Saturday, May 9
Shadow

ਹੜ੍ਹ ਕੰਟਰੋਲ ਦੇ ਕੰਮਾਂ ਨੂੰ 15 ਜੂਨ ਤੱਕ ਪੂਰਾ ਕੀਤਾ ਜਾਵੇ – ਸ਼ਰੂਤੀ ਚੌਧਰੀ

ਚੰਡੀਗੜ੍ਹ, 9 ਮਈ – ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਨਾਲਿਆਂ ਦੀ ਸਫਾਈ, ਨਦੀਆਂ ਦੀ ਗਾਦ ਕੱਢਣ ਅਤੇ ਅਲਪਕਾਲੀ ਹੜ੍ਹ ਕੰਟਰੋਲ ਦੇ ਸਾਰੇ ਪੈਂਡਿੰਗ ਕੰਮਾਂ ਨੂੰ 15 ਜੂਨ ਤੱਕ ਹਰ ਹਾਲ ਵਿੱਚ ਪੂਰਾ ਕੀਤਾ ਜਾਵੇ, ਤਾਂ ਜੋ ਮਾਨਸੂਨ ਸੀਜ਼ਨ ਦੌਰਾਨ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼ਰੂਤੀ ਚੌਧਰੀ ਨੇ ਇਹ ਨਿਰਦੇਸ਼ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ 57ਵੀਂ ਐਚ.ਐਸ.ਡੀ.ਆਰ. ਅਤੇ ਐਫ.ਸੀ.ਬੀ. ਮੀਟਿੰਗ ਵਿੱਚ ਨਾਲਿਆਂ ਦੀ ਸਫਾਈ, ਨਦੀਆਂ ਦੀ ਗਾਦ ਕੱਢਣ ਅਤੇ ਅਲਪਕਾਲੀ ਹੜ੍ਹ ਕੰਟਰੋਲ ਕਾਰਜਾਂ ਦੀ ਸਮੀਖਿਆ ਦੌਰਾਨ ਦਿੱਤੇ।

ਮੰਤਰੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਇਨ੍ਹਾਂ ਕਾਰਜਾਂ ਦੀ ਅੰਤਿਮ ਸਮੀਖਿਆ ਖੁਦ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੀਤੀ ਜਾਵੇਗੀ, ਇਸ ਲਈ ਕਿਸੇ ਵੀ ਪੱਧਰ ‘ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ਵਿੱਚ ਪ੍ਰਦੇਸ਼ ਭਰ ਵਿੱਚ ਚੱਲ ਰਹੇ ਹੜ੍ਹ ਕੰਟਰੋਲ ਅਤੇ ਨਿਕਾਸੀ ਕਾਰਜਾਂ ਦੀ ਪ੍ਰਗਤੀ ਬਾਰੇ ਵਿਸਤ੍ਰਿਤ ਜਾਣਕਾਰੀ ਵੀ ਲਈ ਗਈ।

ਮੀਟਿੰਗ ਵਿੱਚ ਮੰਤਰੀ ਨੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਦਿਆਂ ਕਿਹਾ ਕਿ ਜੇਕਰ ਕੰਮਾਂ ਵਿੱਚ ਕਿਸੇ ਕਿਸਮ ਦੀ ਦੇਰੀ ਜਾਂ ਗੁਣਵੱਤਾ ਵਿੱਚ ਕਮੀ ਪਾਈ ਗਈ ਤਾਂ ਸਬੰਧਤ ਮੁੱਖ ਇੰਜੀਨੀਅਰ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਹੜ੍ਹ ਕੰਟਰੋਲ ਕਾਰਜਾਂ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਕਾਰਜਾਂ ਦੀ ਸ਼ੁਰੂਆਤ ਅਜੇ ਤੱਕ ਨਹੀਂ ਹੋ ਸਕੀ ਹੈ, ਉਨ੍ਹਾਂ ਨੂੰ ਯੁੱਧ ਪੱਧਰ ‘ਤੇ ਤੁਰੰਤ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਸਾਰੇ ਕੰਮ ਪੂਰੇ ਹੋ ਸਕਣ। ਇਸ ਦੇ ਨਾਲ ਹੀ ਸਾਰੇ ਸਬੰਧਤ ਅਧਿਕਾਰੀਆਂ ਨੂੰ ਨਿਕਾਸੀ ਲਈ ਲੋੜੀਂਦੇ ਪੰਪਾਂ ਅਤੇ ਪਾਈਪਾਂ ਦੀ ਖਰੀਦ ਪ੍ਰਕਿਰਿਆ ਸਮੇਂ ਸਿਰ ਪੂਰੀ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ।

ਮੀਟਿੰਗ ਦੌਰਾਨ 56ਵੀਂ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਤੇ ਕਾਰਜਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਮੰਤਰੀ ਨੇ ਬਾਕੀ ਬਚੇ ਸਾਰੇ ਕੰਮਾਂ ਨੂੰ ਬਿਨਾਂ ਦੇਰੀ ਪੂਰਾ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਹਰੇਕ ਅਧਿਕਾਰੀ ਆਪਣੇ ਖੇਤਰ ਵਿੱਚ ਨਿਯਮਤ ਨਿਗਰਾਨੀ ਯਕੀਨੀ ਬਣਾਏ।

ਮੰਤਰੀ ਸ਼ਰੂਤੀ ਚੌਧਰੀ ਨੇ ਠੇਕੇਦਾਰਾਂ ਪ੍ਰਤੀ ਵੀ ਸਖ਼ਤ ਰੁਖ ਅਪਣਾਉਂਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੋ ਠੇਕੇਦਾਰ ਅਲਾਟ ਕੀਤਾ ਗਿਆ ਕੰਮ ਸਮੇਂ ਸਿਰ ਪੂਰਾ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਬਲੈਕਲਿਸਟ ਕੀਤਾ ਜਾਵੇ, ਤਾਂ ਜੋ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਅਤੇ ਬਿਹਤਰ ਜਲ ਪ੍ਰਬੰਧਨ ਨੂੰ ਸਰਵਉੱਚ ਤਰਜੀਹ ਦੇ ਰਹੀ ਹੈ ਅਤੇ ਸਾਰੇ ਵਿਭਾਗੀ ਅਧਿਕਾਰੀ ਪੂਰੀ ਜ਼ਿੰਮੇਵਾਰੀ ਅਤੇ ਤਤਪਰਤਾ ਨਾਲ ਕੰਮ ਕਰਨ।

ਮੀਟਿੰਗ ਵਿੱਚ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।