Friday, September 11
Shadow

ਕਾਲੇ ਕੱਪੜੇ ਪਹਿਨ ਕੇ ਸਦਨ ਵਿੱਚ ਆਉਣ ਵਾਲੇ ਆਪਣੇ ਦਿਨ ਭੁੱਲ ਗਏ, ਪਰ ਜਨਤਾ ਇਨ੍ਹਾਂ ਦੇ ਕਾਲੇ ਕਾਰਨਾਮੇ ਨਹੀਂ ਭੁੱਲੀ – ਮੁੱਖ ਮੰਤਰੀ ਨਾਇਬ ਸਿੰਘ ਸੈਣੀ’

ਚੰਡੀਗੜ੍ਹ, 10 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਲੇ ਕੱਪੜੇ ਪਹਿਨ ਕੇ ਵਿਧਾਨ ਸਭਾ ਦੇ ਪਵਿੱਤਰ ਸਦਨ ਵਿੱਚ ਆਉਣ ਵਾਲੇ ਕਾਂਗਰਸ ਦੇ ਆਗੂ ਭਾਵੇਂ ਆਪਣੇ ਸ਼ਾਸਨਕਾਲ ਵਿੱਚ ਕੀਤੇ ਕਾਲੇ ਕਾਰਨਾਮੇ ਭੁੱਲ ਗਏ ਹੋਣ, ਪਰ ਜਨਤਾ ਇਨ੍ਹਾਂ ਦੇ ਐਲਾਨ ਅਤੇ ਅੱਤਿਆਚਾਰ ਨੂੰ ਨਹੀਂ ਭੁੱਲੀ ਹੈ। ਲੋਕਾਂ ਨੂੰ ਅੱਜ ਵੀ ਯਾਦ ਹੈ ਕਿ ਕਾਂਗਰਸ ਦੀਆਂ ਨੀਤੀਆਂ ਲੋਕ ਹਿੱਤ ਦੀ ਬਜਾਏ ਲੋਕਾਂ ਨੂੰ ਪ੍ਰਤਾੜਿਤ ਕਰਨ ਵਾਲੀਆਂ ਸਨ। ਗਰੀਬਾਂ ਨੂੰ ਯੋਜਨਾਵਾਂ ਦਾ ਲਾਭ ਲੈਣ ਲਈ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ, ਬਜ਼ੁਰਗ ਪੈਨਸ਼ਨ ਲਈ ਭਟਕਦੇ ਸਨ, ਲੋਕਾਂ ਨੂੰ ਗੈਸ ਸਿਲੰਡਰ ਲੈਣ ਲਈ ਚਾਰ-ਚਾਰ ਦਿਨ ਤੱਕ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ ਅਤੇ ਨੌਜਵਾਨਾਂ ਨੂੰ ਨੌਕਰੀਆਂ ਲਈ ਭ੍ਰਿਸ਼ਟ ਵਿਵਸਥਾ ਨਾਲ ਜੂਝਣਾ ਪੈਂਦਾ ਸੀ। ਪਰ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਤੇ ਰਾਜ ਦੀਆਂ ਡਬਲ ਇੰਜਣ ਸਰਕਾਰਾਂ ਨੇ ਉਸ ਵਿਵਸਥਾ ਨੂੰ ਬਦਲ ਕੇ ਯੋਜਨਾਵਾਂ ਅਤੇ ਸੇਵਾਵਾਂ ਨੂੰ ਸਿੱਧਾ ਯੋਗ ਵਿਅਕਤੀ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਵੀਰਵਾਰ ਨੂੰ ਹਰਿਆਣਾ ਨਿਵਾਸ ਵਿੱਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਹੀ। ਉਨ੍ਹਾਂ ਹਰਿਆਣਾ ਤੇ ਪੰਜਾਬ ਦੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਉੱਤੇ ਸਵਾਲ ਉਠਾਉਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਨੇ ਰਾਹੁਲ ਗਾਂਧੀ ਦੇ ਕਹਿਣ ਉੱਤੇ ਕਾਲੇ ਕੱਪੜੇ ਪਹਿਨ ਲਏ ਹਨ ਤਾਂ ਹੁਣ ਰਾਹੁਲ ਗਾਂਧੀ ਨੂੰ ਵੀ ਕਾਲੇ ਕੱਪੜੇ ਪਹਿਨ ਲੈਣ ਚਾਹੀਦੇ ਹਨ। ਕਾਂਗਰਸ ਆਗੂਆਂ, ਖਾਸ ਕਰਕੇ ਭੂਪੇਂਦਰ ਸਿੰਘ ਹੁੱਡਾ ਨੂੰ ਜਨਤਾ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸ਼ਾਸਨਕਾਲ ਵਿੱਚ ਸੂਬੇ ਦੇ ਗਰੀਬ, ਨੌਜਵਾਨਾਂ, ਮਹਿਲਾਵਾਂ, ਬਜ਼ੁਰਗਾਂ ਅਤੇ ਆਮ ਆਦਮੀ ਲਈ ਕੀ ਵਿਵਸਥਾ ਸੀ। ਅੱਜ ਜਿਨ੍ਹਾਂ ਪ੍ਰਦੇਸ਼ਾਂ ਵਿੱਚ ਭਾਜਪਾ ਦੀ ਸਰਕਾਰ ਹੈ ਉੱਥੇ ਦੀਆਂ ਡਬਲ ਇੰਜਣ ਸਰਕਾਰਾਂ ਮੋਦੀ ਜੀ ਦੇ ਸਾਰੇ ਸੰਕਲਪਾਂ ਅਤੇ ਜਨਤਾ ਨਾਲ ਕੀਤੇ ਵਾਦਿਆਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰ ਰਹੀਆਂ ਹਨ।

