
ਤਰਨ ਤਾਰਨ, 4 ਅਗਸਤ – ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਅਤੇ ਨਰੋਏ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਤਰਨ ਤਰਨ ਰਾਜੀਵ ਛਾਬੜਾ ਦੀ ਰਹਿਨੁਮਾਈ ਹੇਠ ਅੱਜ ਸਰਕਾਰੀ ਡਾਈਟ ਕੈਰੋਂ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਵਿਸ਼ੇ ‘ਤੇ ਅਧਿਆਪਕਾਂ ਲਈ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਰਜਿੰਦਰ ਕੌਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਤਰਨ ਤਾਰਨ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮਾਜ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ‘ਚ ਹੈ। ਨੌਜਵਾਨਾਂ ਦੀ ਸਕਾਰਾਤਮਕ ਸੋਚ, ਮਿਹਨਤ ਅਤੇ ਸੋਹਣੀ ਵਿਚਾਰਧਾਰਾ ਨਾਲ ਹੀ ਇਕ ਆਦਰਸ਼ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ।
ਰਜਿੰਦਰ ਕੌਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਾ ਨਾ ਸਿਰਫ਼ ਵਿਅਕਤੀ ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਤਬਾਹ ਕਰ ਦਿੰਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਅਤੇ ਸਮਾਜ ਵਿੱਚ ਵੱਧ ਰਹੀ ਨਸ਼ੇ ਦੀ ਲਤ ਨੂੰ ਖ਼ਤਮ ਕਰਨ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਡਾਈਟ ਪ੍ਰਿੰਸੀਪਲ ਮੰਗਤ ਸਿੰਘ ਨੇ ਕਿਹਾ ਕਿ ਅਜਿਹੇ ਸੈਮੀਨਾਰ ਸਾਡੇ ਵਿੱਚ ਆਤਮ-ਵਿਸ਼ਵਾਸ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਖੇਡਾਂ ਅਤੇ ਸਿੱਖਿਆ ਵੱਲ ਧਿਆਨ ਦੇਣ ਲਈ ਵੀ ਪ੍ਰੇਰਿਤ ਕੀਤਾ।
ਡਾ. ਬੀ.ਆਰ. ਅੰਬੇਡਕਰ ਇੰਸਟੀਚਿਊਟ ਮੁਹਾਲੀ ਤੋਂ ਆਏ ਰੀਸੋਰਸ ਪਰਸਨ ਵੱਲੋਂ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਸਰਕਾਰੀ ਡਾਈਟ ਕੈਰੋਂ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਵਿਸ਼ੇ ‘ਤੇ ਮਿਤੀ 3 ਅਗਸਤ ਤੋਂ 29 ਅਗਸਤ ਤੱਕ ਜ਼ਿਲ੍ਹੇ ਦੇ ਹਰੇਕ ਅਧਿਆਪਕ ਦਾ ਇਕ-ਇਕ ਰੋਜ਼ਾ ਸੈਮੀਨਾਰ ਕਰਵਾਇਆ ਜਾਵੇਗਾ।
ਇਸ ਮੌਕੇ ਗਾਈਡੈਂਸ ਕੌਂਸਲਰ ਸੁਖਬੀਰ ਸਿੰਘ ਕੰਗ, ਮਨਦੀਪ ਸਿੰਘ ਇੰਚਾਰਜ ਯੁੱਧ ਨਸ਼ਿਆਂ ਵਿਰੁੱਧ, ਰਾਜ ਸਿੰਘ ਲੋਕਲ ਰੀਸੋਰਸ ਪਰਸਨ, ਅਰੁਣ ਸ਼ਰਮਾ ਲੋਕਲ ਰੀਸੋਰਸ ਪਰਸਨ, ਸੁਰਜੀਤ ਵਰਮਾ, ਕਿਰਨ ਸਿੰਘ ਰੀਸੋਰਸ ਪਰਸਨ, ਤਹਿਰੀਨ ਬਸਰਾ ਰੀਸੋਰਸ ਪਰਸਨ, ਸਿਮਰਨਜੀਤ ਸਿੰਘ ਰੀਸੋਰਸ ਪਰਸਨ, ਕਬੀਰਪਾਲ ਸਿੰਘ ਰੀਸੋਰਸ ਪਰਸਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ ।