Saturday, September 12
Shadow

ਹਾਂਗਕਾਂਗ ’ਚ ਪਿੰਗਲਵਾੜਾ ਦੇ ਰਮੇਸ਼ ਦਾ ਕਮਾਲ, ਸਪੈਸ਼ਲ ਓਲੰਪਿਕਸ ’ਚ ਜਿੱਤੇ ਦੋ ਗੋਲਡ ਮੈਡਲ

ਅੰਮ੍ਰਿਤਸਰ: ਹਾਂਗਕਾਂਗ ਵਿਖੇ ਕਰਵਾਈ ਗਈ Special Olympics East Asia Competition 2026 ਵਿੱਚ ਪਿੰਗਲਵਾੜਾ ਵੱਲੋਂ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਮਾਨਾਂਵਾਲਾ (ਅੰਮ੍ਰਿਤਸਰ) ਦੇ ਖਿਡਾਰੀ ਰਮੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਮਗੇ ਜਿੱਤ ਕੇ ਸਕੂਲ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।ਰਮੇਸ਼ ਨੇ 4 ਸਤੰਬਰ ਤੋਂ 9 ਸਤੰਬਰ 2026 ਤੱਕ ਹਾਂਗ ਕਾਂਗ ਵਿੱਚ ਹੋਏ ਮੁਕਾਬਲਿਆਂ ਵਿੱਚ ਭਾਗ ਲਿਆ। ਉਸ ਨੇ ਡਬਲ ਮੁਕਾਬਲੇ ਅਤੇ ਮਿਕਸਡ ਟੀਮ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਦੋ ਗੋਲਡ ਮੈਡਲ ਜਿੱਤੇ। ਇਸ ਤੋਂ ਇਲਾਵਾ ਸਿੰਗਲ ਮੁਕਾਬਲੇ ਵਿੱਚ ਵੀ ਉਸ ਨੇ ਚੌਥਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋ ਗੋਲਡ ਮੈਡਲ ਜਿੱਤ ਕੇ ਅੰਮ੍ਰਿਤਸਰ ਪਰਤੇ ਰਮੇਸ਼ ਦਾ ਪਿੰਗਲਵਾੜਾ ਸੰਸਥਾ ਵਿਖੇ ਭਰਵਾਂ ਸਵਾਗਤ ਕੀਤਾ ਗਿਆ।

ਫੁੱਲਾਂ ਦੇ ਹਾਰਾਂ ਨਾਲ ਅਤੇ ਢੋਲ ਵਜਾ ਕੇ ਸਵਾਗਤ ਕੀਤਾ

ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮਾਜ ਸੇਵੀਆਂ ਵੱਲੋਂ ਰਮੇਸ਼ ਦੀ ਇਸ ਉਪਲਬਧੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਅਤੇ ਸੋਸਾਇਟੀ ਮੈਂਬਰਾਂ ਵੱਲੋਂ ਰਮੇਸ਼ ਦਾ ਸਵਾਗਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚਣ ‘ਤੇ ਫੁੱਲਾਂ ਦੇ ਹਾਰਾਂ ਨਾਲ ਅਤੇ ਢੋਲ ਵੱਜਾ ਕੇ ਕੀਤਾ ਗਿਆ।

ਰਮੇਸ਼ ਨੂੰ ਬਚਪਨ ਵਿੱਚ ਪਰਿਵਾਰ ਵੱਲੋਂ ਛੱਡ ਦਿੱਤਾ ਗਿਆ ਸੀ ਅਤੇ ਉਹ ਬੋਲਣ ਤੋਂ ਵੀ ਅਸਮਰੱਥ ਸੀ। ਪਿੰਗਲਵਾੜਾ ਸੰਸਥਾ ਨੇ ਉਸ ਨੂੰ ਆਪਣੇ ਨਾਲ ਜੋੜ ਕੇ ਉਸਦੀ ਦੇਖਭਾਲ ਕੀਤੀ ਅਤੇ ਪਾਲਣ-ਪੋਸ਼ਣ ਤੋਂ ਲੈ ਕੇ ਉਸ ਨੂੰ ਵਿਸ਼ੇਸ਼ ਸਿਖਲਾਈ ਦਿੱਤੀ। ਰਮੇਸ਼ ਨੇ ਮਿਹਨਤ ਅਤੇ ਸਿਖਲਾਈ ਦੇ ਦਮ ’ਤੇ ਬੌਲਿੰਗ ਵਿੱਚ ਆਪਣੀ ਪ੍ਰਤਿਭਾ ਨੂੰ ਨਿਖਾਰਿਆ ਅਤੇ ਅੱਜ ਅੰਤਰਰਾਸ਼ਟਰੀ ਪੱਧਰ ’ਤੇ ਦੋ ਗੋਲਡ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ।” -ਡਾ. ਇੰਦਰਜੀਤ ਕੌਰ, ਮੁਖੀ, ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ

ਇਸ ਮੌਕੇ SDM-2 ਅੰਮ੍ਰਿਤਸਰ ਗੁਰਮਿੰਦਰ ਸਿੰਘ ਨੇ ਵੀ ਰਮੇਸ਼ ਨਾਲ ਮੁਲਾਕਾਤ ਕਰਕੇ ਉਸ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ “ਇਹ ਮਾਣ ਵਾਲੀ ਗੱਲ ਹੈ ਕਿ ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਆਪਣੀ ਪ੍ਰਤਿਭਾ ਦੇ ਦਮ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਮ ਉੱਚਾ ਕਰ ਰਹੇ ਹਨ। ਪ੍ਰਸ਼ਾਸਨ ਹਮੇਸ਼ਾ ਪਿੰਗਲਵਾੜਾ ਸੰਸਥਾ ਅਤੇ ਇਨ੍ਹਾਂ ਬੱਚਿਆਂ ਦੇ ਨਾਲ ਖੜ੍ਹਾ ਹੈ।”

ਉੱਥੇ ਹੀ ਸਮਾਜ ਸੇਵੀ ਪਵਨ ਸ਼ਰਮਾ ਨੇ ਪਿੰਗਲਵਾੜਾ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਜਿਨ੍ਹਾਂ ਬੱਚਿਆਂ ਨੂੰ ਸਮਾਜ ਜਾਂ ਪਰਿਵਾਰ ਵੱਲੋਂ ਠੁਕਰਾ ਦਿੱਤਾ ਜਾਂਦਾ ਹੈ, ਪਿੰਗਲਵਾੜਾ ਉਨ੍ਹਾਂ ਨੂੰ ਅਪਣਾ ਕੇ ਨਾ ਸਿਰਫ਼ ਉਨ੍ਹਾਂ ਦੀ ਦੇਖਭਾਲ ਕਰਦਾ ਹੈ, ਸਗੋਂ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਕੇ ਅੱਗੇ ਵਧਣ ਦਾ ਮੌਕਾ ਵੀ ਦਿੰਦਾ ਹੈ। ਰਮੇਸ਼ ਦੀ ਇਹ ਕਾਮਯਾਬੀ ਇਸ ਗੱਲ ਦੀ ਮਿਸਾਲ ਹੈ ਕਿ ਸਹੀ ਮੌਕਾ, ਮਿਹਨਤ ਅਤੇ ਹੌਸਲਾ ਮਿਲੇ ਤਾਂ ਵਿਸ਼ੇਸ਼ ਬੱਚੇ ਵੀ ਅੰਤਰਰਾਸ਼ਟਰੀ ਪੱਧਰ ’ਤੇ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਹਨ।”

ਰਮੇਸ਼ ਸਾਲ 2019 ਵਿੱਚ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਵਿਚ ਦਾਖਲ ਹੋਇਆ

ਸਮਾਜ ਸੇਵੀ ਨੇ ਦੱਸਿਆ ਕਿ “ਰਮੇਸ਼ ਨੂੰ ਸਾਲ 2018 ਵਿੱਚ ਪਿੰਗਲਵਾੜਾ ਸੰਸਥਾ ਮਾਨਾਂਵਾਲਾ ਬ੍ਰਾਂਚ ਵਿਖੇ ਲਿਆਂਦਾ ਗਿਆ ਸੀ। ਉਸ ਸਮੇਂ ਉਹ ਸਰੀਰਕ ਤੌਰ ’ਤੇ ਕਮਜ਼ੋਰ ਸੀ ਅਤੇ ਤੁਰਨ-ਫਿਰਨ ਵਿਚ ਵੀ ਮੁਸ਼ਕਿਲ ਮਹਿਸੂਸ ਕਰਦਾ ਸੀ। ਪਿੰਗਲਵਾੜਾ ਸੰਸਥਾ ਵੱਲੋਂ ਉਸ ਦੀ ਲਗਾਤਾਰ ਦੇਖਭਾਲ, ਮੈਡੀਕਲ ਇਲਾਜ ਅਤੇ ਫਿਜ਼ਓਥੈਰੇਪੀ ਕੀਤੀ ਗਈ, ਜਿਸ ਨਾਲ ਉਸ ਦੀ ਸਰੀਰਕ ਸਮਰੱਥਾ ਵਿੱਚ ਮਹੱਤਵਪੂਰਨ ਸੁਧਾਰ ਆਇਆ। ਰਮੇਸ਼ ਸਾਲ 2019 ਵਿੱਚ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਵਿਚ ਦਾਖਲ ਹੋਇਆ। ਸਕੂਲ ਆਉਣ ਸਮੇਂ ਉਹ ਬਹੁਤ ਚੁੱਪ ਰਹਿੰਦਾ ਸੀ ਅਤੇ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ। ਸਕੂਲ ਦੀ ਸਿੱਖਿਆ, ਅਧਿਆਪਕਾਂ ਦੀ ਮਿਹਨਤ ਅਤੇ ਪਿਆਰ ਭਰੇ ਮਾਹੌਲ ਨਾਲ ਉਸ ਵਿੱਚ ਹੌਲੀ-ਹੌਲੀ ਵੱਡਾ ਬਦਲਾਅ ਆਇਆ। ਅੱਜ ਰਮੇਸ਼ ਨਾ ਸਿਰਫ਼ ਗੱਲਬਾਤ ਕਰਦਾ ਹੈ, ਸਗੋਂ ਸਕੂਲ ਦੇ ਵਿੱਦਿਅਕ, ਵੋਕੇਸ਼ਨਲ ਅਤੇ ਖੇਡਾਂ ਨਾਲ ਸਬੰਧਤ ਕੰਮਾਂ ਵਿੱਚ ਸਰਗਰਮੀ ਨਾਲ ਭਾਗ ਲੈਂਦਾ ਹੈ।”