ਕਾਂਗਰਸ ਨੇ ਘੋਸ਼ਣਾਵਾਂ ਦੀਆਂ ਟੌਫੀਆਂ ਵੰਡੀਆਂਅਸੀਂ ਵਿਵਸਥਾ ਬਦਲ ਕੇ ਸਿੱਧਾ ਖਾਤੇ ਵਿੱਚ ਪਹੁੰਚਾਇਆ ਲਾਭ :

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਿੱਚ ਵੋਟ ਹਾਸਲ ਕਰਨ ਲਈ ਘੋਸ਼ਣਾਵਾਂ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਲਈ ਰਾਜਨੀਤੀ ਕਿਸੇ ਦੁਕਾਨਦਾਰੀ ਵਾਂਗ ਹੈ, ਲੋਕਾਂ ਨੂੰ ਘੋਸ਼ਣਾਵਾਂ ਦੀਆਂ ਟੌਫੀਆਂ ਵੰਡੋ ਅਤੇ ਸੱਤਾ ਹਾਸਲ ਕਰੋ। ਪਰ ਇਹ ਪਾਰਟੀਆਂ ਜਦੋਂ ਸੱਤਾ ਵਿੱਚ ਆ ਜਾਂਦੀਆਂ ਹਨ ਤਾਂ ਪੰਜ ਸਾਲ ਲਈ ਘੋਸ਼ਣਾਵਾਂ ਨੂੰ ਭੁੱਲ ਜਾਂਦੀਆਂ ਹਨ। ਫਿਰ ਚੋਣਾਂ ਦੇ ਸਮੇਂ ਲੋਕਾਂ ਨੂੰ ਬਰਗਲਾਉਣ ਲਈ ਨਵੀਆਂ ਘੋਸ਼ਣਾਵਾਂ ਕਰਨ ਲੱਗ ਜਾਂਦੀਆਂ ਹਨ।

ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਇਸ ਵਿਵਸਥਾ ਨੂੰ ਬਦਲਣ ਦਾ ਕੰਮ ਹੋਇਆ ਹੈ। ਅੱਜ ਸਰਕਾਰ ਵੱਖ-ਵੱਖ ਜਨ ਕਲਿਆਣਕਾਰੀ ਯੋਜਨਾਵਾਂ ਦੀ ਰਾਸ਼ੀ ਸਿੱਧਾ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਹੁੰਚਾ ਰਹੀ ਹੈ। ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਜਿੱਥੇ-ਜਿੱਥੇ ਡਬਲ ਇੰਜਣ ਦੀ ਸਰਕਾਰ ਹੈ, ਉੱਥੇ ਗਰੀਬ ਨੂੰ ਮਜ਼ਬੂਤ ਕਰਨ, ਮਹਿਲਾਵਾਂ ਨੂੰ ਸ਼ਕਤੀਸ਼ਾਲੀ ਬਣਾਉਣ, ਬਜ਼ੁਰਗਾਂ ਨੂੰ ਸਨਮਾਨ ਨਾਲ ਜੀਵਨ ਜਿਉਣ ਅਤੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਮਿਲ ਰਹੇ ਹਨ।

