
ਚੰਡੀਗੜ੍ਹ: ਬਾਲੀਵੁੱਡ ਦੇ ਨਾਲ ਬੰਗਾਲੀ ਅਤੇ ਤੇਲਗੂ ਸਿਨੇਮਾ ਦਾ ਬਹੁ-ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਅਨੁਸਮ੍ਰਿਤੀ ਸਰਕਾਰ ਹੁਣ ਪੰਜਾਬੀ ਫ਼ਿਲਮ ਉਦਯੋਗ ਵਿੱਚ ਵੀ ਸ਼ਾਨਦਾਰ ਮੌਜ਼ੂਦਗੀ ਦਰਜ਼ ਕਰਵਾਉਣ ਲਈ ਤਿਆਰ ਹੈ। ਅਦਾਕਾਰਾ ਵੱਲੋਂ ਇਸ ਦਿਸ਼ਾ ਵਿੱਚ ਵਧਾਏ ਜਾ ਚੁੱਕੇ ਕਦਮਾਂ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਆਉਣ ਵਾਲੀ ਵੈੱਬ ਸੀਰੀਜ਼ ‘ਕਸਬਾ ਸਿੰਘਾਈ ਖੇੜੀ’ ਹੈ, ਜੋ 16 ਅਪ੍ਰੈਲ ਨੂੰ ਓਟੀਟੀ ‘ਤੇ ਸਟ੍ਰੀਮ ਹੋਣ ਜਾ ਰਹੀ ਹੈ।
‘ਕੇਬਲਵਨ’ ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਸੀਰੀਜ਼ ‘ਬਲੈਕ ਹੋਲ ਸਟੂਡਿਓਜ਼’ ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਹੈ। ਇਸਦਾ ਨਿਰਮਾਣ ਧਰਮਵੀਰ ਧਾਂਦੀ ਅਤੇ ਗੁਲੂ ਬਰਾੜ ਵੱਲੋਂ ਕੀਤਾ ਗਿਆ ਹੈ। ਸਨਸਨੀਖੇਜ ਕਹਾਣੀ-ਸਾਰ ਅਧਾਰਿਤ ਬਣਾਈ ਗਈ ਇਸ ਫ਼ਿਲਮ ਦਾ ਖਾਸ ਆਕਰਸ਼ਨ ਮਸ਼ਹੂਰ ਟੀ.ਵੀ ਅਦਾਕਾਰ ਵਿਸ਼ਾਲ ਅਦਿਤਿਆ ਸਿੰਘ ਹੋਣਗੇ, ਜਿਨ੍ਹਾਂ ਦੇ ਅੋਪੋਜਿਟ ਅਦਾਕਾਰਾ ਅਨੁਸਮ੍ਰਿਤੀ ਸਰਕਾਰ ਲੀਡ ਰੋਲ ਨੂੰ ਅੰਜ਼ਾਮ ਦਿੰਦੀ ਨਜ਼ਰ ਆਵੇਗੀ। ਅਦਾਕਾਰਾ ਇਸ ਥ੍ਰਿਲਰ ਫਿਲਮ ਵਿੱਚ ਨਿੰਮੀ ਨਾਮ ਦੀ ਪੰਜਾਬੀ ਲੜਕੀ ਦਾ ਰੋਲ ਪਲੇ ਕਰਨ ਜਾ ਰਹੀ ਹੈ।
ਮੂਲ ਰੂਪ ਵਿੱਚ ਕੋਲਕਾਤਾ ਦੇ ਪੱਛਮੀ ਬੰਗਾਲ ਨਾਲ ਸਬੰਧ ਰੱਖਦੀ ਇਹ ਅਦਾਕਾਰਾ ਆਪਣੀਆਂ ਫਿਲਮਾਂ ‘ਵੈਂਕਈ ਫਰਾਈ’ (2011), ‘ਵਨ ਡੇ: ਜਸਟਿਸ ਡਿਲੀਵਰਡ’ (2019) ਅਤੇ ‘ਬਿਕਰਮ ਸਿੰਘਾ: ਦ ਲਾਇਨ ਇਜ਼ ਬੈਕ’ (2012) ਨੂੰ ਲੈ ਕੇ ਵੀ ਸਮੇਂ ਦਰ ਸਮੇਂ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਰਹੀ ਹੈ। ਬਾਲੀਵੁੱਡ ਦੇ ਨਾਲ-ਨਾਲ ਅੱਜਕੱਲ੍ਹ ਪੰਜਾਬੀ ਸਿਨੇਮਾਂ ਦੇ ਵਿਹੜੇ ਵੀ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਚੁੱਕੀ ਅਦਾਕਾਰਾ ਦੀ ਇਸ ਸੀਰੀਜ਼ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ, ਤਾਂ ਨਿਰਮਾਣ ਪੜ੍ਹਾਅ ਤੋਂ ਹੀ ਖਿੱਚ ਦਾ ਕੇਂਦਰ ਬਣੀ ਇਸ ਸੀਰੀਜ਼ ਦੀ ਕਾਸਟ ਵਿੱਚ ਭਿੰਦਾ ਔਂਜਲਾ, ਮਾਹੀਰ ਪਾਂਧੀ, ਈਰਾ ਮੋਰ, ਮੋਨਿਕਾ ਰਾਠੌਰ, ਸਪਨਾ ਅਰੋੜਾ, ਕੁਕੂ ਦੀਵਾਨ, ਰਾਮ ਔਜਲਾ ਆਦਿ ਸ਼ਾਮਲ ਹਨ।