ਰਮੇਸ਼ ਨੇ 26 ਜੁਲਾਈ 2020 ਨੂੰ ਸਪੈਸ਼ਲ ਓਲਪਿੰਕ ਵਰਚੂਯਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਪਹਿਲਾ ਸਥਾਨ ਅਤੇ ਗੋਲਡ ਮੈਡਲ ਹਾਸਲ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 1 ਤੋਂ 5 ਸਤੰਬਰ 2024 ਤੱਕ ਹੋਈ ਨੈਸ਼ਨਲ ਬੌਲਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਬ੍ਰੌਂਜ਼ ਮੈਡਲ ਹਾਸਲ ਕੀਤਾ ਸੀ। 20 ਤੋਂ 24 ਅਪ੍ਰੈਲ 2026 ਤੱਕ ਹੋਈ ਨੈਸ਼ਨਲ ਬੌਲਿੰਗ ਚੈਂਪੀਅਨਸ਼ਿਪ ਦਿੱਲੀ ਵਿੱਚ ਰਮੇਸ਼ ਨੇ ਸਿਲਵਰ ਅਤੇ ਗੋਲਡ ਮੈਡਲ ਜਿੱਤੇ। ਇਸ ਤੋਂ ਬਾਅਦ ਉਸ ਨੇ ਬੌਲਿੰਗ ਪ੍ਰੀਪੇਅਰਟਰੀ ਕੈਂਪ-1, ਕੈਂਪ-2 ਅਤੇ ਕੈਂਪ-3 ਵਿਚ ਭਾਗ ਲਿਆ ਅਤੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ’ਤੇ ਅੰਤਰਰਾਸ਼ਟਰੀ ਮੁਕਾਬਲੇ ਲਈ ਚੁਣਿਆ ਗਿਆ। ਆਖਿਰਕਾਰ ਸਪੈਸ਼ਲ ਓਲਪਿੰਕ ਪੂਰਬੀ ਏਸ਼ੀਆ ਬੌਲਿੰਗ ਮੁਕਾਬਲਾ 2026, ਹਾਂਗਕਾਂਗ ਵਿਚ ਉਸ ਨੇ ਦੋ ਗੋਲਡ ਮੈਡਲ ਜਿੱਤ ਕੇ ਪਿੰਗਲਵਾੜਾ ਸੰਸਥਾ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ।” -ਪਵਨਦੀਪ ਸ਼ਰਮਾ,ਸਮਾਜ ਸੇਵੀ

ਰਮੇਸ਼ ਬਾਰੇ….

ਰਮੇਸ਼ ਬਹੁਤ ਹੀ ਸ਼ਾਂਤ ਅਤੇ ਮਿਲਣਸਾਰ ਸੁਭਾਅ ਦਾ ਹੈ। ਉਹ ਸਕੂਲ ਦੇ ਹੋਰ ਵਿਦਆਰਥੀਆਂ ਦੀ ਮਦਦ ਕਰਦਾ ਹੈ, ਅਧਿਆਪਕਾਂ ਦੀ ਗੱਲ ਮੰਨਦਾ ਹੈ ਅਤੇ ਆਪਣੀ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਦਾ ਹੈ। ਉਸ ਨੂੰ ਰੰਗ ਭਰਨਾ ਅਤੇ ਹੋਰ ਬੱਚਿਆਂ ਦੀ ਸਹਾਇਤਾ ਕਰਨਾ ਵਿਸ਼ੇਸ਼ ਤੌਰ ’ਤੇ ਪਸੰਦ ਹੈ। ਰਮੇਸ਼ ਦੀ ਇਹ ਅੰਤਰਰਾਸ਼ਟਰੀ ਜਿੱਤ ਇਸ ਗੱਲ ਦਾ ਪ੍ਰੇਰਣਾਦਾਇਕ ਉਦਾਹਰਨ ਹੈ ਕਿ ਸਹੀ ਮੌਕਾ, ਲਗਾਤਾਰ ਮਿਹਨਤ, ਪਿਆਰ, ਸਿੱਖਿਆ ਅਤੇ ਹੌਸਲਾ ਮਿਲਣ ਨਾਲ ਵਿਸ਼ੇਸ਼ ਬੱਚੇ ਵੀ ਦੁਨੀਆ ਦੇ ਮੰਚ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੇ ਹਨ।