
ਸ੍ਰੀ ਅਨੰਦਪੁਰ ਸਾਹਿਬ 15 ਮਈ: ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸੁਧਾਰਕ ਪਹਿਲਕਦਮੀਆਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਸੋਚ ਅਤੇ ਮਿਹਨਤ ਨਾਲ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੇ ਮਿਆਰ ਵਿੱਚ ਵੱਡਾ ਸੁਧਾਰ ਹੋਇਆ ਹੈ। ਇਸ ਦਾ ਸਪੱਸ਼ਟ ਉਦਾਹਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਦਾ ਹਾਲ ਹੀ ਵਿੱਚ ਐਲਾਨਿਆ ਗਿਆ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਹੈ, ਜਿਸ ਨੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੁਹਾਲੀ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। 12ਵੀਂ ਜਮਾਤ ਵਿੱਚ ਬਲਜੀਤ ਕੌਰ ਨੇ 94 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਗੁਰਪ੍ਰੀਤ ਕੌਰ ਨੇ 90 ਫੀਸਦੀ ਨਾਲ ਦੂਜਾ ਅਤੇ ਜਸ਼ਨਦੀਪ ਕੌਰ ਨੇ 89 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 10ਵੀਂ ਜਮਾਤ ਵਿੱਚ ਕੁਨਾਲ ਸਿੰਘ ਨੇ 88.4 ਫੀਸਦੀ ਨਾਲ ਪਹਿਲਾ, ਚੰਨਪ੍ਰੀਤ ਸਿੰਘ ਨੇ 87.5 ਫੀਸਦੀ ਨਾਲ ਦੂਜਾ ਅਤੇ ਜਸਪ੍ਰੀਤ ਕੌਰ ਨੇ 87 ਫੀਸਦੀ ਨਾਲ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਤੋਂ ਇਲਾਵਾ, ਸਕੂਲ ਦੇ ਸਾਰੇ ਵਿਦਿਆਰਥੀਆਂ ਦਾ ਪਹਿਲੀ ਡਵੀਜ਼ਨ ਵਿੱਚ ਪਾਸ ਹੋਣਾ ਵੀ ਇਕ ਵੱਡੀ ਉਪਲੱਬਧੀ ਹੈ। ਇਹ ਨਤੀਜੇ ਨਾ ਸਿਰਫ਼ ਵਿਦਿਆਰਥੀਆਂ ਦੀ ਮਿਹਨਤ ਦਾ ਪਰਚਾ ਦੇਂਦੇ ਹਨ, ਸਗੋਂ ਅਧਿਆਪਕਾਂ ਦੀ ਲਗਨ ਅਤੇ ਸਕੂਲ ਪ੍ਰਬੰਧਕੀ ਦੀ ਸਮਰਪਣ ਭਾਵਨਾ ਨੂੰ ਵੀ ਦਰਸਾਉਂਦੇ ਹਨ। ਸਕੂਲ ਦੇ ਪ੍ਰਿੰਸੀਪਲ ਸ੍ਰੀ ਅਵਤਾਰ ਸਿੰਘ ਦੜੋਲੀ ਨੇ ਇਸ ਸਫਲਤਾ ਦਾ ਸਿਹਰਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਨੂੰ ਦਿੱਤਾ।
ਇਸ ਮੌਕੇ ਸਕੂਲ ਵਿੱਚ ਇਕ ਸਨਮਾਨ ਸਮਾਰੋਹ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਅਮਰੀਕ ਸਿੰਘ, ਸੁਰਜੀਤ ਸਿੰਘ, ਮੁਹੰਮਦ ਰਫੀ, ਕਮਲਜੀਤ, ਸੋਮਨਾਥ, ਹਰਭਜਨ ਸਿੰਘ, ਰਜੇਸ਼ ਕੁਮਾਰ, ਨੀਲਮ ਰਾਣੀ, ਵੰਦਨਾ ਮੈਨੀ, ਗੁਰਪ੍ਰੀਤ ਕੌਰ, ਜੈਮਲ ਸਿੰਘ, ਗੌਰਵ ਸ਼ਰਮਾ, ਨਰਿੰਦਰ ਸਿੰਘ, ਪਰਦੀਪ ਕੁਮਾਰ, ਹਰਕਿਰਤ ਸਿੰਘ, ਸੰਦੀਪ ਕੁਮਾਰ, ਕਿਰਨ ਧੀਮਾਨ, ਰੂਮਾ ਰਾਣੀ, ਨੀਲਮ ਕੁਮਾਰੀ, ਸਲਮਾ, ਸ਼ਰੁਤੀ ਸੋਹਲ ਅਤੇ ਸ਼ਿਵਾਨੀ ਸ਼ਰਮਾ ਹਾਜ਼ਰ ਸਨ।