ਲਾਡੋ ਲਕਸ਼ਮੀ ਯੋਜਨਾ ਨਾਲ ਭੈਣਾਂ ਨੂੰ ਮਿਲ ਰਿਹਾ ਆਰਥਿਕ ਸਹਾਰਾ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਮਾਵਾਂ-ਭੈਣਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਦੇ ਅਨੁਸਾਰ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਰਾਹੀਂ ਪ੍ਰਤੀ ਮਹੀਨਾ 2100 ਰੁਪਏ ਦੀ ਆਰਥਿਕ ਸਹਾਇਤਾ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ। ਹੁਣ ਤੱਕ ਇੱਕ ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਮਾਵਾਂ-ਭੈਣਾਂ ਨੂੰ ਇਸ ਯੋਜਨਾ ਦਾ ਲਾਭ ਮਿਲਦਾ ਸੀ ਜਦੋਂ ਕਿ ਭਵਿੱਖ ਵਿੱਚ ਇਸ ਦਾ ਦਾਇਰਾ ਵਧਾ ਕੇ 1.80 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਮਾਵਾਂ-ਭੈਣਾਂ ਨੂੰ ਵੀ ਇਸ ਦਾ ਲਾਭ ਮਿਲੇਗਾ ਜਿਸ ਲਈ ਮਹਿਲਾਵਾਂ ਦਾ ਰਜਿਸਟ੍ਰੇਸ਼ਨ 17 ਸਤੰਬਰ ਨੂੰ ‘ਸੇਵਾ ਦਿਵਸ’ ਤੋਂ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਸਾਡੀ ਸਰਕਾਰ ਵੱਲੋਂ ਪ੍ਰੋ-ਐਕਟਿਵ ਮਾਡਲ ਅਪਣਾ ਕੇ ਯੋਗ ਬਜ਼ੁਰਗਾਂ ਨੂੰ ਘਰ ਬੈਠੇ ਉਨ੍ਹਾਂ ਦੇ ਖਾਤਿਆਂ ਵਿੱਚ ਪੈਨਸ਼ਨ ਦਿੱਤੀ ਜਾ ਰਹੀ ਹੈ। ਪੁਰਾਣਾ ਸਮਾਂ ਯਾਦ ਕਰੀਏ ਤਾਂ ਕਾਂਗਰਸ ਦੇ ਸ਼ਾਸਨਕਾਲ ਵਿੱਚ ਬਜ਼ੁਰਗਾਂ ਨੂੰ ਪੈਨਸ਼ਨ ਬਣਵਾਉਣ ਲਈ ਸਾਲਾਂ-ਸਾਲ ਨਾ ਸਿਰਫ਼ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ ਬਲਕਿ ਰਿਸ਼ਵਤ ਦੇ ਰੂਪ ਵਿੱਚ ਦੋ-ਦੋ ਮਹੀਨੇ ਦੀ ਪੈਨਸ਼ਨ ਅਫ਼ਸਰਾਂ ਤੇ ਆਗੂਆਂ ਨੂੰ ਦੇਣੀ ਪੈਂਦੀ ਸੀ।

ਕਾਂਗਰਸ ਦੇ ਸਮੇਂ ਸਿਲੰਡਰ ਲਈ ਕਈ-ਕਈ ਦਿਨ ਕਰਨਾ ਪੈਂਦਾ ਸੀ ਇੰਤਜ਼ਾਰ :

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਵਿੱਚ ਆਮ ਵਿਅਕਤੀ ਨੂੰ ਗੈਸ ਸਿਲੰਡਰ ਲੈਣ ਲਈ ਚਾਰ-ਚਾਰ ਦਿਨ ਤੱਕ ਲਾਈਨਾਂ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਗ਼ਰੀਬ ਪਰਿਵਾਰਾਂ ਲਈ ਤਾਂ ਗੈਸ ਸਿਲੰਡਰ ਹਾਸਲ ਕਰਨਾ ਹੋਰ ਵੀ ਮੁਸ਼ਕਲ ਸੀ। ਕਾਂਗਰਸ ਸ਼ਾਇਦ ਉਨ੍ਹਾਂ ਦਿਨਾਂ ਨੂੰ ਭੁੱਲ ਗਈ ਹੋਵੇਗੀ, ਪਰ ਜਨਤਾ ਨਹੀਂ ਭੁੱਲੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਮਾਧਿਅਮ ਨਾਲ ਗ਼ਰੀਬ ਮਾਵਾਂ-ਭੈਣਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾ ਕੇ ਉਨ੍ਹਾਂ ਦੇ ਜੀਵਨ ਨੂੰ ਆਸਾਨ ਬਣਾਉਣ ਦਾ ਕੰਮ ਕੀਤਾ ਗਿਆ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਸ਼ੇ ਦੇ ਖਿਲਾਫ ਚਲਾਏ ਜਾ ਰਹੇ ਅਭਿਆਨ ਦੇ ਸਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਰੋਕਥਾਮ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਜਦੋਂ ਕਿ ਹਰਿਆਣਾ ਸਰਕਾਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਖੇਡਾਂ ਅਤੇ ਸਿੱਖਿਆ ਨਾਲ ਜੋੜ ਰਹੀ ਹੈ ਅਤੇ ਨਸ਼ਾ ਮੁਕਤ ਹਰਿਆਣਾ ਦੇ ਸੰਕਲਪ ਨਾਲ ਅੱਗੇ ਵਧ ਰਹੀ ਹੈ ਜਿਸ ਵਿੱਚ ਹਰ ਮਹੀਨੇ ਲੱਖਾਂ ਨੌਜਵਾਨ ਭਾਗ ਲੈਂਦੇ ਹਨ। ਜ਼ਮੀਨੀ ਪੱਧਰ ‘ਤੇ ਖੇਡ ਸਾਧਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਅੱਗੇ ਵਧਣ ਦੇ ਵਧੀਆ ਮੌਕੇ ਮਿਲਣ।