
ਚੰਡੀਗੜ੍ਹ, 17 ਮਈ:
ਅੱਜ ਜਦੋਂ ਦੁਨੀਆਂ ਭਰ ਵਿੱਚ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਜਾ ਰਿਹਾ ਹੈ, ਉਸ ਸਮੇਂ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹਾਈਪਰਟੈਂਸ਼ਨ ਅਤੇ ਇਸ ਨਾਲ ਜੁੜੀਆਂ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਸਤੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾ ਕੇ ਵੱਡੀ ਰਾਹਤ ਦੇ ਰਹੀ ਹੈ।
ਆਮ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ ਨੂੰ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ ਅਤੇ ਡਾਕਟਰ ਅਕਸਰ ਇਸਨੂੰ ’ਸਾਇਲੈਂਟ ਕਿਲਰ’ ਵੀ ਕਹਿੰਦੇ ਹਨ। ਇਹ ਬਿਨਾਂ ਕਿਸੇ ਸਪੱਸ਼ਟ ਚੇਤਾਵਨੀ ਦੇ ਸਟ੍ਰੋਕ, ਹਾਰਟ ਫੇਲਿਅਰ ਜਾਂ ਕਿਡਨੀ ਰੋਗ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਹ ਬੀਮਾਰੀ ਲਗਭਗ ਹਰ ਉਮਰ ਵਰਗ ਵਿੱਚ ਦੇਖੀ ਜਾ ਰਹੀ ਹੈ।
ਸਭ ਉਮਰ ਵਰਗਾਂ ਵਿੱਚ ਵਧ ਰਹੇ ਹਾਈਪਰਟੈਂਸ਼ਨ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਦੀ ਰੋਕਥਾਮ, ਜਲਦੀ ਪਛਾਣ ਅਤੇ ਇਲਾਜ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਜਿੱਥੇ ਸੀ.ਐੱਮ. ਦੀ ਯੋਗਸ਼ਾਲਾ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰ ਰਹੀ ਹੈ, ਉੱਥੇ ਹੀ ਆਮ ਆਦਮੀ ਕਲੀਨਿਕ ਜਲਦੀ ਸਕ੍ਰੀਨਿੰਗ ਯਕੀਨੀ ਬਣਾ ਰਹੇ ਹਨ (1 ਕਰੋੜ ਲੋਕਾਂ ਦੀ ਜਾਂਚ, 24 ਲੱਖ ਇਲਾਜ ਅਧੀਨ) ਅਤੇ ਮੁੱਖ ਮੰਤਰੀ ਸਿਹਤ ਯੋਜਨਾ ਕੈਸ਼ਲੈੱਸ ਇਲਾਜ ਪ੍ਰਦਾਨ ਕਰਕੇ ਸਟ੍ਰੋਕ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਰਹੀ ਹੈ।
ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਅਨੁਸਾਰ ਭਾਰਤ ਵਿੱਚ ਉੱਚ-ਰਕਤਚਾਪ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ, ਜਿਸਦੇ ਮੁੱਖ ਕਾਰਨ: ਗਲਤ ਖ਼ੁਰਾਕ, ਤਣਾਅ, ਤੰਬਾਕੂ ਦਾ ਸੇਵਨ, ਸਰੀਰਕ ਗਤੀਵਿਧੀ ਵਿੱਚ ਕਮੀ ਅਤੇ ਅਨਿਯਮਿਤ ਜੀਵਨਸ਼ੈਲੀ ਹਨ।
ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਇਸ ਬੀਮਾਰੀ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਬਿਮਾਰੀ ਗੰਭੀਰ ਰੂਪ ਲੈ ਚੁੱਕੀ ਹੁੰਦੀ ਹੈ। ਇਸ ਵਧ ਰਹੇ ਸਿਹਤ ਸੰਕਟ ਦੇ ਦਰਮਿਆਨ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਇੱਕ ਮਜ਼ਬੂਤ ਸੁਰੱਖਿਆ ਕਵਚ ਵਜੋਂ ਸਾਹਮਣੇ ਆਈ ਹੈ। ਇਹ ਯੋਜਨਾ ਹਜ਼ਾਰਾਂ ਮਰੀਜ਼ਾਂ ਨੂੰ ਮਹਿੰਗੇ ਇਲਾਜ ਤੋਂ ਬਿਨਾਂ ਹਾਈਪਰਟੈਂਸ਼ਨ ਅਤੇ ਇਸ ਨਾਲ ਸਬੰਧਿਤ ਬੀਮਾਰੀਆਂ ਦਾ ਇਲਾਜ ਮੁਹੱਈਆ ਕਰਵਾ ਰਹੀ ਹੈ।
ਇਸ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਸਭ ਤੋਂ ਵੱਡੀ ਉਪਲੱਬਧੀ, ਸਿਰਫ਼ ਨਿਪਟਾਏ ਗਏ ਮਾਮਲਿਆਂ ਦੀ ਗਿਣਤੀ ਨਹੀਂ ਸਗੋਂ ਉੱਚ- ਰਕਤਚਾਪ ਦੀ ਰੋਕਥਾਮ ਅਤੇ ਸਮੇਂ ਸਿਰ ਪਛਾਣ ‘ਤੇ ਦਿੱਤਾ ਗਿਆ ਜ਼ੋਰ ਵੀ ਹੈ।
ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਸਕ੍ਰੀਨਿੰਗ, ਜਲਦੀ ਪਛਾਣ ਅਤੇ ਇਲਾਜ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “990 ਆਮ ਆਦਮੀ ਕਲੀਨਿਕਾਂ ਸਮੇਤ ਸਾਰੇ ਸਿਹਤ ਕੇਂਦਰਾਂ ‘ਤੇ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਹਾਈਪਰਟੈਂਸ਼ਨ ਲਈ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।”
ਉਨ੍ਹਾਂ ਦੱਸਿਆ ਕਿ 30 ਸਾਲ ਤੋਂ ਵੱਧ ਉਮਰ ਦੇ 1 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ 24 ਲੱਖ ਲੋਕ ਇਲਾਜ ਅਧੀਨ ਲਿਆਂਦੇ ਗਏ ਹਨ। ਉਨ੍ਹਾਂ ਕਿਹਾ,“ਮਹੀਨਾਵਾਰ ਫਾਲੋਅਪ, ਮੁਫ਼ਤ ਦਵਾਈਆਂ ਅਤੇ ਸਮੇਂ ਸਿਰ ਰੈਫਰਲ ਰਾਹੀਂ ਲਗਾਤਾਰ ਦੇਖਭਾਲ ਯਕੀਨੀ ਬਣਾਈ ਜਾ ਰਹੀ ਹੈ, ਜਿਸ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਾਇਮਰੀ ਸਿਹਤ ਸੇਵਾਵਾਂ ਮਜ਼ਬੂਤ ਹੋਈਆਂ ਹਨ।”
