ ਟੱਪਕਣ ਦਾ ਸਭ ਤੋਂ ਵੱਡਾ ਕਾਰਨ ਗਲਤ ਸੌਣ ਦੀ ਅਦਾਂ ਹੁੰਦੀ ਹੈ। ਜਿਹੜੇ ਲੋਕ ਪਾਸੇ ਵੱਲ ਮੂੰਹ ਕਰਕੇ ਜਾਂ ਉਲਟੇ ਲੈਟ ਕੇ ਸੌਂਦੇ ਹਨ, ਉਨ੍ਹਾਂ ਦੇ ਮੂੰਹ ਵਿੱਚ ਇਕੱਠੀ ਹੋਈ ਲਾਰ ਬਾਹਰ ਵੱਲ ਨਿਕਲ ਆਉਂਦੀ ਹੈ। ਇਸ ਤੋਂ ਇਲਾਵਾ, ਨੱਕ ਬੰਦ ਹੋਣਾ, ਜ਼ੁਕਾਮ, ਸਾਈਨਸ ਦੀ ਸਮੱਸਿਆ ਜਾਂ ਐਲਰਜੀ ਵੀ ਇਸ ਦਾ ਕਾਰਨ ਬਣ ਸਕਦੀ ਹੈ। ਨੱਕ ਰਾਹੀਂ ਸਾਂਸ ਨਾ ਲੈ ਪਾਉਣ ਕਾਰਨ ਵਿਅਕਤੀ ਮੂੰਹ ਰਾਹੀਂ ਸਾਂਸ ਲੈਂਦਾ ਹੈ, ਜਿਸ ਨਾਲ ਲਾਰ ਟੱਪਕਣ ਲੱਗ ਪੈਂਦੀ ਹੈ।
ਕੁਝ ਮਾਮਲਿਆਂ ਵਿੱਚ ਇਹ ਸਮੱਸਿਆ ਦੰਦਾਂ ਜਾਂ ਮੂੰਹ ਦੀ ਸਫਾਈ ਨਾਲ ਵੀ ਜੁੜੀ ਹੋ ਸਕਦੀ ਹੈ। ਮੂੰਹ ਵਿੱਚ ਇੰਫੈਕਸ਼ਨ, ਮਸੂੜਿਆਂ ਦੀ ਬਿਮਾਰੀ ਜਾਂ ਗਲਤ ਦੰਦਾਂ ਦੀ ਬਣਤਰ ਵੀ ਲਾਰ ਜ਼ਿਆਦਾ ਬਣਨ ਦਾ ਕਾਰਨ ਬਣਦੀ ਹੈ। ਇਸ ਤੋਂ ਇਲਾਵਾ, ਕੁਝ ਦਵਾਈਆਂ, ਨੀਂਦ ਦੀ ਕਮੀ, ਬੇਹੱਦ ਥਕਾਵਟ ਜਾਂ ਨਰਵਸ ਸਿਸਟਮ ਨਾਲ ਜੁੜੀਆਂ ਸਮੱਸਿਆਵਾਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ।
ਜੇ ਗੱਲ ਕੀਤੀ ਜਾਵੇ ਇਸ ਸਮੱਸਿਆ ਤੋਂ ਬਚਣ ਦੇ ਤਰੀਕਿਆਂ ਦੀ, ਤਾਂ ਸਭ ਤੋਂ ਪਹਿਲਾਂ ਸੌਣ ਦੀ ਅਦਾਂ ਠੀਕ ਕਰਨੀ ਚਾਹੀਦੀ ਹੈ। ਪਿੱਠ ਦੇ ਬਲ ਸੌਣ ਦੀ ਕੋਸ਼ਿਸ਼ ਕਰੋ ਅਤੇ ਸਿਰ ਹੇਠਾਂ ਢੁੱਕਵਾਂ ਤਕੀਆ ਵਰਤੋਂ। ਨੱਕ ਬੰਦ ਰਹਿੰਦੀ ਹੋਵੇ ਤਾਂ ਭਾਫ਼ ਲੈਣਾ ਜਾਂ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਲਾਭਦਾਇਕ ਰਹਿੰਦਾ ਹੈ। ਮੂੰਹ ਅਤੇ ਦੰਦਾਂ ਦੀ ਸਫਾਈ ਦਾ ਖਾਸ ਧਿਆਨ ਰੱਖੋ ਅਤੇ ਸੌਣ ਤੋਂ ਪਹਿਲਾਂ ਮੂੰਹ ਚੰਗੀ ਤਰ੍ਹਾਂ ਸਾਫ਼ ਕਰੋ।
ਜੇ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਜਾਂ ਨਾਲ ਹੋਰ ਤਕਲੀਫਾਂ ਵੀ ਆਉਣ, ਤਾਂ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ। ਸਮੇਂ ’ਤੇ ਧਿਆਨ ਦੇ ਕੇ ਨਾ ਸਿਰਫ਼ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਸਗੋਂ ਕਿਸੇ ਗੰਭੀਰ ਬਿਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ।