Saturday, August 8
Shadow

ਐਮ.ਪੀ. ਡਾ. ਰਾਜ ਕੁਮਾਰ ਚੱਬੇਵਾਲ ਵਲੋ ਘੁਮਾਣ-ਸ੍ਰੀ ਹਰਗੋਬਿੰਦਪੁਰ-ਟਾਂਡਾ ਚਾਰ ਮਾਰਗੀ ਪ੍ਰੋਜੈਕਟ ਨੂੰ ਜਲਦ ਮੁੜ ਅਲਾਟ ਕਰਨ ਦੀ ਕੀਤੀ ਮੰਗ

ਹੁਸ਼ਿਆਰਪੁਰ/ਨਵੀਂ ਦਿੱਲੀ, 8 ਅਗਸਤ: ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਐਨਐਚ-503-ਏ ਦੇ ਮੌਜੂਦਾ ਡਬਲ ਲੇਨ ਘੁਮਾਣ-ਸ੍ਰੀ ਹਰਗੋਬਿੰਦਪੁਰ-ਟਾਂਡਾ ਹਿੱਸੇ ਨੂੰ ਚਾਰ ਮਾਰਗੀ ਬਣਾਉਣ ਦੇ ਪ੍ਰੋਜੈਕਟ ਨੂੰ ਜਲਦ ਮੁੜ ਅਲਾਟ ਕਰਨ ਅਤੇ ਪ੍ਰਾਜੈਕਟ ਕੰਮ ਸ਼ੁਰੂ ਕਰਵਾਉਣ ਲਈ ਉਨ੍ਹਾਂ ਦੇ ਨਿੱਜੀ ਦਖਲ ਦੀ ਮੰਗ ਕੀਤੀ।

ਮੁਲਾਕਾਤ ਦੌਰਾਨ ਡਾ. ਚੱਬੇਵਾਲ ਨੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਪੈਕੇਜ-2 ਤਹਿਤ (43.400 ਕਿਲੋਮੀਟਰ ਤੋਂ 85.788 ਕਿਲੋਮੀਟਰ) ਨੂੰ ਕਵਰ ਕਰਨ ਵਾਲਾ ਇਹ ਅਹਿਮ ਪ੍ਰੋਜੈਕਟ ਦੀ ਪਹਿਲਾਂ ਅਲਾਟਮੈਂਟ ਹੋਈ ਸੀ ਜਦਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਐਕੁਆਇਰ ਕੀਤੀ ਜ਼ਮੀਨ ਦਾ ਕਬਜ਼ਾ ਨਾ ਮਿਲਣ ਕਾਰਨ ਨੈਸ਼ਨਲ ਹਾਈਵੇ ਅਥਾਰਟੀ  ਵੱਲੋਂ ਇਹ ਠੇਕਾ ਰੱਦ ਕਰ ਦਿੱਤਾ ਗਿਆ ਸੀ। ਮੈਂਬਰ ਪਾਰਲੀਮੈਂਟ ਨੇ ਨਿਤਿਨ ਗਡਕਰੀ ਨੂੰ ਇਹ ਵੀ ਦੱਸਿਆ ਕਿ ਪ੍ਰੋਜੈਕਟ ਲਈ ਸੋਧੀ ਹੋਈ ਵਿਸਥਾਰਤ ਪ੍ਰੋਜੈਕਟ ਰਿਪੋਰਟ ਹੁਣ ਤਿਆਰ ਕਰਕੇ ਐਨ.ਐਚ.ਏ.ਆਈ. ਦੇ ਸਮਰੱਥ ਅਧਿਕਾਰੀ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਹੈ, ਜਿਸ ਨਾਲ ਇਸ ਨੂੰ ਮੁੜ ਅਲਾਟ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਥਾਰਟੀ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਜ਼ਰੂਰੀ ਮਨਜ਼ੂਰੀਆਂ ਦੇਣ ਦੇ ਨਿਰਦੇਸ਼ ਦੇਣ ਤਾਂ ਜੋ ਪ੍ਰੋਜੈਕਟ ਲਈ ਨਵੇਂ ਟੈਂਡਰ ਮੰਗੇ ਜਾ ਸਕਣ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਫੋਰ-ਲੇਨਿੰਗ ਦਾ ਕੰਮ ਬਿਨਾਂ ਕਿਸੇ ਹੋਰ ਦੇਰੀ ਦੇ ਸ਼ੁਰੂ ਹੋ ਸਕੇ।

ਡਾ. ਚੱਬੇਵਾਲ ਨੇ ਕਿਹਾ ਕਿ ਇਸ ਮਹੱਤਵਪੂਰਨ ਰਾਸ਼ਟਰੀ ਰਾਜਮਾਰਗ ਹਿੱਸੇ ਦੇ ਅਪਗ੍ਰੇਡੇਸ਼ਨ ਨਾਲ ਆਸ-ਪਾਸ ਦੇ ਇਲਾਕਿਆਂ ਵਿਚਕਾਰ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਯਾਤਰੀਆਂ ਦੀ ਆਵਾਜਾਈ ਵਧੇਰੇ ਸੁਚਾਰੂ ਅਤੇ ਸੁਰੱਖਿਅਤ ਹੋਵੇਗੀ। ਉਨ੍ਹਾਂ ਖੇਤਰ ਦੀਆਂ ਵਧਦੀਆਂ ਟ੍ਰੈਫਿਕ ਅਤੇ ਵਿਕਾਸ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਦੀ ਅਹਿਮੀਅਤ ‘ਤੇ ਵੀ ਜ਼ੋਰ ਦਿੱਤਾ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਡਾ. ਚੱਬੇਵਾਲ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਇਸ ਮਾਮਲੇ ਨੂੰ ਦੇਖਣਗੇ ਅਤੇ ਇਸਦੇ ਹੱਲ ਲਈ ਜ਼ਰੂਰੀ ਕਦਮ ਚੁੱਕਣਗੇ। ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਯਤਨ ਕੀਤੇ ਜਾਣਗੇ।