ਇਸਦੇ ਨਾਲ-ਨਾਲ ਪੰਜਾਬ ਸਰਕਾਰ ਦੀ ਮਹੱਤਵਪੂਰਨ ਪਹਿਲ ਸੀ.ਐੱਮ. ਦੀ ਯੋਗਸ਼ਾਲਾ, ਜਿਸ ਦੇ ਤਹਿਤ 10,600 ਤੋਂ ਵੱਧ ਯੋਗ-ਕਲਾਸਾਂ ਅਤੇ ਲਗਭਗ 3 ਲੱਖ ਭਾਗੀਦਾਰ ਜੁੜੇ ਹੋਏ ਹਨ ਰਾਹੀਂ ਯੋਗ, ਤਣਾਅ ਪ੍ਰਬੰਧਨ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਹਾਈਪਰਟੈਂਸ਼ਨ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਹੋਰ ਬੀਮਾਰੀਆਂ ‘ਤੇ ਕਾਬੂ ਪਾਇਆ ਜਾ ਸਕੇ।
ਅਨ-ਕੰਟਰੋਲਡ ਬਲੱਡ ਪ੍ਰੈਸ਼ਰ ਕਾਰਨ ਹੋਣ ਵਾਲੇ ਸਟ੍ਰੋਕ, ਦਿਲ ਦੀ ਬਿਮਾਰੀ ਸਬੰਧੀ ਐਮਰਜੈਂਸੀ ਅਤੇ ਗੁਰਦੇ ਦੀਆਂ ਬੀਮਾਰੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੇਠ ਕਵਰ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ।
ਪੰਜਾਬ ਵਿੱਚ ਜ਼ਿਆਦਾਤਰ ਮਰੀਜ਼ ਅਜੇ ਵੀ ਮੱਧ ਉਮਰ ਵਰਗ ਅਤੇ ਬਜ਼ੁਰਗ ਵਰਗ ਨਾਲ ਸਬੰਧਿਤ ਹਨ, ਜਿੰਨ੍ਹਾਂ ਵਿੱਚ 40 ਤੋਂ 80 ਸਾਲ ਵਾਲਾ ਉਮਰ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੈ। ਰਾਜ ਸਿਹਤ ਏਜੰਸੀ ਦੇ ਅੰਕੜਿਆਂ ਅਨੁਸਾਰ ਗੁਰਦਾਸਪੁਰ ਵਿੱਚ 94 ਸਾਲ ਤੱਕ ਦੀ ਉਮਰ ਦੇ ਮਰੀਜ਼ , ਜਦਕਿ ਐੱਸ.ਏ.ਐੱਸ. ਨਗਰ ਵਿੱਚ 98 ਸਾਲ ਦੀ ਉਮਰ ਤੱਕ ਦੇ ਮਰੀਜ਼ ਦਰਜ ਕੀਤੇ ਗਏ, ਜੋ ਇਸ ਬੀਮਾਰੀ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ।
ਪਟਿਆਲਾ, ਐੱਸ.ਏ.ਐੱਸ. ਨਗਰ, ਹੁਸ਼ਿਆਰਪੁਰ, ਜਲੰਧਰ ਅਤੇ ਫ਼ਰੀਦਕੋਟ ਜ਼ਿਲਿ੍ਹਆਂ ਵਿੱਚ ਪੁਰਸ਼ ਅਤੇ ਮਹਿਲਾਵਾਂ ਦੋਵਾਂ ਵਿੱਚ ਵੱਡੀ ਗਿਣਤੀ ਵਿੱਚ ਮਾਮਲੇ ਦਰਜ ਹੋਏ ਹਨ। ਅੰਮ੍ਰਿਤਸਰ ਅਤੇ ਲੁਧਿਆਣਾ ਦੇ ਹਸਪਤਾਲ ਰਿਕਾਰਡਾਂ ਵਿੱਚ 50 ਤੋਂ 77 ਸਾਲ ਉਮਰ ਵਰਗ ਦੀਆਂ ਔਰਤਾਂ ਵਿੱਚ ਮਾਮਲਿਆਂ ਦੀ ਗਿਣਤੀ ਵੱਧ ਪਾਈ ਗਈ ਹੈ।
ਡਾ. ਸੌਰਭ ਸ਼ਰਮਾ, ਜੋ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿੱਚ ਕਾਰਡੀਓਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਵਿਭਾਗ ਮੁਖੀ ਹਨ, ਨੇ ਦੱਸਿਆ ਕਿ ਉੱਚ- ਰਕਤਚਾਪ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਆਧੁਨਿਕ ਜੀਵਨਸ਼ੈਲੀ ਹਰ ਉਮਰ ਵਰਗ ਲਈ ਨਵੀਆਂ ਸਿਹਤ ਚੁਣੌਤੀਆਂ ਲੈ ਕੇ ਆ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਆਦਾਤਰ ਹਾਈਪਰਟੈਨਸ਼ਨ ਦੇ ਮਾਮਲੇ 40 ਤੋਂ 90 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਦੇਖੇ ਜਾਂਦੇ ਹਨ, ਅਸੀਂ ਕਿਸ਼ੋਰਾਂ ਅਤੇ ਵੀਹ ਅਤੇ ਤੀਹ ਸਾਲ ਦੀ ਉਮਰ ਵਾਲੇ ਲੋਕਾਂ ਵਿੱਚ ਵੀ ਇਹ ਬਿਮਾਰੀ ਦੇਖ ਰਹੇ ਹਾਂ।
ਡਾ. ਸ਼ਰਮਾ ਨੇ ਕਿਹਾ ਕਿ ਤਣਾਅ, ਖ਼ਰਾਬ ਖ਼ੁਰਾਕ, ਕਸਰਤ ਦੀ ਕਮੀ ਅਤੇ ਅਨਿਯਮਿਤ ਰੁਟੀਨ ਇਸ ਦੇ ਮੁੱਖ ਕਾਰਨ ਹਨ, ਅਤੇ ਹੁਣ ਇਹ ਗੁੰਝਲਾਂ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਹੁਣ ਸਿਰਫ਼ ਬਲੱਡ ਪ੍ਰੈਸ਼ਰ ਹੀ ਨਹੀਂ ਬਲਕਿ ਇਸ ਨਾਲ ਸਬੰਧਤ ਹੋਰ ਸਮੱਸਿਆਵਾਂ ਸਟ੍ਰੋਕ, ਹਾਰਟ ਫੇਲਿਅਰ ਅਤੇ ਕਿਡਨੀ ਰੋਗਾਂ ਤੋਂ ਵੀ ਪਹਿਲਾਂ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੀਆਂ ਹਨ।
ਡਾਕਟਰ ਸ਼ਰਮਾ ਦੇ ਅਨੁਸਾਰ ‘ਮੁੱਖ ਮੰਤਰੀ ਸਿਹਤ ਯੋਜਨਾ’ ਇਸ ਲਈ ਬਹੁਤ ਅਹਿਮ ਹੈ ਕਿਉਂਕਿ ਇਹ ਮਰੀਜ਼ਾਂ ਨੂੰ ਆਰਥਿਕ ਡਰ ਕਾਰਨ ਇਲਾਜ ਤੋਂ ਟਾਲਾ ਵੱਟਣ ਤੋਂ ਰੋਕਦੀ ਹੈ। ਉਨ੍ਹਾਂ ਕਿਹਾ ਕਿ ਉੱਚ- ਰਕਤਚਾਪ ਐਮਰਜੈਂਸੀ ਵਿੱਚ ਦੇਰੀ ਕਈ ਵਾਰ ਜੀਵਨ ਅਤੇ ਮੌਤ ਦਾ ਫ਼ਰਕ ਬਣ ਸਕਦੀ ਹੈ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸਿਰਫ਼ ਇਲਾਜ ਨਹੀਂ, ਸਗੋਂ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾਉਣਾ ਹੈ। ਪਹਿਲਾਂ ਕਈ ਪਰਿਵਾਰ ਆਰਥਿਕ ਡਰ ਕਾਰਨ ਮਰੀਜ਼ ਨੂੰ ਹਸਪਤਾਲ ਲਿਜਾਣ ਵਿੱਚ ਦੇਰੀ ਕਰਦੇ ਸਨ, ਜੋ ਕਈ ਵਾਰ ਘਾਤਕ ਸਾਬਤ ਹੁੰਦੀ ਸੀ। ਪਰ ,ਹੁਣ ਮਰੀਜ਼ ਸਮੇਂ ਸਿਰ ਇਲਾਜ ਕਰਵਾ ਰਹੇ ਹਨ, ਜਿਸ ਨਾਲ ਸੁਧਾਰ ਦੀ ਸੰਭਾਵਨਾ ਵਧੀ ਹੈ। ਮੱਧ ਵਰਗੀ ਪਰਿਵਾਰਾਂ , ਪੈਨਸ਼ਨਰਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਇਹ ਯੋਜਨਾ ਭਾਰੀ ਮੈਡੀਕਲ ਖਰਚਿਆਂ ਤੋਂ ਸੁਰੱਖਿਆ ਦਾ ਇੱਕ ਮਜ਼ਬੂਤ ਸਹਾਰਾ ਬਣੀ ਹੈ।