
ਸੰਗਰੂਰ, 13 ਸਤੰਬਰ: ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਮਹਿਲਾ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੰਗਰੂਰ ਵਿਖੇ ਕਰਵਾਈ ਗਈ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ (ਰੋਡ)-2026’ ਐਤਵਾਰ ਨੂੰ ਰੋਡ ਰੇਸ ਮੁਕਾਬਲਿਆਂ ਅਤੇ ਜੇਤੂ ਖਿਡਾਰਨਾਂ ਦੇ ਸਨਮਾਨ ਨਾਲ ਸਫਲਤਾਪੂਰਵਕ ਸੰਪੰਨ ਹੋ ਗਈ। ਸਮਾਪਤੀ ਸਮਾਰੋਹ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਮਹਿਲਾ ਸਾਈਕਲਿਸਟਾਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਹਲਕਾ ਸੁਨਾਮ ਵਿੱਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ. ਆਈ.ਐੱਸ.) ਦੀ ਸਾਈਕਲਿੰਗ ਦੀ ਰਿਹਾਇਸ਼ੀ ਅਕੈਡਮੀ ਖੋਲ੍ਹੀ ਜਾਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਨੇ ਸਿੱਖਿਆ, ਖੇਡਾਂ ਅਤੇ ਹੋਰਨਾਂ ਖੇਤਰਾਂ ਵਿੱਚ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਾਈਕਲਿੰਗ ਵਰਗੀ ਸਖ਼ਤ ਅਤੇ ਚੁਣੌਤੀਪੂਰਨ ਖੇਡ ਵਿੱਚ ਲੜਕੀਆਂ ਦੀ ਵਧ ਰਹੀ ਭਾਗੀਦਾਰੀ ਪੰਜਾਬ ਲਈ ਬੇਹੱਦ ਮਾਣ ਅਤੇ ਉਤਸ਼ਾਹ ਵਾਲੀ ਗੱਲ ਹੈ। ਅਜਿਹੇ ਮੁਕਾਬਲੇ ਮਹਿਲਾ ਖਿਡਾਰਨਾਂ ਨੂੰ ਨਾ ਸਿਰਫ਼ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੰਦੇ ਹਨ, ਸਗੋਂ ਉਨ੍ਹਾਂ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਲੋੜੀਂਦਾ ਆਤਮ-ਵਿਸ਼ਵਾਸ ਅਤੇ ਮੁਕਾਬਲੇ ਦਾ ਤਜਰਬਾ ਵੀ ਪੈਦਾ ਕਰਦੇ ਹਨ।
ਸ੍ਰੀ ਅਰੋੜਾ ਨੇ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਦੇ ਨਾਲ-ਨਾਲ ਅਨੁਸ਼ਾਸਨ, ਸਬਰ, ਦ੍ਰਿੜ੍ਹ ਇਰਾਦੇ, ਮਿਹਨਤ ਅਤੇ ਟੀਚੇ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਉਨ੍ਹਾਂ ਦੀ ਪਸੰਦ ਦੀਆਂ ਖੇਡਾਂ ਵਿੱਚ ਅੱਗੇ ਵਧਣ ਲਈ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜਦੋਂ ਪਰਿਵਾਰ, ਕੋਚ, ਖੇਡ ਸੰਸਥਾਵਾਂ ਅਤੇ ਸਮਾਜ ਇਕੱਠੇ ਹੋ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹਨ ਤਾਂ ਉਨ੍ਹਾਂ ਲਈ ਵੱਡੀਆਂ ਮੰਜ਼ਿਲਾਂ ਹਾਸਲ ਕਰਨ ਦਾ ਰਾਹ ਹੋਰ ਸੁਖਾਲਾ ਹੋ ਜਾਂਦਾ ਹੈ।
ਕੈਬਨਿਟ ਮੰਤਰੀ ਨੇ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ’ ਨੂੰ ਮਹਿਲਾ ਖਿਡਾਰਨਾਂ ਲਈ ਬਹੁਤ ਹੀ ਮਹੱਤਵਪੂਰਨ ਮੰਚ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾਲ ਜ਼ਮੀਨੀ ਪੱਧਰ ਤੋਂ ਪ੍ਰਤਿਭਾ ਦੀ ਪਛਾਣ ਹੁੰਦੀ ਹੈ ਅਤੇ ਹੋਣਹਾਰ ਖਿਡਾਰਨਾਂ ਨੂੰ ਅੱਗੇ ਵਧਣ ਲਈ ਢੁੱਕਵਾਂ ਮੁਕਾਬਲੇਬਾਜ਼ੀ ਵਾਲਾ ਮਾਹੌਲ ਮਿਲਦਾ ਹੈ। ਉਨ੍ਹਾਂ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਅਤੇ ਸਮੁੱਚੀ ਪ੍ਰਬੰਧਕੀ ਟੀਮ ਨੂੰ ਲੀਗ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ।
ਇਸ ਮੌਕੇ ਅਰਜੁਨ ਐਵਾਰਡੀ, ਏਸ਼ੀਅਨ ਗੇਮਜ਼ ਦੇ ਸੋਨ ਤਗਮਾ ਜੇਤੂ ਅਤੇ ਓਲੰਪੀਅਨ ਸਵਰਨ ਸਿੰਘ ਵਿਰਕ ਨੇ ਖਿਡਾਰਨਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰਤਿਭਾ ਦੇ ਨਾਲ-ਨਾਲ ਨਿਰੰਤਰ ਮਿਹਨਤ, ਅਨੁਸ਼ਾਸਨ, ਸਬਰ ਅਤੇ ਮਜ਼ਬੂਤ ਇਰਾਦਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਖਿਡਾਰੀ ਵਜੋਂ ਉਨ੍ਹਾਂ ਦੇ ਆਪਣੇ ਤਜਰਬੇ ਨੇ ਇਹ ਸਿਖਾਇਆ ਹੈ ਕਿ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸਫਲਤਾ ਹਾਸਲ ਕਰਨ ਦਾ ਕੋਈ ਛੋਟਾ ਰਸਤਾ ਨਹੀਂ ਹੁੰਦਾ ਅਤੇ ਲਗਾਤਾਰ ਅਭਿਆਸ ਤੇ ਟੀਚੇ ਪ੍ਰਤੀ ਸਮਰਪਣ ਹੀ ਖਿਡਾਰੀ ਨੂੰ ਮੰਜ਼ਿਲ ਤੱਕ ਪਹੁੰਚਾਉਂਦੇ ਹਨ।
ਸ. ਵਿਰਕ ਨੇ ਕਿਹਾ ਕਿ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ’ ਵਰਗੇ ਮੁਕਾਬਲੇ ਨੌਜਵਾਨ ਮਹਿਲਾ ਖਿਡਾਰਨਾਂ ਲਈ ਬਹੁਤ ਮਹੱਤਵਪੂਰਨ ਹਨ, ਕਿਉਂਕਿ ਇਨ੍ਹਾਂ ਰਾਹੀਂ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਮੁਕਾਬਲੇ ਦਾ ਤਜਰਬਾ, ਆਤਮ-ਵਿਸ਼ਵਾਸ ਅਤੇ ਆਪਣੀ ਸਮਰੱਥਾ ਨੂੰ ਪਰਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਖਿਡਾਰਨਾਂ ਨੂੰ ਜਿੱਤ-ਹਾਰ ਤੋਂ ਉੱਪਰ ਉੱਠ ਕੇ ਹਰ ਮੁਕਾਬਲੇ ਨੂੰ ਸਿੱਖਣ ਦੇ ਮੌਕੇ ਵਜੋਂ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਅਨੇਕਾਂ ਕੌਮਾਂਤਰੀ ਪੱਧਰ ਦੇ ਖਿਡਾਰੀ ਦਿੱਤੇ ਹਨ ਅਤੇ ਸਹੀ ਸਿਖਲਾਈ, ਬਿਹਤਰ ਖੇਡ ਢਾਂਚਾ ਅਤੇ ਨਿਰੰਤਰ ਮੁਕਾਬਲੇ ਮਿਲਣ ਨਾਲ ਪੰਜਾਬ ਦੀਆਂ ਧੀਆਂ ਵੀ ਓਲੰਪਿਕ, ਏਸ਼ੀਅਨ ਖੇਡਾਂ ਅਤੇ ਹੋਰ ਵੱਡੇ ਕੌਮਾਂਤਰੀ ਮੰਚਾਂ ’ਤੇ ਦੇਸ਼ ਲਈ ਤਗਮੇ ਜਿੱਤਣ ਦੀ ਸਮਰੱਥਾ ਰੱਖਦੀਆਂ ਹਨ।
ਉਨ੍ਹਾਂ ਕਿਹਾ ਕਿ ਹਲਕਾ ਸੁਨਾਮ ਵਿਖੇ ਸਾਈਕਲਿੰਗ ਦੀ ਪੀ.ਆਈ.ਐੱਸ. ਰਿਹਾਇਸ਼ੀ ਅਕੈਡਮੀ ਖੋਲ੍ਹਣ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੀਆਂ ਅਕੈਡਮੀਆਂ ਜ਼ਮੀਨੀ ਪੱਧਰ ਤੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਿਗਿਆਨਕ ਸਿਖਲਾਈ, ਮਾਹਿਰ ਕੋਚਿੰਗ ਅਤੇ ਮੁਕਾਬਲੇ ਲਈ ਢੁੱਕਵਾਂ ਮਾਹੌਲ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨਾਲ ਖਿਡਾਰਨਾਂ ਅਤੇ ਪ੍ਰਬੰਧਕਾਂ ਦਾ ਹੌਸਲਾ ਵਧਿਆ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਟੀਚਾ ਪੰਜਾਬ ਵਿੱਚ ਸਾਈਕਲਿੰਗ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨਾ ਅਤੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਮੌਜੂਦ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਪਹੁੰਚਣ ਲਈ ਢੁੱਕਵਾਂ ਮੰਚ ਮੁਹੱਈਆ ਕਰਵਾਉਣਾ ਹੈ।
ਸ. ਕਾਹਲੋਂ ਨੇ ਕਿਹਾ ਕਿ ਪੰਜਾਬ ਵਿੱਚ ਮਹਿਲਾ ਸਾਈਕਲਿੰਗ ਦੀਆਂ ਸੰਭਾਵਨਾਵਾਂ ਬੇਹੱਦ ਉੱਜਵਲ ਹਨ ਅਤੇ ਇਸ ਲੀਗ ਵਿੱਚ ਖਿਡਾਰਨਾਂ ਵੱਲੋਂ ਦਿਖਾਇਆ ਗਿਆ ਜੋਸ਼, ਜਜ਼ਬਾ ਅਤੇ ਮੁਕਾਬਲੇਬਾਜ਼ੀ ਇਸ ਗੱਲ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਣਹਾਰ ਖਿਡਾਰਨਾਂ ਨੂੰ ਛੋਟੀ ਉਮਰ ਤੋਂ ਨਿਯਮਤ ਮੁਕਾਬਲੇ, ਵਿਗਿਆਨਕ ਸਿਖਲਾਈ, ਮਾਹਿਰ ਕੋਚਿੰਗ ਅਤੇ ਉੱਚ ਪੱਧਰੀ ਖੇਡ ਮਾਹੌਲ ਮਿਲੇ ਤਾਂ ਪੰਜਾਬ ਦੀਆਂ ਧੀਆਂ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਹੋਰ ਵੱਡੇ ਕੌਮਾਂਤਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਸਮਰੱਥਾ ਰੱਖਦੀਆਂ ਹਨ।
ਇਸ ਮੌਕੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਮਨਦੀਪ ਸੁਨਾਮ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ’ ਨੇ ਮਹਿਲਾ ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਅਤੇ ਸਮਰੱਥਾ ਸਾਬਤ ਕਰਨ ਲਈ ਵੱਡਾ ਮੰਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਤਣ ਵਾਲੀਆਂ ਖਿਡਾਰਨਾਂ ਦੇ ਨਾਲ-ਨਾਲ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਹਰੇਕ ਖਿਡਾਰਨ ਵਧਾਈ ਦੀ ਹੱਕਦਾਰ ਹੈ, ਕਿਉਂਕਿ ਖੇਡ ਦੇ ਮੈਦਾਨ ਵਿੱਚ ਉਤਰ ਕੇ ਆਪਣੀ ਪੂਰੀ ਸਮਰੱਥਾ ਨਾਲ ਮੁਕਾਬਲਾ ਕਰਨਾ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ।
ਆਰਗੇਨਾਈਜ਼ਿੰਗ ਕਮੇਟੀ ਦੇ ਚੇਅਰਮੈਨ ਅਤੇ ਅਧਿਆਪਕ ਜਗਦੀਸ਼ ਸਿੰਘ ਅਤੇ ਸਕੱਤਰ ਜਸਵੀਰ ਸਿੰਘ ਨੇ ਕਿਹਾ ਕਿ ਦੋ ਦਿਨ ਚੱਲੀ ਇਸ ਲੀਗ ਦੌਰਾਨ ਮਹਿਲਾ ਸਾਈਕਲਿਸਟਾਂ ਨੇ ਅਨੁਸ਼ਾਸਨ ਅਤੇ ਖੇਡ ਭਾਵਨਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਲੜਕੀਆਂ ਨੂੰ ਖੇਡਾਂ ਵਿੱਚ ਅੱਗੇ ਲਿਆਉਣ ਲਈ ਪਰਿਵਾਰਾਂ, ਵਿਦਿਅਕ ਸੰਸਥਾਵਾਂ ਅਤੇ ਸਮਾਜ ਨੂੰ ਸਾਂਝੇ ਤੌਰ ’ਤੇ ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ।
