
ਦਿੜ੍ਹਬਾ, 27 ਅਕਤੂਬਰ:- ਦਵਾਈਆਂ ਦੀ ਦੁਰਵਰਤੋਂ ਰੋਕਣ ਅਤੇ ਉਨ੍ਹਾਂ ਦੀ ਵਿਕਰੀ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਡੀਐੱਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਦੀ ਅਗਵਾਈ ਹੇਠ ਦਿੜ੍ਹਬਾ ਅਤੇ ਆਸ-ਪਾਸ ਦੇ ਪਿੰਡਾਂ ਦੇ ਕੈਮਿਸਟਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਰੱਗ ਇੰਸਪੈਕਟਰ ਸੰਤੋਸ਼ ਜਿੰਦਲ ਅਤੇ ਐੱਸਐੱਚਓ ਦਿੜ੍ਹਬਾ ਦਵਿੰਦਰ ਸਿੰਘ ਵੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਦਵਾਈ ਵਿਕਰੇਤਾ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਦਵਾਈਆਂ ਦੀ ਵਿਕਰੀ ਸਬੰਧੀ ਲਾਗੂ ਕਾਨੂੰਨਾਂ ਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਦਵਾਈਆਂ ਦੀ ਦੁਰਵਰਤੋਂ ਰੋਕਣ ਵਿੱਚ ਕੈਮਿਸਟਾਂ ਦੀ ਅਹਿਮ ਭੂਮਿਕਾ ਹੈ, ਇਸ ਲਈ ਦਵਾਈਆਂ ਵੇਚਣ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ।
ਡੀਐੱਸਪੀ ਬਾਜਵਾ ਨੇ ਹਦਾਇਤ ਕੀਤੀ ਕਿ ਜਿਨ੍ਹਾਂ ਦਵਾਈਆਂ ਦੀ ਵਿਕਰੀ ਲਈ ਡਾਕਟਰੀ ਪਰਚੀ ਲਾਜ਼ਮੀ ਹੈ, ਉਹ ਯੋਗ ਡਾਕਟਰ ਦੀ ਪਰਚੀ ਤੋਂ ਬਿਨਾਂ ਨਾ ਵੇਚੀਆਂ ਜਾਣ। ਖ਼ਾਸ ਤੌਰ ’ਤੇ ਅਜਿਹੀਆਂ ਦਵਾਈਆਂ ਦੀ ਵਿਕਰੀ ਸਮੇਂ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ, ਜਿਨ੍ਹਾਂ ਦੀ ਨਸ਼ੇ ਵਜੋਂ ਦੁਰਵਰਤੋਂ ਹੋਣ ਦਾ ਖ਼ਦਸ਼ਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਨਿਯਮਾਂ ਦੇ ਉਲਟ ਅਜਿਹੀਆਂ ਦਵਾਈਆਂ ਮੁਹੱਈਆ ਨਾ ਕਰਵਾਈਆਂ ਜਾਣ।
ਉਨ੍ਹਾਂ ਕੈਮਿਸਟਾਂ ਨੂੰ ਦਵਾਈਆਂ ਦੀ ਖ਼ਰੀਦ-ਵਿਕਰੀ ਦਾ ਲੋੜੀਂਦਾ ਰਿਕਾਰਡ ਨਿਯਮਾਂ ਅਨੁਸਾਰ ਦਰਜ ਕਰਨ ਅਤੇ ਸਬੰਧਤ ਬਿੱਲ ਸੰਭਾਲ ਕੇ ਰੱਖਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਹਦਾਇਤਾਂ ਅਤੇ ਲਾਗੂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਬੰਧਤ ਵਿਕਰੇਤਾ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਡਰੱਗ ਇੰਸਪੈਕਟਰ ਸੰਤੋਸ਼ ਜਿੰਦਲ ਨੇ ਦਵਾਈ ਵਿਕਰੇਤਾਵਾਂ ਨੂੰ ਦਵਾਈਆਂ ਦੀ ਵਿਕਰੀ ਅਤੇ ਰਿਕਾਰਡ ਦੀ ਸੰਭਾਲ ਸਬੰਧੀ ਹਦਾਇਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਦੁਕਾਨਾਂ ’ਤੇ ਮੌਜੂਦ ਦਵਾਈਆਂ ਦੀ ਖ਼ਰੀਦ ਦੇ ਬਿੱਲ ਉਪਲਬਧ ਹੋਣੇ ਚਾਹੀਦੇ ਹਨ। ਜਿਨ੍ਹਾਂ ਦਵਾਈਆਂ ਦੀ ਵਿਕਰੀ ਦਾ ਰਿਕਾਰਡ ਰੱਖਣਾ ਨਿਯਮਾਂ ਤਹਿਤ ਲਾਜ਼ਮੀ ਹੈ, ਉਨ੍ਹਾਂ ਦੇ ਵੇਰਵੇ ਸਬੰਧਤ ਰਜਿਸਟਰ ਵਿੱਚ ਦਰਜ ਕੀਤੇ ਜਾਣ। ਉਨ੍ਹਾਂ ਡਾਕਟਰੀ ਪਰਚੀ ਦੇ ਆਧਾਰ ’ਤੇ ਵੇਚੀਆਂ ਜਾਣ ਵਾਲੀਆਂ ਦਵਾਈਆਂ ਦੀ ਵਿਕਰੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤਣ ਲਈ ਕਿਹਾ।
ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਤੀਸ਼ ਕੁਮਾਰ ਨੇ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਸਰਕਾਰ ਅਤੇ ਸਬੰਧਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰ ਪਹਿਲਾਂ ਵੀ ਨਿਯਮਾਂ ਦੀ ਪਾਲਣਾ ਕਰਦੇ ਆ ਰਹੇ ਹਨ ਅਤੇ ਭਵਿੱਖ ਵਿੱਚ ਵੀ ਜਾਰੀ ਹਦਾਇਤਾਂ ਅਨੁਸਾਰ ਕੰਮ ਕਰਦੇ ਰਹਿਣਗੇ।
ਡਾ. ਸਤੀਸ਼ ਕੁਮਾਰ ਨੇ ਸਪੱਸ਼ਟ ਕੀਤਾ ਕਿ ਜੇਕਰ ਐਸੋਸੀਏਸ਼ਨ ਦਾ ਕੋਈ ਮੈਂਬਰ ਨਿਯਮਾਂ ਦੇ ਉਲਟ ਦਵਾਈਆਂ ਵੇਚਦਾ ਪਾਇਆ ਜਾਂਦਾ ਹੈ ਤਾਂ ਐਸੋਸੀਏਸ਼ਨ ਉਸ ਦੀ ਹਮਾਇਤ ਨਹੀਂ ਕਰੇਗੀ, ਸਗੋਂ ਪ੍ਰਸ਼ਾਸਨ ਨੂੰ ਸਹਿਯੋਗ ਦੇਵੇਗੀ। ਉਨ੍ਹਾਂ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਪੁਲਿਸ ਅਤੇ ਸਬੰਧਤ ਵਿਭਾਗ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਵੀ ਦਿੱਤਾ।