ਪ੍ਰਬੰਧਕਾਂ ਨੇ ਕਿਹਾ ਕਿ ਦੋ ਦਿਨਾਂ ਦੌਰਾਨ ਕਰਵਾਏ ਗਏ ਇੰਡੀਵਿਜੁਅਲ ਟਾਈਮ ਟਰਾਇਲ ਅਤੇ ਰੋਡ ਰੇਸ ਮੁਕਾਬਲਿਆਂ ਨੇ ਖਿਡਾਰਨਾਂ ਨੂੰ ਆਪਣੀ ਸਰੀਰਕ ਸਮਰੱਥਾ, ਤਕਨੀਕੀ ਹੁਨਰ ਅਤੇ ਮੁਕਾਬਲੇ ਦੀ ਤਿਆਰੀ ਨੂੰ ਪਰਖਣ ਦਾ ਬਿਹਤਰੀਨ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਲੀਗ ਦਾ ਵੱਡਾ ਉਦੇਸ਼ ਪੰਜਾਬ ਦੀਆਂ ਵੱਧ ਤੋਂ ਵੱਧ ਲੜਕੀਆਂ ਨੂੰ ਸਾਈਕਲਿੰਗ ਨਾਲ ਜੋੜ ਕੇ ਭਵਿੱਖ ਲਈ ਉੱਚ ਪੱਧਰੀ ਖਿਡਾਰਨਾਂ ਦੀ ਮਜ਼ਬੂਤ ਨਰਸਰੀ ਤਿਆਰ ਕਰਨਾ ਹੈ।
13 ਸਤੰਬਰ ਨੂੰ ਹੋਏ ਵੂਮੈਨ ਐਲੀਟ ਵਰਗ ਦੇ 16 ਕਿਲੋਮੀਟਰ ਰੋਡ ਰੇਸ ਮੁਕਾਬਲੇ ਵਿੱਚ ਲੁਧਿਆਣਾ ਦੀ ਪ੍ਰੀਤੀ ਨੇ 39 ਮਿੰਟ 10.997 ਸਕਿੰਟ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ। ਲੁਧਿਆਣਾ ਦੀ ਹੀ ਤਨਵੀਰ ਕੌਰ ਨੇ 39 ਮਿੰਟ 11.208 ਸਕਿੰਟ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ, ਜਦਕਿ ਸੰਗਰੂਰ ਦੀ ਸਵਰੀਨ ਕੌਰ ਨੇ 40 ਮਿੰਟ 05.416 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ।
ਇਸੇ ਤਰ੍ਹਾਂ ਵੂਮੈਨ ਜੂਨੀਅਰ ਵਰਗ ਦੀ 16 ਕਿਲੋਮੀਟਰ ਰੋਡ ਰੇਸ ਵਿੱਚ ਲੁਧਿਆਣਾ ਦੀ ਅੰਸ਼ਿਕਾ ਨੇ 38 ਮਿੰਟ 45.177 ਸਕਿੰਟ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ। ਲੁਧਿਆਣਾ ਦੀ ਮਹਿਕਪ੍ਰੀਤ ਕੌਰ ਨੇ 42 ਮਿੰਟ 42.079 ਸਕਿੰਟ ਨਾਲ ਚਾਂਦੀ ਅਤੇ ਲੁਧਿਆਣਾ ਦੀ ਸਿਮਰਨਪ੍ਰੀਤ ਕੌਰ ਨੇ 43 ਮਿੰਟ 12.739 ਸਕਿੰਟ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੀਨੀਅਰ ਅਹੁਦੇਦਾਰ ਬਖਸ਼ੀਸ਼ ਸਿੰਘ, ਅਤੇ ਐੱਸ.ਪੀ. ਸਿੰਘ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਮਾਨਸਾ ਦੇ ਪ੍ਰਧਾਨ ਨੈਬ ਸਿੰਘ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਲਵਦੀਪ ਸਿੰਘ ਚੀਮਾ, ਸਰਪੰਚ ਕੁਲਵਿੰਦਰ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇਜ ਪ੍ਰਤਾਪ ਸਿੰਘ, ਕੁਲਦੀਪ ਸਿੰਘ ਬਿਜਲਪੁਰ, ਨਰਿੰਦਰ ਪਾਲ ਸਿੰਘ ਗਿੱਲ, ਕਮਲਪ੍ਰੀਤ ਸਿੰਘ ਕਪਿਆਲ, ਰਜੇਸ਼ ਕੁਮਾਰ ਬਾਰਨ ਅਤੇ ਗੁਰਵਿੰਦਰ ਸਿੰਘ ਗੱਗੂ ਸਮੇਤ ਵੱਡੀ ਗਿਣਤੀ ਵਿੱਚ ਖਿਡਾਰਨਾਂ, ਖੇਡ ਪ੍ਰੇਮੀਆਂ, ਪ੍ਰਬੰਧਕਾਂ ਅਤੇ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ।